ਅੰਮ੍ਰਿਤਸਰ 'ਚ 3 ਸਾਲਾ ਬੱਚੇ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਉਹ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਦਾਖਲ ਸੀ। ਪੰਜਾਬ 'ਚ ਇਸ ਸਾਲ ਸਵਾਈਨ ਫਲੂ ਨਾਲ ਇਹ ਪਹਿਲੀ ਮੌਤ ਹੈ। ਇਹ ਬੱਚਾ ਕੁੱਝ ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਕੈਨੇਡਾ ਤੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਪੁੱਜਾ ਸੀ। ਹਵਾਈ ਅੱਡੇ 'ਤੇ ਹੀ ਉਸ ਦੀ ਹਾਲਤ ਵਿਗੜ ਗਈ ਸੀ, ਜਿਸ ਮਗਰੋਂ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੋਹਲ ਨੇ ਕਿਹਾ, "ਬੱਚੇ ਨੂੰ ਨਿੱਜੀ ਹਸਪਤਾਲ ਦੇ ਪ੍ਰਾਈਵੇਟ ਵਾਰਡ 'ਚ ਰੱਖਿਆ ਗਿਆ ਸੀ, ਪਰ ਐਤਵਾਰ ਸਵੇਰੇ ਉਸ ਦੀ ਮੌਤ ਹੋ ਗਈ। ਕੈਨੇਡਾ ਤੋਂ ਪਰਤਣ ਸਮੇਂ ਜਹਾਜ਼ ਚੀਨ ਦੇ ਇੱਕ ਹਵਾਈ ਅੱਡੇ 'ਤੇ ਰੁਕਿਆ ਸੀ। ਸਾਨੂੰ ਸ਼ੱਕ ਸੀ ਕਿ ਇਹ ਬੱਚਾ ਕੋਰੋਨਾ ਵਾਇਰਸ ਤੋਂ ਪੀੜਤ ਹੋ ਸਕਦਾ ਹੈ। ਇਸ ਵਾਇਰਸ ਨੇ ਗੁਆਂਢੀ ਦੇਸ਼ 'ਚ 80 ਲੋਕਾਂ ਦੀ ਜਾਨ ਲੈ ਲਈ ਹੈ। ਸਿਹਤ ਵਿਭਾਗ ਨੇ ਉਸ ਦੇ ਖੂਨ ਦੇ ਨਮੂਨੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ) ਪੁਣੇ ਨੂੰ ਭੇਜੇ, ਜਿਨ੍ਹਾਂ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਸਵਾਈਨ ਫਲੂ (ਐਚ1ਐਨ1) ਨਾਲ ਪੀੜਤ ਸੀ। ਉਸ ਦਾ ਕੋਰੋਨਾ ਵਾਇਰਸ ਦਾ ਟੈਸਟ ਨੈਗੇਟਿਵ ਪਾਇਆ ਗਿਆ।"
ਡਾਕਟਰਾਂ ਮੁਤਾਬਿਕ ਬੱਚੇ ਨੂੰ ਤਿੰਨ ਵਾਰ ਦਿਮਾਗ ਦਾ ਦੌਰਾ ਪਿਆ। ਨਾਲ ਹੀ ਗੁਰਦੇ ਤੇ ਲਿਵਰ ਨਾਕਾਮ ਹੋ ਗਏ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਿਸ ਏਅਰਲਾਈਨਜ਼ ਦੇ ਜਹਾਜ਼ ਰਾਹੀਂ ਇਹ ਬੱਚਾ ਕੈਨੇਡਾ ਤੋਂ ਭਾਰਤ ਆਇਆ ਉਹ ਰਾਹ 'ਚ ਚੀਨ ਦੇ ਸ਼ੰਘਾਈ ਹਵਾਈ ਅੱਡੇ 'ਤੇ 6 ਘੰਟੇ ਰੁਕਿਆ ਸੀ। ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ ਫੈਲਿਆ ਹੈ।
ਬੱਚੇ ਦੇ ਪਰਿਵਾਰ ਵਾਲਿਆਂ ਨੂੰ ਸਵਾਈਨ ਫਲੂ ਤੋਂ ਬਚਾਉਣ ਲਈ ਟੈਮੀਫਲੂ ਦਵਾਈ ਖੁਆਈ ਗਈ ਹੈ। ਉੱਧਰ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਅੰਮਿ੍ਤਸਰ ਵਿਖੇ ਚੀਨ ਤੋਂ ਆਉਣ ਵਾਲੇ ਲੋਕਾਂ ਦੀ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸੋਮਵਾਰ ਨੂੰ ਡਾਕਟਰਾਂ ਦੀ ਟੀਮ ਨੇ ਲੋਕਾਂ ਦੀ ਜਾਂਚ ਕੀਤੀ।