ਨਵਾਂ ਸ਼ਹਿਰ ਜ਼ਿਲ੍ਹੇ ’ਚ ਅੱਜ ਸ਼ੁੱਕਰਵਾਰ ਸਵੇਰੇ 18 ਨਵੇਂ ਕੋਰੋਨਾ–ਮਰੀਜ਼ ਪਾਏ ਗਏ ਹਨ। ਇਸ ਦੀ ਪੁਸ਼ਟੀ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਆਰ.ਪੀ. ਭਾਟੀਆ ਨੇ ਕੀਤੀ ਹੈ। ਇੰਝ ਪੰਜਾਬ ਵਿੱਚ ਹੁਣ ਤੱਕ ਦਰਜ ਹੋਣ ਵਾਲੇ ਪਾਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 1691 ਹੋ ਗਈ ਹੈ। ਹੁਣ ਤੱਕ ਪੰਜਾਬ ਵਿੱਚ ਕੋਰੋਨਾ ਕਾਰਨ 28 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਡਾ. ਭਾਟੀਆ ਨੇ ਦੱਸਿਆ ਕਿ ਇਨ੍ਹਾਂ ’ਚੋਂ 10 ਜਣੇ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ ਸਥਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਹਨ। ਇੰਝ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਕੋਰੋਨਾ ਦੇ ਹੁਣ ਤੱਕ ਮਰੀਜ਼ਾਂ ਦੀ ਕੁੱਲ ਗਿਣਤੀ 85 ਹੋ ਗਈ ਹੈ।
ਇਸ ਤੋਂ ਪਹਿਲਾਂ ਕੱਲ੍ਹ ਪੰਜਾਬ ’ਚ 39 ਹੋਰ ਮਾਮਲੇ ਸਾਹਮਣੇ ਆਏ ਸਨ; ਜਿਨ੍ਹਾਂ ਵਿੱਚੋਂ ਨਾਂਦੇੜ ਸਾਹਿਬ ਤੋਂ ਪਰਤੇ 20 ਜਣੇ ਵੀ ਪਾਜ਼ਿਟਿਵ ਪਾਏ ਗਏ ਸਨ।
ਕੱਲ੍ਹ ਹੁਸ਼ਿਆਰਪੁਰ ਦੇ ਇੱਕ ਮਰੀਜ਼ ਦੀ ਅੰਮ੍ਰਿਤਸਰ ਦੇ ਹਸਪਤਾਲ ’ਚ ਮੌਤ ਹੋ ਗਈ ਸੀ; ਜੋ ਪੰਜਾਬ ਦੀ 28ਵੀਂ ਕੋਰੋਨਾ–ਮੌਤ ਸੀ।
ਤਰਨ ਤਾਰਨ ਜ਼ਿਲ੍ਹੇ ਵਿੱਚ ਹੁਣ ਤੱਕ 157 ਕੋਰੋਨਾ–ਮਰੀਜ਼ ਮਿਲ ਚੁੱਕੇ ਹਨ, ਜਿਨ੍ਹਾਂ ਵਿੱਚੋਂ 156 ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।
ਕੱਲ੍ਹ ਵੀਰਵਾਰ ਨੂੰ ਹੀ 11 ਨਵੇਂ ਮਾਮਲੇ ਜਲੰਧਰ ’ਚ ਸਾਹਮਣੇ ਆਏ ਸਨ, ਜਿਸ ਨਾਲ ਇਸ ਜ਼ਿਲ੍ਹੇ ’ਚ ਕੁੱਲ ਕੋਰੋਨਾ–ਮਰੀਜ਼ਾਂ ਦੀ ਗਿਣਤੀ 146 ਹੋ ਗਈ ਸੀ।
ਜਲੰਧਰ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੱਲ੍ਹ ਜਿਹੜੇ 11 ਨਵੇਂ ਮਾਮਲੇ ਸਾਹਮਣੇ ਆਏ ਹਨ, ਉਹ ਸਾਰੇ ਉਸ 30 ਸਾਲਾ ਮਰੀਜ਼ ਦੇ ਸੰਪਰਕ ਵਿੱਚ ਰਹੇ ਸਨ, ਜਿਸ ਦੀ ਬੀਤੇ ਮੰਗਲਵਾਰ ਨੂੰ ਚੰਡੀਗੜ੍ਹ ਦੇ ਪੀਜੀਆ ਵਿੱਚ ਕੋਰੋਨਾ ਕਾਰਨ ਮੌਤ ਹੋ ਗਈ ਸੀ।
ਇਨ੍ਹਾਂ ਨਵੇਂ ਮਰੀਜ਼ਾਂ ਦੀ ਉਮਰ 18 ਤੋਂ 65 ਸਾਲ ਹੈ ਤੇ ਇਨ੍ਹਾਂ ਵਿੱਚੋਂ ਚਾਰ ਜਣੇ ਕਾਜ਼ੀ ਮੁਹੱਲਾ ਦੇ ਵਸਨੀਕ ਹਨ, ਜਦ ਕਿ ਚਾਰ ਮਰੀਜ਼ ਕਿਲਾ ਮੁਹੱਲਾ ਤੋਂ ਹਨ।
ਕੱਲ੍ਹ ਹੀ ਅੰਮ੍ਰਿਤਸਰ ’ਚ ਅੱਠ ਨਵੇਂ ਮਾਮਲੇ ਸਾਹਮਣੇ ਆਏ ਸਨ ਤੇ ਇੰਝ ਇਸ ਜ਼ਿਲ੍ਹੇ ਦੇ ਮਰੀਜ਼ਾਂ ਦੀ ਕੁੱਲ ਗਿਣਤੀ 274 ਹੋ ਗਈ ਹੈ।