ਤਰਨ ਤਾਰਨ ਜ਼ਿਲ੍ਹੇ ਦੇ ਸਰਹਾਲੀ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਢੱਟਲ ਨੇੜੇ ਅੱਜ ਇੱਕ ਸੜਕ ਹਾਦਸੇ ’ਚ ਦੋ ਬੱਚਿਆਂ ਸਮੇਤ ਤਿੰਨ ਵਿਅਕਤੀ ਮਾਰੇ ਗਏ ਤੇ 13 ਹੋਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਮਹਿੰਦਰਾ ਸੁਪਰੋ ਮਿੰਨੀ ਵੈਨ ਬਜਰੀ ਨਾਲ ਲੱਦੇ ਤੇ ਸੜਕ ’ਤੇ ਖੜ੍ਹੇ ਟਰੱਕ ਵਿੱਚ ਜਾ ਵੱਜੀ ਤੇ ਇਹ ਭਾਣਾ ਵਰਤ ਗਿਆ।
ਮ੍ਰਿਤਕਾਂ ਦੀ ਸ਼ਨਾਖ਼ਤ ਛੇ ਮਹੀਨਿਆਂ ਦੇ ਬੱਚੇ ਸ਼ਰਨਜੀਤ ਸਿੰਘ, 10 ਸਾਲਾ ਨਵਰੀਤ ਕੌਰ ਤੇ ਇੱਕ ਬਜ਼ੁਰਗ ਸੁਰਜੀਤ ਸਿੰਘ ਨਿਵਾਸੀ ਪਿੰਡ ਮੂਲੇਵਾਲ – ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਜ਼ਖ਼ਮੀਆਂ ਦੇ ਨਾਂਅ ਇਸ ਪ੍ਰਕਾਰ ਹਨ: ਅਮਨਦੀਪ ਕੌਰ (32), ਅਰਸ਼ਦੀਪ ਕੌਰ (10), ਸ਼ਬਦਪ੍ਰੀਤ ਕੌਰ (3), ਸ਼ੁਭਕਰਮਨਦੀਪ ਸਿੰਘ (3), ਪ੍ਰਭਜੋਤ ਕੌਰ (9), ਹਰਲੀਨ ਕੌਰ (6) ਨਿਵਾਸੀ ਪਿੰਡ ਸ਼ਾਮਨਗਰ ਜ਼ਿਲ੍ਹਾ ਅੰਮ੍ਰਿਤਸਰ, ਜਸਬੀਰ ਕੌਰ (24), ਗੁਰਪ੍ਰੀਤ ਕੌਰ (18), ਪਲਵਿੰਦਰ ਕੌਰ (26), ਜਸਬੀਰ ਕੌਰ (32), ਰਾਜਵਿੰਦਰ ਕੌਰ (39), ਕਰਨਪ੍ਰੀਤ ਸਿੰਘ (15) ਅਤੇ ਵੈਨ ਡਰਾਇਵਰ ਦੀਦਾਰ ਸਿੰਘ ਨਿਵਾਸੀ ਪਿੰਡ ਮੂਲੇਵਾਲ।
ਪੁਲਿਸ ਮੁਤਾਬਕ ਮ੍ਰਿਤਕ ਤੇ ਜ਼ਖ਼ਮੀ ਸਭ ਇੱਕ–ਦੂਜੇ ਦੇ ਰਿਸ਼ਤੇਦਾਰ ਹਨ (ਸਨ)। ਉਹ ਵਿਸਾਖੀ ਮੌਕੇ ਮੱਥਾ ਟੇਕਣ ਲਈ ਤਲਵੰਡੀ ਸਾਬੋ ਵਿਖੇ ਸਥਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਾ ਰਹੇ ਸਨ। ਉਨ੍ਹਾਂ ਦੀ ਵੈਨ ਜਦੋਂ ਪਿੰਡ ਢੱਟਲ ਲਾਗੇ ਪੁੱਜੀ, ਤਾਂ ਉਸ ਦੀ ਟੱਕਰ ਸੜਕ ਉੱਤੇ ਖੜ੍ਹੇ ਬਜਰੀ ਨਾਲ ਲੱਦੇ ਟਰੱਕ ਪੀਬੀ–03ਜ਼ੈੱਡ 9895 ਨਾਲ ਹੋ ਗਈ।
ਪੁਲਿਸ ਮੁਤਾਬਕ ਵੈਨ ’ਚ ਸਵਾਰ ਤਿੰਨ ਯਾਤਰੀਆਂ ਦੀ ਮੌਤ ਮੌਕੇ ਉੱਤੇ ਹੀ ਹੋ ਗਈ ਸੀ; ਜਦ ਕਿ ਬਾਕੀ ਸਾਰੇ ਜ਼ਖ਼ਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਤਰਨ ਤਾਰਨ ਦੇ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਖ਼ਬਰ ਸੁਣਦਿਆਂ ਹੀ ਸਰਹਾਲੀ ਪੁਲਿਸ ਥਾਣੇ ਦੇ ਐੱਸਐੱਚ ਯਾਦਵਿੰਦਰ ਸਿੰਘ ਤੁਰੰਤ ਘਟਨਾ ਸਥਾਨ ਉੱਤੇ ਪੁੱਜੇ ਤੇ ਤਹਿਕੀਕਾਤ ਸ਼ੁਰੂ ਕੀਤੀ।
ਇਸ ਸਬੰਧੀ ਟਰੱਕ ਡਰਾਇਵਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਡਰਾਇਵਰ ਦੀ ਸ਼ਨਾਖ਼ਤ ਸੁਖਦੇਵ ਸਿੰਘ ਨਿਵਾਸੀ ਜ਼ਿਲ੍ਹਾ ਫ਼ਰੀਦਕੋਟ ਵਜੋਂ ਹੋਈ ਹੈ। ਉਸ ਨੂੰ ਗ੍ਰਿਫ਼ਤਾਰ ਲਿਆ ਗਿਆ ਹੈ।