ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲੇ ਦਾ ਅੱਜ ਆਖਰੀ ਦਿਨ ਹੈ। ਜਿਸ ਦੇ ਲਈ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ।
ਸ਼ਹੀਦੀ ਜੋੜ ਮੇਲੇ ਦੇ ਆਖਰੀ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਮੌਕੇ ਪੁੱਜੀਆਂ ਗੁਰਸਿੱਖ ਸੰਗਤਾਂ ਨੇ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਉਂਦਿਆਂ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ। ਇਹ ਵਿਸ਼ਾਲ ਨਗਰ ਕੀਰਤਨ ਗੁਰਦਵਾਰਾ ਜੋਤੀ ਸਰੂਪ ਵਿਖੇ ਸਮਾਪਤ ਹੋਵੇਗਾ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿੱਚ ਬੀਤੀ 26 ਦਸੰਬਰ ਤੋਂ ਸ੍ਰੀ ਆਖੰਡ ਪਾਠ ਆਰੰਭ ਕੀਤੇ ਗਏ ਸਨ, ਜਿਨ੍ਹਾਂ ਦੇ ਭੋਗ ਅੱਜ ਪਾਏ ਜਾਣਗੇ।

ਫ਼ਤਿਹਗੜ੍ਹ ਸਾਹਿਬ ਦੀ ਇਤਿਹਾਸਕ ਧਰਤੀ 'ਤੇ ਹੀ ਵਜੀਰ ਖਾਨ ਦੇ ਜ਼ੁਲਮ ਅੱਗੇ ਨਾ ਝੁਕਦੇ ਹੋਏ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸ ਸਥਾਨ 'ਤੇ ਹੀ ਬਾਬਾ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਜੀ ਨੂੰ ਵਜੀਰ ਖਾਨ ਵੱਲੋਂ ਜ਼ਿੰਦਾ ਦੀਵਾਰ 'ਚ ਚਿਣਵਾ ਦਿੱਤਾ ਗਿਆ ਸੀ। ਉਸ ਥਾਂ 'ਤੇ ਹੀ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਸੁਸ਼ੋਭਿਤ ਹੈ ਅਤੇ ਜਿੱਥੇ ਨੀਹਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਵਾਇਆ ਗਿਆ ਉਸ ਥਾਂ 'ਤੇ ਭੋਰਾ ਸਾਹਿਬ ਹੈ। ਅੱਜ ਵੀ ਉਹ ਦੀਵਾਰ ਮੌਜੂਦ ਹੈ।

ਇਸ ਸ਼ਹੀਦੀ ਜੋੜ ਮੇਲ 'ਚ ਪਹਿਲੇ ਅਤੇ ਦੂਜੇ ਦਿਨ ਵੀ ਵੱਡੀ ਗਿਣਤੀ 'ਚ ਸੰਗਤ ਨਤਮਸਤਕ ਹੋਣ ਪੁੱਜੀ ਸੀ। ਦੇਸ਼-ਵਿਦੇਸ਼ ਦੇ ਕੋਨੇ-ਕੋਨੇ ਤੋਂ ਪੁੱਜੀ ਵੱਡੀ ਗਿਣਤੀ ਸੰਗਤ ਨੇ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇੱਥੇ ਸੰਗਤਾਂ ਲਈ ਵੱਖ-ਵੱਖ ਸ਼ਹਿਰਾਂ ਦੀ ਸੰਗਤਾਂ ਵਲੋਂ 400 ਤੋਂ ਵੱਧ ਲੰਗਰ ਵੀ ਲਾਏ ਗਏ ਹਨ।