ਅਗਲੀ ਕਹਾਣੀ

ਨਵਾਂਸ਼ਹਿਰ `ਚ 2,100 ਡਾਲਰ ਚੋਰੀ ਕਰਨ ਵਾਲੇ 3 ਈਰਾਨੀ ਬਰਨਾਲਾ ਤੋਂ ਕਾਬੂ

ਨਵਾਂਸ਼ਹਿਰ `ਚ 2,100 ਡਾਲਰ ਚੋਰੀ ਕਰਨ ਵਾਲੇ 3 ਈਰਾਨੀ ਬਰਨਾਲਾ ਤੋਂ ਕਾਬੂ

ਲਾਗਲੇ ਕਸਬੇ ਔੜ `ਚ ਇੱਕ ਮਨੀ-ਚੇਂਜਰ ਦੇ 2,100 ਅਮਰੀਕੀ ਡਾਲਰ (ਲਗਭਗ ਡੇਢ ਲੱਖ ਰੁਪਏ) ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਈਰਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।


ਡੀਐੱਸਪੀ ਮੁਖਤਿਆਰ ਰਾਏ ਅਨੁਸਾਰ ਇਹ ਚੋਰੀ ਬੀਤੀ 9 ਅਕਤੂਬਰ ਨੂੰ ਔੜ ਬੱਸ ਅੱਡੇ ਲਾਗੇ ਸਥਿਤ ਵੈਸਟਰਨ ਯੂਨੀਅਨ ਦੀ ਬ੍ਰਾਂਚ `ਚੋਂ ਹੋਈ ਸੀ। ਇਹ ਸ਼ਾਖ਼ਾ ਪੰਕਜ ਕੁਮਾਰ ਵੱਲੋਂ ਚਲਾਈ ਜਾ ਰਹੀ ਹੈ। ਇਸ ਸਬੰਧੀ ਭਾਰਤੀ ਦੰਡ ਸੰਘਤਾ ਦੀ ਧਾਰਾ 380 ਤੇ 34 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।


ਪੁਲਿਸ ਨੇ ਦੁਕਾਨ ਦੀ ਸੀਸੀਟੀਵੀ ਫ਼ੁਟੇਜ ਤੋਂ ਮਦਦ ਲਈ। ਬਾਅਦ `ਚ ਸੋਸ਼ਲ ਮੀਡੀਆ ਤੇ ਅਖ਼ਬਾਰੀ ਇਸ਼ਤਿਹਾਰਾਂ ਰਾਹੀਂ ਮੁਲਜ਼ਮਾਂ ਦੀਆਂ ਤਸਵੀਰਾਂ ਪ੍ਰਕਾਸਿ਼ਤ ਤੇ ਪ੍ਰਸਾਰਿਤ ਕੀਤੀਆਂ ਗਈਆਂ ਸਨ।


ਦੋ ਕੁ ਹਫ਼ਤਿਆਂ ਬਾਅਦ ਪੁਲਿਸ ਨੂੰ ਸੂਹ ਮਿਲੀ ਕਿ ਮੁਲਜ਼ਮਾਂ ਦੀ ਸ਼ਕਲ ਦੇ ਵਿਅਕਤੀ ਬਰਨਾਲਾ ਸ਼ਹਿਰ `ਚ ਵੇਖੇ ਗਏ ਹਨ। ਤਦ ਪੁਲਿਸ ਟੀਮ ਤੁਰੰਤ ਮੁਲਜ਼ਮਾਂ ਨੂੰ ਫੜਨ ਲਈ ਭੇਜੀ ਗਈ।


ਪਾਸਪੋਰਟਾਂ ਰਾਹੀਂ ਮੁਲਜ਼ਮਾਂ ਦੀ ਸ਼ਨਾਖ਼ਤ ਮੁਹੰਮਦ ਰਜ਼ਾ ਉਰਫ਼ ਹੈਦਰੀ ਮੌਗਾਧਾਮ ਵਾਸੀ ਕੂਚੇ ਜ਼ਗਰੋਸ (ਈਰਾਨ); ਫ਼ੇਰੇਦੂਨ ਉਰਫ਼ ਹੈਦਰੀ ਮੋਗਾਧਾਮ ਵਾਸੀ ਬਲਾਕ 3, ਨੰਬਰ 9, ਪਰਾਂਦ (ਈਰਾਨ) ਅਤੇ ਅਜ਼ੀਜ਼ਉੱਲ੍ਹਾ ਉਰਫ਼ ਪੂਸ ਵਾਸੀ ਅਜ਼ਾਦੇਗਨ, ਤਹਿਰਾਨ (ਈਰਾਨ) ਵਜੋਂ ਹੋਈ ਹੈ।


ਮੁਲਜ਼ਮਾਂ ਕੋਲੋਂ ਤੁਰਕੀ ਦੀ ਕਰੰਸੀ ਲਿਰਾ ਤੇ ਈਰਾਨੀ ਰਿਆਲ ਦੇ ਨੋਟ ਵੀ ਬਰਾਮਦ ਹੋਏ ਹਨ।


ਮੁਲਜ਼ਮਾਂ ਨੇ ਦੱਸਿਆ ਕਿ ਉਹ ਟੂਰਿਸਟ ਵੀਜ਼ਾ ਦੇ ਆਧਾਰ `ਤੇ ਭਾਰਤ ਆਏ ਸਨ। ਉਹ ਨਵੀਂ ਦਿੱਲੀ ਤੋਂ ਸਿੱਧੇ ਔੜ ਭੇਜੇ ਸਨ। ਇੱਕ ਅਦਾਲਤ ਨੇ ਕੱਲ੍ਹ ਮੁਲਜ਼ਮਾਂ ਦਾ ਦੋ ਦਿਨਾ ਪੁਲਿਸ ਰਿਮਾਂਡ ਦਿੱਤਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 Iranian arrested in Barnala for stealing 2100 dollar