ਅਗਲੀ ਕਹਾਣੀ

ਬੇਅਦਬੀ ਕਾਂਡ: ਬਠਿੰਡਾ ਦੇ ਪਿੰਡ ਗੁਰੂਸਰ ਤੋਂ 3 ਹੋਰ ਡੇਰਾ ਪ੍ਰੇਮੀ ਗ੍ਰਿਫ਼ਤਾਰ

ਬੇਅਦਬੀ ਦੀ ਘਟਨਾ ਬਾਰੇ ਪਿੰਡ ਗੁਰੂਸਰ ਦੇ ਵਸਨੀਕ, ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ। ਤਸਵੀਰ: ਖ਼ਾਲਸਾ ਫ਼ੋਰਸ

ਤਿੰਨ ਵਰ੍ਹੇ ਪਹਿਲਾਂ ਸਾਲ 2015 ਦੌਰਾਨ ਪੰਜਾਬ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT - Special Investigation Team) ਨੇ ਅੱਜ ਸ਼ੁੱਕਰਵਾਰ ਨੂੰ ਡੇਰਾ ਸਿਰਸਾ ਦੇ ਤਿੰਨ ਹੋਰ ਸ਼ਰਧਾਲੂਆਂ (ਪ੍ਰੇਮੀਆਂ) ਨੂੰ ਗ੍ਰਿਫ਼ਤਾਰ ਕਰ ਲਿਆ। ਹਾਲੇ ਕੱਲ੍ਹ ਹੀ  ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠਲੀ ਇਸ ਵਿਸ਼ੇਸ਼ ਜਾਂਚ ਟੀਮ ਨੇ ਡੇਰੇ ਦੀ ਸੂਬਾ-ਪੱਧਰੀ ਕਮੇਟੀ ਦੇ ਮੈਂਬਰ ਜਤਿੰਦਰਬੀਰ ਸਿੰਘ ਅਰੋੜਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।


ਅੱਜ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਸ਼ਨਾਖ਼ਤ ਸੁਖਮੰਦਰ ਸਿੰਘ, ਕੁਲਦੀਪ ਸਿੰਘ ਅਤੇ ਦਲਜੀਤ ਸਿੰਘ ਵਜੋਂ ਹੋਈ ਹੈ ਅਤੇ ਇਹ ਸਾਰੇ ਹੀ ਬਠਿੰਡਾ ਜਿ਼ਲ੍ਹੇ ਦੇ ਪਿੰਡ ਭਗਤਾ ਭਾਈਕਾ ਦੇ ਵਸਨੀਕ ਹਨ।


ਸ੍ਰੀ ਖਟੜਾ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਸਨਿੱਚਰਵਾਰ ਨੂੰ ਅਦਾਲਤ `ਚ ਪੇਸ਼ ਕੀਤਾ ਜਾਵੇਗਾ।


ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੂੰ ਸਾਰੇ ਹੀ ਤਿੰਨ ਮਾਮਲਿਆਂ `ਚ ਹੁਣ ਵੱਡੀ ਸਫ਼ਲਤਾ ਹੱਥ ਲੱਗੀ ਹੈ। ਇਹ ਟੀਮ ਮੁੱਖ ਤੌਰ `ਤੇ ਬਰਗਾੜੀ (ਫ਼ਰੀਦਕੋਟ), ਮਲਕੇ (ਮੋਗਾ) ਅਤੇ ਗੁਰੂਸਰ ਭਗਤਾ (ਬਠਿੰਡਾ) `ਚ ਵਾਪਰੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ।


ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਜਾਂਚ ਦੌਰਾਨ ਹੁਣ ਤੱਕ ਹੋਈਆਂ ਸਾਰੀਆਂ ਗ੍ਰਿਫ਼ਤਾਰੀਆਂ ਵਿੱਚ ਇੱਕ ਗੱਲ ਸਾਂਝੀ ਹੈ - ਉਹ ਇਹ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਹੀ ਮੁਲਜ਼ਮ ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਸੂਬਾ-ਪੱਧਰੀ ਕਮੇਟੀ ਨਾਲ ਸਬੰਧਤ ਰਹੇ ਹਨ। ਇਸ ਤੋਂ ਪਹਿਲਾਂ ਇਸੇ ਕਮੇਟੀ ਦੇ ਦੋ ਹੋਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਬਰਗਾੜੀ ਬੇਅਦਬੀ ਕਾਂਡ ਲਈ ਇਸੇ ਵਰ੍ਹੇ ਜੂਨ ਮਹੀਨੇ ਕੋਟਕਪੂਰਾ ਦੇ ਮਹਿੰਦਰ ਪਾਲ ਬਿੱਟੂ ਦੀ ਗ੍ਰਿਫ਼ਤਾਰੀ ਹੋਈ ਸੀ; ਜਦ ਕਿ ਮੋਗਾ ਜਿ਼ਲ੍ਹੇ ਦੇ ਕਸਬੇ ਦੇ ਵਸਨੀਕ ਪ੍ਰਿਥੀ ਸਿੰਘ ਨੂੰ ਨਵੰਬਰ 2015 ਦੌਰਾਨ ਮਲ ਕੇ ਪਿੰਡ `ਚ ਹੋਈ ਬੇਅਦਬੀ ਦੀ ਘਟਨਾ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ।


ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਹੀ ਪੰਜਾਬ ਨਾਲ ਸਬੰਧਤ ਸਾਰੇ ਹੀ ਫ਼ੈਸਲੇ ਲੈਂਦੀ ਰਹੀ ਹੈ ਤੇ ਆਪਣੀ ਰਿਪੋਰਟ ਡੇਰਾ ਮੁਖੀ ਨੂੰ ਦਿੰਦੀ ਰਹੀ ਹੈ।


ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜੂਨ 2015 ਦੌਰਾਨ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਇੱਕ ਗੁਰੂਘਰ ਤੋਂ ਚੋਰੀ ਕੀਤਾ ਗਿਆ ਸੀ ਤੇ ਉਸ ਦੇ ਅੰਗ ਪਿੰਡ ਗੁਰੂਸਰ ਵਿਖੇ ਇੱਧਰ-ਉੱਧਰ ਖਿੰਡੇ-ਪੁੰਡੇ ਮਿਲੇ ਸਨ।


ਅੱਜ ਗ੍ਰਿਫ਼ਤਾਰ ਕੀਤੇ ਗਏ ਤਿੰਨ ਡੇਰਾ ਪ੍ਰੇਮੀਆਂ ਖਿ਼ਲਾਫ਼ ਦਿਆਲਪੁਰਾ ਪੁਲਿਸ ਥਾਣੇ `ਚ ਕੇਸ ਦਰਜ ਕੀਤਾ ਗਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:3 more Dera followers arrested in Sacrilege case