ਪੰਜਾਬ ਪੁਲਿਸ ਦੇ ਉਨ੍ਹਾਂ ਚਾਰ ਅਫ਼ਸਰਾਂ ਨੂੰ ਨੌਕਰੀ ਤੋਂ ਬਰਤਰਫ਼ ਕਰ ਦਿੱਤਾ ਗਿਆ ਹੈ; ਜਿਨ੍ਹਾਂ ਨੇ ਜਲੰਧਰ ਦੇ ਪਾਦਰੀ ਐਂਟੋਨੀ ਮਦੱਸਰੀ ਦੀ ਰਿਹਾਇਸ਼ਗਾਹ ਤੋਂ ਗ਼ੈਰ–ਕਾਨੂੰਨੀ ਢੰਗ ਨਾਲ 6.6 ਕਰੋੜ ਰੁਪਏ ਜ਼ਬਤ ਕਰ ਕੇ ਉਲਟਾ ਉਨ੍ਹਾਂ ਉੱਤੇ ਹਵਾਲਾ–ਰਾਸ਼ੀ ਰੱਖਣ ਦੇ ਦੋਸ਼ ਲਾ ਦਿੱਤੇ ਸਨ।
ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਇਨ੍ਹਾਂ ਚਾਰ ਪੁਲਿਸ ਅਧਿਕਾਰੀਆਂ ਨੂੰ ਬਰਖ਼ਾਸਤ ਕਰਨ ਭਾਵ ਨੌਕਰੀ ਤੋਂ ਕੱਢਣ ਦੇ ਹੁਕਮ ਜਾਰੀ ਕੀਤੇ ਹਨ। ਬਰਤਰਫ਼ ਕੀਤੇ ਗਏ ਪੁਲਿਸ ਅਧਿਕਾਰੀਆਂ ਦੇ ਨਾਂਅ ਇਸ ਪ੍ਰਕਾਰ ਹਨ – ਜੋਗਿੰਦਰ ਸਿੰਘ ਏਐੱਸਆਈ, ਰਾਜਪ੍ਰੀਤ ਸਿੰਘ ਏਐੱਸਆਈ, ਦਿਲਬਾਗ਼ ਸਿੰਘ ਏਐੱਸਆਈ ਅਤੇ ਅਮਰੀਕ ਸਿੰਘ ਹੌਲਦਾਰ।
ਇਹ ਘਟਨਾ ਵਾਪਰਨ ਸਮੇਂ ਏਐੱਸਆਈ ਜੋਗਿੰਦਰ ਸਿੰਘ ਮਾਵੀ ਕਲਾਂ ਪੁਲਿਸ ਚੌਕੀ ’ਤੇ ਤਾਇਨਾਤ ਸੀ। ਇੰਝ ਹੀ ਏਐੱਸਆਈ ਰਾਜਪ੍ਰੀਤ ਸਿੰਘ ਸਨੌਰ ਪੁਲਿਸ ਥਾਣੇ ’ਚ ਤਾਇਨਾਤ ਸੀ ਤੇ ਏਐੱਸਆਈ ਦਿਲਬਾਗ਼ ਸਿੰਘ ਸਿਵਲ ਲਾਈਨਜ਼ ਪਟਿਆਲਾ ’ਚ ਸੀ; ਜਦ ਕਿ ਹੌਲਦਾਰ ਅਮਰੀਕ ਸਿੰਘ ਐੱਮਐੱਚਸੀ ਸਿਵਲ ਲਾਈਨ ਵਿਖੇ ਕੰਮ ਕਰ ਰਿਹਾ ਸੀ।
ਫ਼ਾਦਰ ਐਂਟੋਨੀ ਮਦੱਸਰੀ ਨੇ ਖੰਨਾ ਪੁਲਿਸ ਉੱਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ 6.6 ਕਰੋੜ ਰੁਪਏ ਖੁਰਦ–ਬੁਰਦ ਕਰ ਦਿੱਤੇ ਗਏ ਹਨ। ਪੁਲਿਸ ਦੀ ਇੱਕ ਟੀਮ ਨੇ ਇਸੇ ਵਰ੍ਹੇ 29 ਮਾਰਚ ਨੂੰ ਫ਼ਾਦਰ ਐਂਟੋਨੀ ਦੀ ਜਲੰਧਰ ਦੇ ਪ੍ਰਤਾਪਪੁਰਾ ਇਲਾਕੇ ਵਿੱਚ ਸਥਿਤ ਰਿਹਾਇਸ਼ਗਾਹ ਉੱਤੇ ਅਚਾਨਕ ਛਾਪਾ ਮਾਰ ਕੇ 16.65 ਕਰੋੜ ਰੁਪਏ ਜ਼ਬਤ ਕਰ ਲਏ ਸਨ। ਪਰ ਪ੍ਰੈੱਸ ਕਾਨਫ਼ਰੰਸ ਦੌਰਾਨ ਉਨ੍ਹਾਂ ਇਹ ਰਕਮ ਸਿਰਫ਼ 9.66 ਕਰੋੜ ਰੁਪਏ ਵਿਖਾਈ ਸੀ। ਬਾਕੀ ਦੇ 5.78 ਕਰੋੜ ਰੁਪਏ ਉਹ ਖੁਰਦ–ਬੁਰਦ ਕਰ ਗਏ ਸਨ ਜਾਂ ਆਖ ਲਵੋ ਕਿ ‘ਆਪਸ ਵਿੱਚ ਵੰਡ ਗਏ ਸਨ।’
ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ਦੀ ਜਾਂਚ ਕਰਦਿਆਂ ਦੋ ਏਐੱਸਆਈਜ਼ ਰਾਜਪ੍ਰੀਤ ਸਿੰਘ ਤੇ ਜੋਗਿੰਦਰ ਸਿੰਘ ਨੂੰ ਕੇਰਲ ਦੇ ਕੋਚੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਤੇ ਉਨ੍ਹਾਂ ਕੋਲੋਂ 4.5 ਕਰੋੜ ਰੁਪਏ ਵੀ ਬਰਾਮਦ ਕਰ ਲਏ ਸਨ। ਫ਼ਾਦਰ ਐਂਟੋਨੀ ਨੇ ਵੀ ਦਾਅਵਾ ਕੀਤਾ ਸੀ ਕਿ ਖੰਨਾ ਪੁਲਿਸ ਨੇ 5.78 ਕਰੋੜ ਰੁਪਏ ਇੱਧਰ–ਉੱਧਰ ਕਰ ਦਿੱਤੇ ਸਨ।