ਤਰਨ ਤਾਰਨ ਜਿ਼ਲ੍ਹੇ ਦੇ ਇੱਕ ਜੰਝ-ਘਰ (ਮੈਰਿਜ ਪੈਲੇਸ) `ਚ ਚਾਰ ਕਾਮੇ ਰਾਤੀਂ ਦਮ ਘੁੱਟਣ ਨਾਲ ਮਾਰੇ ਗਏ। ਰਾਤੀਂ ਉਹ ਚੰਗੇ-ਭਲੇ ਸੁੱਤੇ ਸਨ ਪਰ ਸਵੇਰੇ ਉਨ੍ਹਾਂ ਦੀਆਂ ਲਾਸ਼ਾਂ ਹੀ ਮਿਲੀਆਂ।
ਮੁਢਲੀ ਜਾਂਚ ਤੋਂ ਇਹੋ ਜਾਪਦਾ ਹੈ ਕਿ ਉਹ ਠੰਢ ਕਾਰਨ ਜੰਝ-ਘਰ ਦੇ ਸਟੋਰ-ਰੂਮ `ਚ ਕੋਲਾ ਬਾਲ਼ ਕੇ ਸੌਂ ਗਏ, ਜਿਸ ਦੇ ਬਲਣ ਨਾਲ ਆਪਣੇ-ਆਪ ਹੀ ਕਾਰਬਨ ਮੋਨੋਆਕਸਾਈਡ ਪੈਦਾ ਹੁੰਦੀ ਰਹਿੰਦੀ ਹੈ ਤੇ ਆਕਸੀਜਨ ਸੜਦੀ ਰਹਿੰਦੀ ਹੈ।
ਤਰਨ ਤਾਰਨ ਦੇ ਡੀਐੱਸਪੀ ਸੁੱਚਾ ਸਿੰਘ ਨੇ ਦੱਸਿਆ ਕਿ ਇੱਕ ਵਰਕਰ ਨੂੰ ਸਥਾਨਕ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਹੈ। ਸਟੋਰ ਰੂਮ `ਚ ਪੰਜ ਵਰਕਰ ਅੰਦਰ ਪਏ ਪਾਏ ਗਏ ਸਨ ਤੇ ਦਰਵਾਜ਼ਾ ਅੰਦਰੋਂ ਬੰਦ ਸੀ।
ਇਹ ਸਾਰੇ ਜੰਝ-ਘਰ `ਚ ਸਫ਼ਾਈ ਸੇਵਕਾਂ ਤੇ ਕੇਟਰਰਜ਼ ਵਜੋਂ ਕੰਮ ਕਰਦੇ ਰਹੇ ਹਨ। ਪੁਲਿਸ ਮੁਤਾਬਕ ਮੌਤ ਦਾ ਅਸਲ ਕਾਰਨ ਸਿਰਫ਼ ਪੋਸਟ-ਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਹੋਰ ਤਹਿਕੀਕਾਤ ਜਾਰੀ ਹੈ।