ਜਲੰਧਰ ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਜੋ ਆਪਣੇ ਮੂਲ ਰਾਜਾਂ ਨੂੰ ਪਰਤਣਾ ਚਾਹੁੰਦੇ ਹਨ। ਤਸਵੀਰ: ਪ੍ਰਦੀਪ ਪੰਡਿਤ, ਹਿੰਦੁਸਤਾਨ ਟਾਈਮਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਹੋਰ ਵੱਧ ਗਿਣਤੀ ’ਚ ‘ਸ਼੍ਰਮਿਕ ਸਪੈਸ਼ਲ’ ਰੇਲ–ਗੱਡੀਆਂ ਪੰਜਾਬ ਤੋਂ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ ਤੇ ਹੋਰ ਸਬੰਧਤ ਸੂਬਿਆਂ ਲਈ ਚਲਾਈਆਂ ਜਾਣ ਕਿਉਂਕਿ ਹਾਲੇ ਹੋਰ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਆਪੋ–ਆਪਣੇ ਜੱਦੀ ਸੂਬਿਆਂ ’ਚ ਸਥਿਤ ਘਰਾਂ ਨੂੰ ਪਰਤਣਾ ਚਾਹ ਰਹੇ ਹਨ।
ਖ਼ਬਰ ਏਜੰਸੀ ‘ਏਐੱਨਆਈ’ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਗਭਗ 20–21 ਵਿਸ਼ੇਸ਼ ਰੇਲ–ਗੱਡੀਆਂ ਪੰਜਾਬ ਤੋਂ ਰੋਜ਼ਾਨਾ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਉਨ੍ਹਾਂ ਦੇ ਘਰਾਂ ਨੂੰ ਲਿਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਔਸਤਨ 15 ਰੇਲਾਂ ਉੱਤਰ ਪ੍ਰਦੇਸ਼ ਲਈ ਚੱਲਦੀਆਂ ਹਨ ਤੇ ਛੇ ਬਿਹਾਰ ਲਈ।
ਕੈਪਟਨ ਨੇ ਇਹ ਵੀ ਕਿਹਾ ਕਿ ਪੰਜਾਬ ਇਸ ਵੇਲੇ ਹੋਰ ਲੋਕਾਂ ਨੂੰ ਬਾਹਰ ਤੋਂ ਆਉਣ ਵਾਲਿਆਂ ਦਾ ਸੁਆਗਤ ਕਰਨ ਲਈ ਤਿਆਰ ਨਹੀਂ ਹੈ ਕਿਉਕਿ ਬਾਹਰ ਤੋਂ ਅਜਿਹੇ ਹਰੇਕ ਵਿਅਕਤੀ ਨੂੰ ਲਾਜ਼ਮੀ ਤੌਰ ’ਤੇ ਕੁਆਰੰਟੀਨ ’ਚ ਰਹਿਣਾ ਪੈਂਦਾ ਹੈ ਅਤੇ ਕੋਰੋਨਾ ਟੈਸਟ ਵੀ ਕਰਵਾਉਣਾ ਪੈਂਦਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਕੁਆਰੰਟੀਨ ਵਾਲੀਆਂ ਸੁਵਿਧਾਵਾਂ ਪੂਰੀ ਤਰ੍ਹਾਂ ਨੱਕੋ–ਨੱਕ ਭਰ ਚੁੱਕੀਆਂ ਹਨ ਤੇ ਬਾਹਰ ਤੋਂ ਆਏ ਕਿਸੇ ਵਿਅਕਤੀ ਨੂੰ ਕੁਆਰੰਟੀਨ ਵਿੱਚ ਰੱਖਣ ਲਈ ਹੁਣ ਕੋਈ ਥਾਂ ਨਹੀਂ ਬਚਿਆ।
ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ 2 ਲੱਖ ਪ੍ਰਵਾਸੀ ਮਜ਼ਦੂਰ ਹੁਣ ਤੱਕ ਪੰਜਾਬ ਤੋਂ ਬਾਹਰ ਜਾ ਚੁੱਕੇ ਹਨ ਤੇ ਹਾਲੇ 9 ਲੱਖ ਹੋਰ ਪਰਤਣ ਲਈ ਤਿਆਰ ਬੈਠੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਲਈ ਇੱਕ ਖਾਸ ਪੋਰਟਲ ਚਲਾਇਆ ਹੈ, ਜਿੱਥੇ ਉਹ ਆਪਣੇ ਘਰਾਂ ਨੂੰ ਪਰਤਣ ਲਈ ਰਜਿਸਟ੍ਰੇਸ਼ਨ ਕਰਵਾਉਂਦੇ ਹਨ।
ਇਸ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਪ੍ਰਵਾਸੀ ਮਜ਼ਦੂਰ ਹੀ ‘ਸ਼੍ਰਮਿਕ ਸਪੈਸ਼ਲ’ ਰੇਲ–ਗੱਡੀਆਂ ਦਾ ਲਾਭ ਲੈ ਸਕਦੇ ਹਨ। ਹੁਣ ਤੱਕ 11 ਲੱਖ ਪ੍ਰਵਾਸੀ ਮਜ਼ਦੂਰ ਇਸ ਪੋਰਟਲ ’ਤੇ ਆਪਣੀ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।
ਰੇਲਵੇ ਅਤੇ ਵਣਜ ਤੇ ਉਦਯੋਗ ਮੰਤਰੀ ਨੇ ਬੀਤੇ ਦਿਨੀਂ ਦੇਸ਼ ਦੇ ਜ਼ਿਲ੍ਹਾ ਕਲੈਕਟਰਾਂ ਨੂੰ ਫਸੇ ਮਜ਼ਦੂਰਾਂ ਅਤੇ ਮੰਜ਼ਿਲਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਸੂਚੀ ਤਿਆਰ ਕਰਨ ਅਤੇ ਇਸ ਨੂੰ ਰਾਜ ਦੇ ਨੋਡਲ ਅਧਿਕਾਰੀ ਰਾਹੀਂ ਰੇਲਵੇ ਨੂੰ ਅਪਲਾਈ ਕਰਨ ਲਈ ਕਿਹਾ ਹੈ।
ਭਾਰਤੀ ਰੇਲਵੇ ਨੂੰ ਇੱਕ ਦਿਨ ਵਿੱਚ ਲਗਭਗ 300 ਸ਼੍ਰਮਿਕ ਸਪੈਸ਼ਲ ਚਲਾਉਣ ਦੀ ਸਮਰੱਥਾ ਮਿਲੀ ਹੈ, ਹਾਲਾਂਕਿ ਮੌਜੂਦਾ ਸਮੇਂ ਵਿੱਚ ਅੱਧੇ ਤੋਂ ਘੱਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਰੇਲਵੇ ਮਾਰਗਾਂ ਦਾ ਪੂਰਨ ਸਮਰੱਥਾ ਸੰਚਾਲਨ ਦੇਸ਼ ਭਰ ਦੇ ਉਨ੍ਹਾਂ ਪ੍ਰਵਾਸੀਆਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰੇਗਾ ਜਿਹੜੇ ਆਪਣੇ ਗ੍ਰਹਿ ਰਾਜਾਂ ਵਿੱਚ ਜਾਣਾ ਚਾਹੁੰਦੇ ਹਨ। ਭਾਰਤੀ ਰੇਲਵੇ ਜ਼ਿਲ੍ਹਿਆਂ ਦੀਆਂ ਵਾਸਤਵਿਕ ਜ਼ਰੂਰਤਾਂ ਦੇ ਅਨੁਸਾਰ ਸ਼੍ਰਮਿਕ ਸਪੈਸ਼ਲ ਟ੍ਰੇਨਾਂ ਚਲਾਉਣ ਲਈ ਤਿਆਰ ਹੈ।
15 ਲੱਖ ਤੋਂ ਜ਼ਿਆਦਾ ਪ੍ਰਵਾਸੀਆਂ ਨੂੰ ਪਹਿਲਾਂ ਹੀ ਰੇਲਵੇ ਦੁਆਰਾ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਪਹੁੰਚਾਇਆ ਜਾ ਚੁਕਿਆ ਹੈ ਅਤੇ ਲਗਭਗ 1150 ਸ਼੍ਰਮਿਕ ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਚੁੱਕਿਆ ਹੈ। ਭਾਰਤੀ ਰੇਲਵੇ ਰੋਜ਼ਾਨਾ ਲਗਭਗ ਦੁੱਗਣੇ ਪ੍ਰਵਾਸੀਆਂ ਦਾ ਅਸਾਨੀ ਨਾਲ ਆਵਗਮਨ ਕਰ ਸਕਦਾ ਹੈ।
ਇੱਕ ਵਾਰ ਜਦੋਂ ਆਪਣੇ ਗ੍ਰਹਿ ਰਾਜਾਂ ਵਿੱਚ ਵਾਪਸ ਜਾਣ ਦੇ ਇਛੁੱਕ ਪ੍ਰਵਾਸੀਆਂ ਬਾਰੇ ਜਾਣਕਾਰੀ ਹਰੇਕ ਜ਼ਿਲ੍ਹੇ ਤੋਂ ਉਪਲੱਬਧ ਕਰਵਾਈ ਜਾਂਦੀ ਹੈ, ਤਾਂ ਭਾਰਤੀ ਰੇਲਵੇ ਟ੍ਰੇਨਾਂ ਦੇ ਸੰਚਾਲਨ ਵਿੱਚ ਮਦਦ ਕਰਨ ਲਈ ਅਗਲੀ ਕਾਰਵਾਈ ਕਰਦਾ ਹੈ।
ਗ੍ਰਹਿ ਮੰਤਰਾਲੇ ਦੇ ਆਦੇਸ਼ ਤੋਂ ਬਾਅਦ ਰੇਲਵੇ ਨੇ 01 ਮਈ 2020 ਤੋਂ 'ਮਜ਼ਦੂਰ ਦਿਵਸ' ਦੇ ਮੌਕੇ 'ਤੇ ਵੱਖ-ਵੱਖ ਥਾਵਾਂ ʼਤੇ ਲੌਕਡਾਊਨ ਕਾਰਨ ਫਸੇ ਪ੍ਰਵਾਸੀ ਮਜ਼ਦੂਰਾਂ, ਤੀਰਥਯਾਰਤੀਆਂ, ਸੈਲਾਨੀਆਂ, ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਨੂੰ ਲਿਜਾਣ ਲਈ 'ਸ਼੍ਰਮਿਕ ਸਪੈਸ਼ਲ' ਟ੍ਰੇਨਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
1 ਮਈ 2020 ਨੂੰ ਸਿਰਫ਼ 4 ਟ੍ਰੇਨਾਂ ਤੋਂ ਸ਼ੁਰੂ ਕਰਦਿਆਂ, ਭਾਰਤੀ ਰੇਲਵੇ ਨੇ ਘੱਟੋ-ਘੱਟ 15 ਮਈ ਤੱਕ 1000 ਤੋਂ ਵੱਧ ਅਜਿਹੀਆਂ ਸ਼੍ਰਮ ਸ਼ਕਤੀ ਟ੍ਰੇਨਾਂ ਦੇ ਸੰਚਾਲਨ ਦਾ ਪ੍ਰਬੰਧ ਕੀਤਾ। 14 ਮਈ 2020 ਨੂੰ ਇੱਕ ਸ਼ਾਨਦਾਰ ਪ੍ਰਾਪਤੀ ਵਿੱਚ, ਵੱਖ-ਵੱਖ ਰਾਜਾਂ ਤੋਂ ਕੁੱਲ 145 “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚ 2.10 ਲੱਖ ਤੋਂ ਵੱਧ ਯਾਤਰੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਵਿੱਚ ਵਾਪਸ ਲਿਜਾਇਆ ਗਿਆ।
ਇਹ ਪਹਿਲੀ ਵਾਰ ਹੈ ਕਿ ਇੱਕ ਹੀ ਦਿਨ, ਸ਼੍ਰਮਿਕ ਟ੍ਰੇਨਾਂ ਵਿੱਚ ਯਾਤਰੀਆਂ ਦੀ ਗਿਣਤੀ 2 ਲੱਖ ਦੇ ਅੰਕ ਨੂੰ ਪਾਰ ਕਰ ਗਈ।
ਗੌਰਤਲਬ ਹੈ ਕਿ ਸ਼੍ਰਮਿਕ ਟ੍ਰੇਨਾਂ ਨੇ 1 ਮਈ, 2020 ਨੂੰ ਲਗਭਗ 5000 ਯਾਤਰੀਆਂ ਨਾਲ ਇਸ ਕਾਰਜ ਦੀ ਸ਼ੁਰੂਆਤ ਕੀਤੀ ਸੀ।
ਹੁਣ ਤੱਕ 12 ਲੱਖ ਤੋਂ ਜ਼ਿਆਦਾ ਯਾਤਰੀ ਇਨ੍ਹਾਂ “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਜ਼ਰੀਏ ਆਪਣੇ ਗ੍ਰਹਿ ਰਾਜਾਂ ਵਿੱਚ ਪਹੁੰਚ ਚੁੱਕੇ ਹਨ।
ਇਹ ਟ੍ਰੇਨਾਂ ਆਂਧਰ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਝਾਰਖੰਡ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਓੜੀਸ਼ਾ, ਰਾਜਸਥਾਨ, ਤਮਿਲ ਨਾਡੂ, ਤੇਲੰਗਾਨਾ, ਤ੍ਰਿਪੁਰਾ, ਉੱਤਰ ਪ੍ਰਦੇਸ਼,ਉੱਤਰਾਖੰਡ, ਪੱਛਮੀ ਬੰਗਾਲ ਆਦਿ ਕਈ ਰਾਜਾਂ ਵਿੱਚ ਪਹੁੰਚੀਆਂ।
ਇਹ ਵਰਣਨ ਯੋਗ ਹੈ ਕਿ ਸਾਰੇ ਫਸੇ ਹੋਏ ਪ੍ਰਵਾਸੀਆਂ ਨੂੰ ਘਰ ਵਾਪਸ ਲਿਜਾਣ ਦੇ ਆਪਣੇ ਮਿਸ਼ਨ ਵਿੱਚ,ਰੇਲਵੇ ਨੇ ਰੋਜ਼ਾਨਾ 4 ਲੱਖ ਤੋਂ ਵੱਧ ਫਸੇ ਹੋਏ ਵਿਅਕਤੀਆਂ ਨੂੰ ਟ੍ਰਾਂਸਟੋਰਟ ਕਰਨ ਲਈ 300 ਦੇ ਕਰੀਬ “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਚਲਾਉਣ ਲਈ ਰਾਜ ਸਰਕਾਰਾਂ ਦੇ ਨਾਲ ਤਾਲਮੇਲ ਵਧਾ ਲਿਆ ਹੈ।
ਇਹ “ਸ਼੍ਰਮਿਕ ਸਪੈਸ਼ਲ” ਟ੍ਰੇਨਾਂ ਰੇਲਵੇ ਦੁਆਰਾ ਦੋਹਾਂ ਰਾਜਾਂ - ਯਾਤਰੀਆਂ ਨੂੰ ਭੇਜਣ ਵਾਲਿਆਂ ਅਤੇ ਉਨ੍ਹਾਂ ਨੂੰ ਵਾਪਸ ਲੈਣ ਵਾਲਿਆਂ ਦੀ ਸਹਿਮਤੀ ਤੋਂ ਬਾਅਦ ਹੀ ਚਲਾਈਆਂ ਜਾ ਰਹੀਆਂ ਹਨ। ਟ੍ਰੇਨ ਵਿੱਚ ਚੜ੍ਹਨ ਤੋਂ ਪਹਿਲਾਂ ਯਾਤਰੀਆਂ ਦੀ ਉਚਿਤ ਜਾਂਚ ਨੂੰ ਸੁਨਿਸ਼ਚਿਤ ਕੀਤਾ ਗਿਆ ਹੈ। ਯਾਤਰਾ ਦੇ ਦੌਰਾਨ, ਯਾਤਰੀਆਂ ਨੂੰ ਮੁਫ਼ਤ ਭੋਜਨ ਅਤੇ ਪਾਣੀ ਦਿੱਤਾ ਜਾਂਦਾ ਹੈ।