ਤਸਵੀਰ: ਸੁਸ਼ੀਲ ਪਰਜਾਪਤ, ਹਿੰਦੁਸਤਾਨ ਟਾਈਮਜ਼
ਅੱਜ ਸੋਮਵਾਰ ਸਵੇਰੇ ਚੰਡੀਗੜ੍ਹ ’ਚ ਦਾਖ਼ਲ ਹੋਣ ਤੋਂ ਪਹਿਲਾਂ ਬੈਰੀਅਰ ’ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਤਿੰਨ ਹੋਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।
ਉੱਥੇ ਇੱਕ ਸਰਕਾਰੀ ਐਂਬੂਲੈਂਸ ਦੁੱਧ ਦੇ ਇੱਕ ਕੈਂਟਰ ਨਾਲ ਟਕਰਾ ਗਈ। ਉਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਸ਼ਨਾਖ਼ਤ 40 ਸਾਲਾ ਪਾਲ ਸਿੰਘ ਅਤੇ ਉਸ ਦੇ ਭਤੀਜੇ ਮੁਕੇਸ਼ (20) ਵਜੋਂ ਹੋਈ ਹੈ। ਉਹ ਕੁਰੂਕਸ਼ੇਤਰ ਤੋਂ ਆ ਰਹੇ ਸਨ। ਜ਼ਖ਼ਮੀਆਂ 'ਚ ਮੁਕੇਸ਼ ਦੀ ਮਾਂ ਅੰਗਰੇਜੋ ਦੇਵੀ, ਪਾਲ ਦੀ ਪਤਨੀ ਰੇਖਾ ਰਾਣੀ ਅਤੇ ਐਂਬੂਲੈਂਸ ਦਾ ਡਰਾਇਵਰ ਅਮਿਤ ਕੁਮਾਰ ਸ਼ਾਮਲ ਹਨ।
ਦਰਅਸਲ, ਮੁਕੇਸ਼ ਨੂੰ ਦਿਲ ਦੇ ਕਿਸੇ ਰੋਗ ਦੇ ਇਲਾਜ ਲਈ ਚੰਡੀਗੜ੍ਹ ਦੇ ਇੱਕ ਹਸਪਤਾਲ ਲਿਜਾਂਦਾ ਜਾ ਰਿਹਾ ਸੀ ਤੇ ਉਸ ਨਾਲ ਉਸ ਦੀ ਮਾਂ ਅੰਗਰੇਜੋ, ਚਾਚਾ ਪਾਲ ਅਤੇ ਪਾਲ ਦੀ ਪਤਨੀ ਰੇਖਾ ਸਨ।
ਪੁਲਿਸ ਮੁਤਾਬਕ ਦੁੱਧ ਵਾਲੀ ਵੈਨ ਜ਼ੀਰਕਪੁਰ–ਚੰਡੀਗੜ੍ਹ ਨਾਕੇ ਉੱਤੇ ਕੁਝ ਹੌਲ਼ੀ ਹੋ ਗਈ ਸੀ। ਤਦ ਐਂਬੂਲੈਂਸ ਪਿੱਛੋਂ ਦੀ ਆ ਕੇ ਉਸ ਵਿੱਚ ਵੱਜੀ। ਇਹ ਵੀ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਸ਼ਾਇਦ ਐਂਬੂਲੈਂਸ ਡਰਾਇਵਰ ਨੂੰ ਨੀਂਦਰ ਦਾ ਝੋਕਾ ਆ ਗਿਆ, ਜਿਸ ਕਾਰਨ ਇਹ ਟੱਕਰ ਹੋਈ।
ਦਰਅਸਲ, ਜ਼ੀਰਕਪੁਰ ਵਾਲੇ ਪਾਸਿਓਂ ਆਉਂਦੇ ਸਮੇਂ ਪੁਲ਼ ਉੱਤਰਦੇ ਸਮੇਂ ਵਾਹਨਾਂ ਦੀ ਰਫ਼ਤਾਰ ਕੁਝ ਤੇਜ਼ ਹੋ ਜਾਂਦੀ ਹੈ। ਸ਼ਾਇਦ ਉਸ ਤੇਜ਼ੀ ਕਾਰਨ ਵੀ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ।
ਜ਼ਖ਼ਮੀਆਂ ਨੂੰ ਚੰਡੀਗੜ੍ਹ ਦੇ ਸੈਕਟਰ–32 ਸਥਿਤ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।