ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ ਕੋਰੋਨਾ ਵਾਇਰਸ ਦੇ 2 ਨਵੇਂ ਮਾਮਲੇ ਸਾਹਮਣੇ ਆਏ, ਕੁਲ ਗਿਣਤੀ 31 ਹੋਈ

ਪੰਜਾਬ 'ਚ ਕੋਰੋਨਾ ਵਾਇਰਸ ਦੇ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਹੁਣ ਵੱਧ ਕੇ ਹੁਣ 31 ਹੋ ਗਈ ਹੈ। ਅੱਜ ਬੁੱਧਵਾਰ ਸ਼ਾਮ 6 ਵਜੇ ਤਕ ਸੂਬੇ 'ਚ ਕੋਰੋਨਾ ਵਾਇਰਸ ਦੇ ਦੋ ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆਏ ਹਨ। 
 

ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ’ਚ ਕੋਰੋਨਾ ਦਾ ਇੱਕ ਮਰੀਜ਼ ਸਾਹਮਣੇ ਆਇਆ ਹੈ। ਇਸ ਨਵੇਂ ਕੇਸ ਨਾਲ ਸਬੰਧਤ ਵਿਅਕਤੀ ਦਰਅਸਲ ਪਿੰਡ ਮੋਰਾਂਵਾਲੀ ਦੇ ਉਸੇ ਵਿਅਕਤੀ ਦਾ ਪੁੱਤਰ ਹੈ; ਜਿਹੜਾ ਬੀਤੇ ਦਿਨੀਂ ਕੋਰੋਨਾ ਪਾਜੀਟਿਵ ਨਿਕਲਿਆ ਸੀ। ਪਿੰਡ ਮੋਰਾਂਵਾਲੀ ਗੜ੍ਹਸ਼ੰਕਰ ਸਬ–ਡਿਵੀਜ਼ਨ ’ਚ ਪੈਂਦਾ ਹੈ।
 

ਪਿੰਡ ਮੋਰਾਂਵਾਲੀ ਦਾ ਇਹ ਵਿਅਕਤੀ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਕਸਬੇ ਲਾਗਲੇ ਪਿੰਡ ਪਠਲਾਵਾ ਦੇ ਉਸ ਵਿਅਕਤੀ ਦੇ ਸੰਪਰਕ ’ਚ ਰਿਹਾ ਸੀ, ਜਿਸ ਦੀ ਕੋਰੋਨਾ ਵਾਇਰਸ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਸੀ।
 

ਦੂਜਾ ਮਾਮਲਾ ਜ਼ਿਲ੍ਹਾ ਲੁਧਿਆਣਾ 'ਚ ਸਾਹਮਣੇ ਆਇਆ ਹੈ, ਜਿੱਥੇ 51 ਸਾਲਾ ਔਰਤ ਦੀ ਕੋਰੋਨਾ ਟੈਸਟ ਰਿਪੋਰਟ ਪਾਜੀਟਿਵ ਆਈ ਹੈ। ਇਸ ਔਰਤ ਦਾ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ। ਇਸ ਔਰਤ ਦੀ ਪਾਜੀਟਿਵ ਰਿਪੋਰਟ ਆਉਣ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਕੀਤੀ ਹੈ। ਇਹ ਔਰਤ ਬੁਟੀਕ ਦੀ ਦੁਕਾਨ ਚਲਾਉਂਦੀ ਹੈ।
 

ਦੱਸ ਦੇਈਏ ਕਿ ਹੁਣ ਬੰਗਾ ਲਾਗਲੇ ਪਠਲਾਵਾ ਪਿੰਡ ਦੇ ਜਿਸ ਵਿਅਕਤਾ ਦੀ ਕੋਰੋਨਾ ਕਾਰਨ ਮੌਤ ਹੋਈ ਹੈ, ਉਸ ਰਾਹੀਂ ਹੁਣ ਤੱਕ 22 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 14 ਜਣੇ ਉਸੇ ਦੇ ਆਪਣੇ ਪਰਿਵਾਰਕ ਮੈਂਬਰ ਹੀ ਹਨ। ਤਿੰਨ ਜਣੇ ਜਲੰਧਰ ਤੋਂ ਹਨ। ਦੋ ਵਿਅਕਤੀ ਜਰਮਨੀ ਤੋਂ ਬਰਾਸਤਾ ਇਟਲੀ ਪਰਤੇ ਸਨ ਅਤੇ ਉਸ ਨੂੰ ਮਿਲੇ ਸਨ। ਦੋ ਜਣੇ ਉਸ ਨੂੰ ਮੋਰਾਂਵਾਲੀ ਪਿੰਡ ਤੋਂ ਆ ਕੇ ਮਿਲੇ ਸਨ। ਪਿੰਡ ਪਠਲਾਵਾ ਦਾ ਸਰਪੰਚ ਵੀ ਇਸ ਵਾਇਰਸ ਦੀ ਲਪੇਟ ਵਿੱਚ ਉਸੇ ਕਾਰਨ ਆਇਆ ਹੈ।
 

ਕੱਲ੍ਹ ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹਿਆਂ ’ਚ ਤਿੰਨ–ਤਿੰਨ ਹੋਰ ਭਾਵ ਕੁੱਲ ਛੇ ਹੋਰ ਮਾਮਲੇ ਸਾਹਮਣੇ ਆਉਣ ਨਾਲ ਇਹ ਗਿਣਤੀ ਵੱਧ ਕੇ 29 ਹੋ ਗਈ ਸੀ।
 

ਕੱਲ੍ਹ ਤਿੰਨ ਮਾਮਲੇ ਬੰਗਾ ਲਾਗਲੇ ਇੱਕ ਪਿੰਡ ’ਚ ਅਤੇ ਤਿੰਨ ਹੋਰ ਮਾਮਲੇ ਜਲੰਧਰ ਜ਼ਿਲ੍ਹੇ ਦੇ ਕਸਬੇ ਫ਼ਿਲੌਰ ਲਾਗਲੇ ਪਿੰਡ ਵਿਰਕ ’ਚ ਸਾਹਮਣੇ ਆਏ ਸਨ। ਇਨ੍ਹਾਂ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਪਿੰਡਾਂ ’ਚ ਹੁਣ ਨਾ ਕੋਈ ਬਾਹਰੋਂ ਜਾ ਸਕਦਾ ਹੈ ਤੇ ਨਾ ਹੀ ਕੋਈ ਉੱਥੋਂ ਕਿਤੇ ਹੋਰ ਬਾਹਰ ਜਾ ਸਕਦਾ ਹੈ।
 

ਜਲੰਧਰ ਜ਼ਿਲ੍ਹੇ ਦੇ ਪਿੰਡ ਵਿਰਕ ਦੇ ਤਿੰਨ ਨਵੇਂ ਕੋਰੋਨਾ–ਪਾਜ਼ਿਟਿਵ ਕੇਸ ਦਰਅਸਲ, ਬੰਗਾ (ਨਵਾਂਸ਼ਹਿਰ) ਲਾਗਲੇ ਪਿੰਡ ਪਠਲਾਵਾ ਦੇ ਉਸ ਬਜ਼ੁਰਗ ਵਿਅਕਤੀ ਦੇ ਹੀ ਰਿਸ਼ਤੇਦਾਰ ਹਨ, ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ।
 

ਇਸ ਤੋਂ ਪਹਿਲਾਂ ਕੱਲ੍ਹ ਨਵਾਂਸ਼ਹਿਰ ਜ਼ਿਲ੍ਹੇ ’ਚ ਬੰਗਾ ਲਾਗਲੇ ਪਿੰਡ ਪਠਲਾਵਾ ਦੇ ਦੋ ਸਾਲਾ ਇੱਕ ਬੱਚੇ ਦੇ ਵੀ ਇਸ ਵਾਇਰਸ ਦੀ ਲਪੇਟ ’ਚ ਆਉਣ ਦੀ ਜਾਣਕਾਰੀ ਮਿਲੀ ਸੀ। ਇਹ ਬੱਚਾ ਉਸ 70 ਸਾਲਾ ਵਿਅਕਤੀ ਦਾ ਪੋਤਰਾ ਹੈ; ਜਿਸ ਦੀ ਬੀਤੇ ਦਿਨੀਂ ਕੋਵਿਡ–19 ਕਾਰਨ ਮੌਤ ਹੋ ਗਈ ਸੀ।
 

ਇਸ ਤੋਂ ਇਲਾਵਾ ਪਰਸੋਂ ਮੋਹਾਲੀ ਦੀ 80 ਸਾਲਾ ਇੱਕ ਔਰਤ ਦੇ ਵੀ ਕੋਰੋਨਾ–ਪਾਜ਼ਿਟਿਵ ਹੋਣ ਦੀ ਸ਼ਨਾਖ਼ਤ ਹੋਈ ਸੀ। ਇੰਝ ਪਰਸੋਂ ਸੋਮਵਾਰ ਨੂੰ ਦੋ ਹੋਰ ਮਰੀਜ਼ ਨਾਲ ਪੰਜਾਬ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਕੁੱਲ ਗਿਣਤੀ 23 ਹੋ ਗਈ ਸੀ।
 

ਪੰਜਾਬ ਦੇ ਸਿਹਤ ਵਿਭਾਗ ਮੁਤਾਬਕ ਸਾਰੇ 30 ਮਰੀਜ਼ਾਂ ਦੀ ਹਾਲਤ ਇਸ ਵੇਲੇ ਸਥਿਰ ਬਣੀ ਹੋਈ ਹੈ ਤੇ ਉਹ ਵੱਖੋ–ਵੱਖਰੇ ਸਰਕਾਰੀ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਸਭਨਾਂ ਦੇ ਨੇੜੇ ਰਹੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਦੇ ਸੈਂਪਲ ਵੀ ਜਾਂਚ ਲਈ ਲੈਬਜ਼ ’ਚ ਭੇਜੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:31 total coronavirus positive case in Punjab