ਪੰਜਾਬ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪਰੇਸ਼ਨਜ਼ ਗਰੁੱਪ ਦੇ ਸਾਂਠੇ ਆਪਰੇਸ਼ਨ ਦੌਰਾਨ ਅੱਜ ਬੁੱਧਵਾਰ ਨੂੰ ਤਿੰਨ ਕਸ਼ਮੀਰੀ ਅੱਤਵਾਦੀਆਂ ਨੂੰ ਇੱਕ ਸਾਂਝੇ ਆਪਰੇਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ। ਇਹ ‘ਅੰਸਾਰ ਗ਼ਜ਼ਾਵਤ-ਉਲ-ਹਿੰਦ` ਨਾਂਅ ਦੀ ਦਹਿਸ਼ਤਗਰਦ ਜੱਥੇਬੰਦੀ ਨਾਲ ਸਬੰਧਤ ਦੱਸੇ ਜਾਂਦੇ ਹਨ।
ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਚੰਡੀਗੜ੍ਹ `ਚ ਦੱਸਿਆ ਕਿ ਇਹ ਤਿੰਨੇ ਵਿਦਿਆਰਥੀ ਜਲੰਧਰ ਸ਼ਹਿਰ ਦੇ ਬਾਹਰਵਾਰ ਸ਼ਾਹਪੁਰ ਵਿਖੇ ਸਥਿਤ ਸੀਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਹੋਸਟਲ `ਚੋਂ ਗ੍ਰਿਫ਼ਤਾਰ ਕੀਤੇ ਗਏ।
ਸਾਂਝੀ ਟੀਮ ਨੇ ਅੱਜ ਤੜਕੇ ਹੋਸਟਲ `ਤੇ ਛਾਪਾ ਮਾਰ ਕੇ ਇੱਕ ਅਸਾਲਟ ਰਾਈਫ਼ਲ ਤੇ ਹੋਰ ਅਸਲਾ ਬਰਾਮਦ ਕੀਤਾ। ਜਿਸ ਕਮਰੇ `ਚੋਂ ਇਹ ਗ੍ਰਿਫ਼ਤਾਰੀਆਂ ਹੋਈਆਂ ਹਨ ਤੇ ਜਿੱਥੋਂ ਅਸਲਾ ਮਿਲਿਆ ਹੈ, ਉਹ ਰਾਜਪੁਰਾ ਦੇ ਜ਼ਾਹਿਰ ਗੁਲਜ਼ਾਰ ਦਾ ਹੈ ਤੇ ਉਹ ਬੀ.ਟੈੱਕ (ਸਿਵਲ) ਦਾ ਦੂਜੇ ਸੀਮੈਸਟਰ ਦਾ ਵਿਦਿਆਰਥੀ ਹੈ। ਉਸ ਨਾਲ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਵਿਅਕਤੀ ਇਦਰੀਸ ਸ਼ਾਹ ਤੇ ਯੂਸਫ਼ ਰਫ਼ੀਕ ਭੱਟ ਪੁਲਵਾਮਾ (ਕਸ਼ਮੀਰ) ਦੇ ਹਨ।
ਡੀਜੀਪੀ ਸ੍ਰੀ ਸੁਰੇਸ਼ ਅਰੋੜਾ ਨੇ ਕਿਹਾ ਕਿ ਜਲੰਧਰ `ਚ ਕਸ਼ਮੀਰ ਦੇ ਹਥਿਆਰਬੰਦ ਅੱਤਵਾਦੀਆਂ ਦਾ ਮਿਲਣਾ ਇਸ ਤੱਥ ਦਾ ਸੂਚਕ ਹੈ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਹੁਣ ਪੰਜਾਬ `ਚ ਗੜਬੜੀ ਫੈਲਾਉਣ ਦੀਆਂ ਸਾਜਿ਼ਸ਼ਾਂ ਰਚ ਰਹੀ ਹੈ।
ਪੰਜਾਬ ਪੁਲਿਸ ਨੇ ਹਾਲੇ ਪਿੱਛੇ ਜਿਹੇ ਪਟਿਆਲਾ ਜਿ਼ਲ੍ਹੇ ਦੇ ਬਨੂੜ ਕਸਬੇ `ਚੋਂ ਸ਼ੋਪੀਆਂ (ਜੰਮੂ-ਕਸ਼ਮੀਰ) ਦੇ ਵਿਦਿਆਰਥੀ ਗਾਜ਼ੀ ਅਹਿਮਦ ਮਲਿਕ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਉਹ ਆਰਿਅਨਜ਼ ਗਰੁੱਪ ਪੌਲੀਟੈਕਨੀਕ ਕਾਲਜ `ਚ ਪੜ੍ਹ ਰਿਹਾ ਸੀ।