ਨਵੰਬਰ 1984 ਦੌਰਾਨ ਹੋਏ ਸਿੱਖ ਕਤਲੇਆਮ ਦੇ ਕਈ ਕੇਸ ਇਸ ਵੇਲੇ ਅਦਾਲਤਾਂ ਵਿੱਚ ਚੱਲ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਮਾਮਲੇ ਤਾਂ ਉਮਰ–ਕੈਦ ਦੀ ਸਜ਼ਾ ਭੁਗਤ ਰਹੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨਾਲ ਸਬੰਧਤ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਅੱਜ ਮੁੱਖ ਗਵਾਹ ਬੀਬੀ ਚਾਮ ਕੌਰ ਹੁਰਾਂ ਨੇ ਅਦਾਲਤ ਵਿੱਚ ਪੇਸ਼ ਹੋਣਾ ਸੀ ਪਰ ਉਹ ਕਿਸੇ ਕਾਰਨ ਕਰਕੇ ਅੱਜ ਅਦਾਲਤ ਨਹੀਂ ਪੁੱਜ ਸਕੇ।
ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਲਈ ਹੁਣ ਮੰਗਲਵਾਰ 12 ਫ਼ਰਵਰੀ ਦਾ ਦਿਨ ਤੈਅ ਕੀਤਾ ਹੈ।
ਬੀਤੇ ਨਵੰਬਰ ਮਹੀਨੇ ਬੀਬੀ ਚਾਮ ਕੌਰ ਨੇ ਹੀ ਅਦਾਲਤ ਵਿੱਚ ਸੱਜਣ ਕੁਮਾਰ ਦੀ ਸ਼ਨਾਖ਼ਤ ਕਰਦਿਆਂ ਕਿਹਾ ਸੀ ਕਿ ਭੀੜ ਤਦ ਨਵੰਬਰ 1984 ਵਿੱਚ ਇਹ ਆਖ ਰਹੀ ਸੀ ਕਿ – ‘ਸਿੱਖਾਂ ਨੇ ਸਾਡੀ ਮਾਂ (ਇੰਦਰਾ ਗਾਂਧੀ) ਨੂੰ ਮਾਰਿਆ ਹੈ, ਇਸ ਲਈ ਇਨ੍ਹਾਂ ਨੂੰ ਨਹੀਂ ਛੱਡਣਾ।’ ਬੀਬੀ ਚਾਮ ਕੌਰ ਨੇ ਤਦ ਅਦਾਲਤ ਨੂੰ ਇਹ ਵੀ ਦੱਸਿਆ ਸੀ ਕਿ 31 ਅਕਤੂਬਰ, 1984 ਨੂੰ ਉਦੋਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਅਗਲੇ ਦਿਨ ਭਾਵ 1 ਨਵੰਬਰ, 1984 ਨੂੰ ਇੱਕ ਵੱਡੀ ਭੀੜ ਨੇ ‘ਮੇਰੇ ਪੁੱਤਰ ਤੇ ਪਿਤਾ ਨੂੰ ਘਰ ਦੀ ਛੱਤ ਤੋਂ ਹੇਠਾਂ ਸੁੱਟ ਦਿੱਤਾ ਸੀ।’ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਸ ਭੀੜ ਵਿੱਚ ਸੱਜਣ ਕੁਮਾਰ ਵੀ ਤਦ ਮੌਜੂਦ ਸੀ।