ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਉਚੇਚੇ ਤੌਰ 'ਤੇ ਮਿਲਣ ਆਈ ਸਿਮਰਨਜੀਤ ਕੌਰ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਹੈ।
ਮੁੱਖ ਮੰਤਰੀ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਾ ਸਿਰਫ ਪੰਜਾਬ ਬਲਕਿ ਦੇਸ਼ ਨੂੰ ਉਸ ਉਪਰ ਮਾਣ ਹੈ ਜਿਸ ਨੇ ਏਸ਼ੀਆ ਓਸੀਨੀਆ ਕੁਆਲੀਫਾਈ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਮੰਚ ਵਿੱਚ ਹਾਜ਼ਰੀ ਭਰਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਇਹ ਮੁੱਕੇਬਾਜ਼ ਪੰਜਾਬ ਦੀਆਂ ਕੁੜੀਆਂ ਲਈ ਵੀ ਚਾਨਣ ਮੁਨਾਰਾ ਹੈ ਜਿਹੜੀਆਂ ਕੁੜੀਆਂ ਲਈ ਨਵੀਂ ਖੇਡ ਮੁੱਕੇਬਾਜ਼ੀ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਧਾਰਣ ਪਰਿਵਾਰ ਦੀ ਧੀ ਦੀ ਇਹ ਆਸਾਧਾਰਣ ਪ੍ਰਾਪਤੀ ਹੈ ਅਤੇ ਉਸ ਨੂੰ ਅੱਗੇ ਵੱਧਣ ਲਈ ਸੂਬਾ ਸਰਕਾਰ ਨੂੰ ਹਰ ਸੰਭਵ ਮੱਦਦ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਲੁਧਿਆਣਾ ਜ਼ਿਲੇ ਦੇ ਪਿੰਡ ਚਕਰ ਦੀ ਇਸ ਮੁੱਕੇਬਾਜ਼ ਨੇ ਪਿੰਡ ਤੋਂ ਹੀ ਆਪਣਾ ਕਰੀਅਰ ਬਣਾਉਣਾ ਸ਼ੁਰੂ ਕੀਤਾ। 2013 ਵਿੱਚ ਜੂਨੀਅਰ ਵਿਸ਼ਨ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ, 2018 ਵਿੱਚ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਅਤੇ 2019 ਵਿੱਚ ਏਸ਼ੀਅਨ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਿਆ। ਮੁਹਾਲੀ ਸਥਿਤ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਿਖੇ ਵੀ ਇਸ ਮੁੱਕੇਬਾਜ਼ ਨੇ ਤਿਆਰੀ ਕੀਤੀ। ਰਾਣਾ ਸੋਢੀ ਨੇ ਮੁੱਕੇਬਾਜ਼ ਨੂੰ ਵਿਸ਼ਵਾਸ ਦਿਵਾਇਆ ਕਿ ਉਸ ਦੀ ਯੋਗਤਾ ਅਨੁਸਾਰ ਖੇਡ ਵਿਭਾਗ ਉਸ ਨੂੰ ਨੌਕਰੀ ਵੀ ਦਿਵਾਏਗਾ।
ਇਸ ਮੌਕੇ ਲੋਕ ਸਭਾ ਮੈਂਬਰ ਪਰਨੀਤ ਕੌਰ, ਸਿਮਰਨਜੀਤ ਕੌਰ ਦੀ ਮਾਤਾ ਰਾਜਪਾਲ ਕੌਰ, ਪ੍ਰਿੰਸੀਪਲ ਸਰਵਣ ਸਿੰਘ, ਉਸ ਦੇ ਮੁੱਢਲੇ ਕੋਚ ਪ੍ਰਿੰ ਬਲਵੰਤ ਸਿੰਘ ਸੰਧੂ, ਪਿੰਡ ਚਕਰ ਦੇ ਪੰਚ ਗੁਰਜੀਤ ਸਿੰਘ ਵੀ ਹਾਜ਼ਰ ਸਨ।
First Punjabi woman boxer to secure Olympic berth @Simranjitboxer calls on Chief Minister @capt_amarinder Singh. Chief Minister announces ₹5 LAC for her, Sports Minister assures government job. pic.twitter.com/g2RUdx4hvk
— Government of Punjab (@PunjabGovtIndia) March 16, 2020
.