ਲੁਧਿਆਣਾ ਦੀ ਕੇਂਦਰੀ ਜੇਲ੍ਹ ’ਚੋਂ ਅੱਜ ਸਨਿੱਚਰਵਾਰ ਵੱਡੇ ਤੜਕੇ ਚਾਰ ਕੈਦੀ ਫ਼ਰਾਰ ਹੋ ਗਏ ਹਨ। ਇਨ੍ਹਾਂ ਚਾਰਾਂ ਦੀ ਅਦਾਲਤ ’ਚ ਸੁਣਵਾਈ ਚੱਲ ਰਹੀ ਸੀ।
ਇਹ ਜ਼ੇਰੇ–ਸੁਣਵਾਈ ਕੈਦੀ ਸ਼ੁੱਕਰਵਾਰ–ਸਨਿੱਚਰਵਾਰ ਦੀ ਰਾਤ ਨੂੰ 1:30 ਕੁ ਵਜੇ ਜੇਲ੍ਹ ਦੀ ਚਾਰਦੀਵਾਰੀ ਟੱਪ ਕੇ ਫ਼ਰਾਰ ਹੋਏ ਹਨ। ਪੁਲਿਸ ਨੇ ਲੁਧਿਆਣਾ ਸ਼ਹਿਰ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ ਤੇ ਫ਼ਰਾਰ ਕੈਦੀਆਂ ਦੀ ਭਾਲ਼ ਜੰਗੀ ਪੱਧਰ ਉੱਤੇ ਕੀਤੀ ਜਾ ਰਹੀ ਹੈ।
ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਸਾਰੇ ਉੱਚ ਅਧਿਕਾਰੀ ਮੌਕੇ ’ਤੇ ਪੁੱਜੇ।
ਪ੍ਰਾਪਤ ਜਾਣਕਾਰੀ ਮੁਤਾਬਕ ਕੈਦੀਆਂ ਨੂੰ ਠੰਢ ਕਾਰਨ ਓਢਣ ਲਈ ਜਿਹੜੇ ਕੰਬਲ਼ ਮਿਲਦੇ ਹਨ; ਉਨ੍ਹਾਂ ਨੇ ਉਹੀ ਕੰਬਲ਼ ਜੋੜ ਕੇ ਇੱਕ ਵੱਡੀ ਰੱਸੀ ਬਣਾ ਲਈ ਤੇ ਉਸ ਦੇ ਸਹਾਰੇ ਹੀ ਉਹ ਜੇਲ੍ਹ ਦੀ ਉੱਚੀ ਚਾਰਦੀਵਾਰੀ ਟੱਪ ਕੇ ਫ਼ਰਾਰ ਹੋ ਗਏ।
ਹੁਣ ਸੁਆਲ ਇਹ ਵੀ ਪੈਦਾ ਹੁੰਦਾ ਹੈ ਕਿ ਕੋਰੋਨਾ ਵਾਇਰਸ ਕਾਰਨ ਸਮੁੱਚੇ ਪੰਜਾਬ ’ਚ ਕਰਫ਼ਿਊ ਲੱਗਾ ਹੋਇਆ ਹੈ ਤੇ ਦੇਸ਼ ਭਰ ’ਚ ਲੌਕਡਾਊਨ ਹੈ। ਇੰਨੀ ਸਖ਼ਤ ਸੁਰੱਖਿਆ ਦੌਰਾਨ ਜਦੋਂ ਸੜਕਾਂ ਬਿਲਕੁਲ ਖਾਲੀ ਪਈਆਂ ਹਨ; ਅਜਿਹੇ ਸਮੇਂ ਕੈਦੀ ਪੁਲਿਸ ਦੀ ਨਜ਼ਰ ਤੋਂ ਕਿਵੇਂ ਬਚ ਨਿੱਕਲੇ?
ਦੋ ਕੁ ਸਾਲ ਪਹਿਲਾਂ ਮਈ 2018 ’ਚ ਵੀ ਦੋ ਕੈਦੀ ਇਸੇ ਜੇਲ੍ਹ ’ਚੋਂ ਫਰਾਰ ਹੋਏ ਸਨ ਤੇ ਤਦ ਪੰਜਾਬ ਦੇ ਜੇਲ੍ਹ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਜੇਲ੍ਹ ਦੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ।
ਉਸ ਤੋਂ ਪਹਿਲਾਂ 2012 ’ਚ ਵੀ ਲੁਧਿਆਣਾ ਜੇਲ੍ਹ ’ਚੋਂ ਕੈਦੀ ਫਰਾਰ ਹੋਏ ਸਨ।