ਅਗਲੀ ਕਹਾਣੀ

ਮਾਝੇ ਦੇ ਤਿੰਨ ਅਕਾਲੀ 'ਹੀਰੇ' ਨਹੀਂ ਪੁੱਜਣਗੇ ਪਟਿਆਲਾ ਰੈਲੀ `ਚ

ਮਾਝੇ ਦੇ ਤਿੰਨ ਅਕਾਲੀ ਹੀਰੇ ਨਹੀਂ ਪੁੱਜਣਗੇ ਪਟਿਆਲਾ ਰੈਲੀ `ਚ

ਸ਼੍ਰੋਮਣੀ਼ ਅਕਾਲੀ ਦਲ ਦੇ ਤਿੰਨ ਸੀਨੀਅਰ ਤੇ ਟਕਸਾਲੀ ਆਗੂ (ਜਿਨ੍ਹਾਂ ਨੂੰ ਜੇ ਤਿੰਨ ਅਕਾਲੀ ਹੀਰੇ ਆਖ ਲਿਆ ਜਾਵੇ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ) - ਖਡੂਰ ਸਾਹਿਬ ਤੋਂ ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਐੱਮਪੀ ਰਤਨ ਸਿੰਘ ਅਜਨਾਲਾ ਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਆਉਂਦੀ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋ ਰਹੀ ਆਪਣੀ ਪਾਰਟੀ ਦੀ ‘ਜਬਰ-ਵਿਰੋਧੀ ਰੈਲੀ` `ਚ ਭਾਗ ਨਹੀਂ ਲੈਣਗੇ। ਅਕਾਲੀ ਦਲ ਵੱਲੋਂ ਇਹ ਰੈਲੀ ਕਾਂਗਰਸ ਦੀ ਕਥਿਤ ਮਾੜੀ ਹਕੂਮਤ ਖਿ਼ਲਾਫ਼ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।


ਸ੍ਰੀ ਸੇਖਵਾਂ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਕਿਹਾ,‘ਪਾਰਟੀ ਹਾਈਕਮਾਂਡ ਨਾਲ ਮੁੱਖ ਮੁੱਦੇ ਹਾਲੇ ਵੀ ਵਿਚਾਰੇ ਨਹੀਂ ਗਏ ਹਨ। ਇਸੇ ਲਈ ਮੈਂ, ਬ੍ਰਹਮਪੁਰਾ ਤੇ ਅਜਨਾਲਾ ਨੇ ਰੈਲੀ `ਚ ਭਾਗ ਨਾ ਲੈਣ ਦਾ ਫ਼ੈਸਲਾ ਕੀਤਾ ਹੈ।`


ਇੱਥੇ ਵਰਨਣਯੋਗ ਹੈ ਕਿ ਐਤਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬੇਨਤੀ `ਤੇ ਸ੍ਰੀ ਬ੍ਰਹਮਪੁਰਾ ਨੇ ਐਲਾਨ ਕੀਤਾ ਸੀ ਕਿ ਉਹ ਪਟਿਆਲਾ ਦੀ ਰੈਲੀ `ਚ ਸ਼ਾਮਲ ਹੋਣਗੇ ਪਰ ਅੱਜ ਉਹ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਲਈ ਉਪਲਬਧ ਨਹੀਂ ਹੋ ਸਕੇ।


ਇੱਥੇ ਵਰਨਣਯੋਗ ਹੈ ਕਿ ਜਿਸ ਤਰ੍ਹਾਂ ਇੱਕ-ਤਰਫ਼ਾ ਤਰੀਕੇ ਨਾਲ ਕੁਝ ਫ਼ੈਸਲੇ ਲਏ ਗਏ, ਉਸ ਤੋਂ ਟਕਸਾਲੀ ਆਗੂ ਦੁਖੀ ਹਨ। ਉਨ੍ਹਾਂ ਹੀ ਫ਼ੈਸਲਿਆਂ ਕਾਰਨ ਪਾਰਟੀ ਨੂੰ ਬਾਅਦ `ਚ ਲੋਕ-ਰੋਹ ਦਾ ਸਾਹਮਣਾ ਕਰਨਾ ਪਿਆ ਤੇ ਪੈ ਰਿਹਾ ਹੈ।


ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਜਿਹੜੀ ਪਾਰਟੀ ਨੇ 10 ਸਾਲ ਪੰਜਾਬ `ਤੇ ਰਾਜ ਕੀਤਾ ਹੋਵੇ, ਉਹ ਵਿਧਾਨ ਸਭਾ ਚੋਣਾਂ `ਚ ਤੀਜੇ ਸਥਾਨ `ਤੇ ਰਹਿ ਜਾਵੇ ਤੇ ਪਹਿਲੀ ਵਾਰ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਉਸ ਤੋਂ ਵੱਧ ਸੀਟਾਂ ਲੈ ਜਾਵੇ, ਤਾਂ ਚਿੰਤਾ ਹੋਣੀ ਸੁਭਾਵਕ ਹੈ।


ਫਿਰ ਜਦੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ, ਉਸ ਤੋਂ ਬਾਅਦ ਵੀ ਪਾਰਟੀ ਅੰਦਰ ਰੋਹ ਉਪਜਣਾ ਸ਼ੁਰੂ ਹੋਇਆ ਤੇ ਮਾਝੇ ਦੇ ਇਹ ਤਿੰਨੇ ਆਗੂ ਉਸ ਤੋਂ ਬਾਅਦ ਹੀ ਖੁੱਲ੍ਹ ਕੇ ਸਾਹਮਣੇ ਆਇਆ ਤੇ ਲੋਕਾਂ ਨੂੰ ਸਪੱਸ਼ਟ ਹੋਣ ਲੱਗਾ ਕਿ ਹੁਣ ‘ਅਕਾਲੀ ਦਲ `ਚ ਸਭ ਕੁਝ ਅੱਛਾ ਨਹੀਂ ਹੈ।`


ਸ੍ਰੀ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਹ ਤਿੰਨੇ ਜਣੇ ਸ੍ਰੀ ਸੁਖਦੇਵ ਸਿੰਘ ਢੀਂਡਸਾ ਨੂੰ ਰੈਲੀ ਤੋਂ ਪਹਿਲਾਂ ਮਿਲ ਕੇ ਅਗਲੇਰੇ ਕਦਮ ਬਾਰੇ ਕੋਈ ਫ਼ੈਸਲਾ ਲੈਣਗੇ। ਆਪਣੇ ਅਸਤੀਫ਼ੇ ਤੋਂ ਬਾਅਦ ਸ੍ਰੀ ਢੀਂਡਸਾ ਇਸ ਵੇਲੇ ਬਾਦਲਾਂ ਨੂੰ ਛੱਡ ਕੇ ਸਾਰੇ ਹੀ ਸੀਨੀਅਰ ਪਾਰਟੀ ਆਗੂਆਂ ਦੇ ਸੰਪਰਕ `ਚ ਹਨ।


ਸ੍ਰੀ ਸੇਖਵਾਂ ਨੇ ਕਿਹਾ,‘ਅਸੀਂ ਖ਼ੁਦ ਉਸ ਪਾਰਟੀ ਨੂੰ ਛੱਡਣਾ ਨਹੀਂ ਚਾਹੁੰਦੇ, ਜਿਸ ਨੂੰ ਅਸੀਂ ਸਭ ਨੇ ਮਿਲ ਕੇ ਖੜ੍ਹੀ ਕੀਤਾ ਹੈ ਪਰ ਕੁਝ ਲੋਕ ਇਸ ਨੂੰ ਤਬਾਹ ਕਰਨ `ਤੇ ਤੁਲੇ ਹੋਏ ਹਨ। ਅਸੀਂ ਉਨ੍ਹਾਂ ਨੂੰ ਬਾਹਰ ਕੱਢਣਾ ਚਾਹੁੰਦੇ ਹਾਂ।`


ਇਸ ਦੌਰਾਨ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਇੱਕਜੁਟ ਹੈ ਤੇ ਕਿਤੇ ਕੋਈ ਸਮੱਸਿਆ ਨਹੀਂ ਹੈ। ਜਿਹੜੀਆਂ ਥੋੜ੍ਹੀਆਂ-ਬਹੁਤ ਅੰਦਰੂਨੀ ਸਮੱਸਿਆਵਾਂ ਹਨ, ਉਹ ਮਿਲ ਬੈਠ ਕੇ ਹੱਲ ਕਰ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਸਾਰੇ ਆਗੂਆਂ ਦੇ ਸੰਪਰਕ ਵਿੱਚ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Akali diamonds of Majha wont attend Patiala Rally