ਚਾਰ ਸਾਲਾਂ ਦੀ ਇੱਕ ਬੱਚੀ ਨਾਲ ਸਕੂਲ ਬੱਸ ’ਚ ਕਥਿਤ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਹੈ। ਇਸ ਦਾ ਦੋਸ਼ ਉਸ ਬੱਸ ਦੇ ਡਰਾਇਵਰ ’ਤੇ ਲਾਇਆ ਜਾ ਰਿਹਾ ਹੈ।
ਪੁਲਿਸ ਮੁਤਾਬਕ ਪਿੰਜੌਰ (ਹਰਿਆਣਾ) ਦੇ ਇੱਕ ਪਿੰਡ ’ਚ ਰਹਿੰਦੀ ਬੱਚੀ ਰੋਜ਼ਾਨਾ ਪੜ੍ਹਨ ਲਈ ਬੱਦੀ (ਹਿਮਾਚਲ ਪ੍ਰਦੇਸ਼) ਦੇ ਇੱਕ ਪ੍ਰਾਈਵੇਟ ਸਕੂਲ ਜਾਂਦੀ ਰਹੀ ਹੈ। ਪਿੰਡ ’ਚ ਉਹ ਆਪਣੀ ਆਂਟੀ ਨਾਲ ਰਹਿੰਦੀ ਹੈ।
ਸ਼ੁੱਕਰਵਾਰ ਨੂੰ ਵੀ ਉਹ ਬੱਚੀ ਰੋਜ਼ ਵਾਂਗ ਸਕੂਲ ਗਈ ਸੀ। ਘਰ ਪਰਤਣ ’ਤੇ ਉਸ ਨੇ ਆਪਣੀ ਆਂਟੀ ਨੂੰ ਦੱਸਿਆ ਕਿ ਉਸ ਨੂੰ ਪਿਸ਼ਾਬ ਕਰਨ ਵਿੱਚ ਔਖ ਆ ਰਹੀ ਹੈ।
ਆਂਟੀ ਨੇ ਉਸ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਤੇ ਬੱਚੀ ਨੇ ਤਦ ਦੱਸਿਆ ਕਿ ਬੱਸ ਦੇ ਡਰਾਇਵਰ ਨੇ ਕਥਿਤ ਤੌਰ ਉੱਤੇ ਸਕੂਲ ਬੱਸ ਦੇ ਅੰਦਰ ਜਬਰ–ਜਨਾਹ ਕੀਤਾ ਹੈ। ਤਦ ਪੀੜਤ ਬੱਚੀ ਨੂੰ ਪੰਚਕੂਲਾ ਦੇ ਸੈਕਟਰ–6 ਸਥਿਤ ਸਿਵਲ ਹਸਪਤਾਲ ਲਿਜਾਂਦਾ ਗਿਆ। ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਹਸਪਤਾਲ ’ਚ ਡਾਕਟਰਾਂ ਦੀ ਪੂਰੀ ਇੱਕ ਟੀਮ ਉਸ ਪੀੜਤ ਬੱਚੀ ਦਾ ਮੈਡੀਕਲ ਮੁਆਇਨਾ ਕਰ ਰਹੀ ਹੈ।
ਅਜਿਹੀ ਘਿਨਾਉਣੀ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਦੇ ਸਹਾਇਕ ਕਮਿਸ਼ਨਰ ਨੂਪੁਰ ਬਿਸ਼ਨੋਈ ਅਤੇ ਸੈਕਟਰ–19 ਦੀ ਕ੍ਰਾਈਮ ਬ੍ਰਾਂਚ ਦੀ ਟੀਮ ਹਸਪਤਾਲ ਪੁੱਜੀ।
ACP ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੱਕ ਟੀਮ ਮੁਲਜ਼ਮ ਡਰਾਇਵਰ ਦੀ ਗ੍ਰਿਫ਼ਤਾਰੀ ਲਈ ਬੱਦੀ ਗਈ ਹੈ। ਉੱਥੇ ਦੋ ਡਰਾਇਵਰ ਹਨ, ਜਿਹੜੇ ਸਵੇਰ ਤੇ ਸ਼ਾਮ ਦੀਆਂ ਸ਼ਿਫ਼ਟਾਂ ’ਚ ਨੌਕਰੀ ਕਰਦੇ ਹਨ। POCSO ਕਾਨੂੰਨ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।