ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਰੋਹਾਂ ਦੀ ਸ਼ੁਰੂਆਤ ਡੇਰਾ ਬਾਬਾ ਨਾਨਕ ਸਥਿਤ ਭਾਰਤ-ਪਾਕਿ ਸਰਹੱਦ `ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘਾ-ਦਰਸ਼ਨ ਸਥਾਨ ਤੋਂ ਕਰਨ ਦਾ ਐਲਾਨ ਕੀਤਾ ਹੈ।
ਇਸ ਬਾਰੇ ਅੱਜ ਇੱਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ `ਚ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੀਤ ਪ੍ਰਧਾਨ ਸ. ਰਘੂਜੀਤ ਸਿੰਘ ਵਿਰਕ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ., ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ, ਸ਼੍ਰੋਮਣੀ ਕਮੇਟੀ ਦੇ ਅਹੁਦਾਦਾਰਾਂ ਤੇ ਅਧਿਕਾਰੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਰੋਹਾਂ ਦੀ ਮੁਢਲੀ ਰੂਪ-ਰੇਖਾ ਬਾਰੇ ਇੱਕ ਖ਼ਾਸ ਮੀਟਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਚਾਹੁੰਦੀ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀ ਆਰੰਭਤਾ ਭਾਰਤ-ਪਾਕਿ ਸਰਹੱਦ ’ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘਾ ਦਰਸ਼ਨ ਸਥਲ ਤੋਂ 10 ਅਤੇ 11 ਨਵੰਬਰ ਨੂੰ ਕੀਤੀ ਜਾਵੇ, ਜਿਥੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਲੰਬਾ ਸਮਾਂ ਗੁਜ਼ਾਰਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ 23 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਸਜਾਏ ਜਾਣਗੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਵਿਸ਼ਾਲ ਨਗਰ ਕੀਰਤਨ ਵੀ ਸਜਾਏ ਜਾਣਗੇ, ਜਿਸ ਤਹਿਤ 1 ਅਕਤੂਬਰ ਨੂੰ ਗੁਰਦੁਆਰਾ ਕੋੜੀ ਘਾਟ ਉੱਤਰ ਪ੍ਰਦੇਸ਼ ਤੋਂ ਪਹਿਲਾ ਵਿਸ਼ਾਲ ਨਗਰ ਕੀਰਤਨ ਆਰੰਭ ਹੋ ਕੇ ਹਰਿਆਣਾ ਤੋਂ ਹੁੰਦਾ ਹੋਇਆ 8 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ। ਇਸ ਤੋਂ ਪਹਿਲਾਂ 30 ਸਤੰਬਰ ਨੂੰ ਗੁਰਦੁਆਰਾ ਕੋੜੀ ਘਾਟ ਵਿਖੇ ਇਕ ਵਿਸ਼ਾਲ ਗੁਰਮਤਿ ਸਮਾਗਮ ਵੀ ਹੋਵੇਗਾ। ਇਸ ਤਰ੍ਹਾਂ ਇਕ ਨਗਰ ਕੀਰਤਨ 23 ਫਰਵਰੀ 2019 ਨੂੰ ਗੁਰਦੁਆਰਾ ਮਟਨ ਸਾਹਿਬ ਜੰਮੂ-ਕਸ਼ਮੀਰ ਤੋਂ ਆਰੰਭ ਹੋ ਕੇ 25 ਫਰਵਰੀ 2019 ਨੂੰ ਸੰਪੰਨ ਹੋਵੇਗਾ।
ਹੋਰ ਸਮਾਗਮਾਂ ਦਾ ਵੇਰਵਾ ਦਿੰਦਿਆਂ ਭਾਈ ਲੌਂਗੋਵਾਲ ਨੇ ਦੱਸਿਆ ਕਿ 23 ਮਾਰਚ 2019 ਨੂੰ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ (ਕਰਨਾਟਕਾ) ਵਿਖੇ ਇਕ ਵਿਸ਼ੇਸ਼ ਗੁਰਮਤਿ ਸਮਾਗਮ ਹੋਵੇਗਾ। ਭਾਈ ਲੌਂਗੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਸਫਲਤਾ ਲਈ ਸਮੂਹ ਸਿੱਖ ਜਥੇਬੰਦੀਆਂ, ਸੰਤ ਸਮਾਜ, ਨਿਹੰਗ ਸਿੰਘ ਜਥੇਬੰਦੀਆਂ, ਗੁਰਮਤਿ ਟਕਸਾਲਾਂ, ਸਿੰਘ ਸਭਾਵਾਂ ਸਿੱਖ ਸੰਪਰਦਾਵਾਂ, ਧਾਰਮਿਕ ਸਭਾ-ਸੁਸਾਇਟੀਆਂ ਆਦਿ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਇਕ ਵਿਸ਼ੇਸ਼ ਇਕੱਤਰਤਾ 12 ਅਕਤੂਬਰ ਨੂੰ ਕੀਤੀ ਜਾਵੇਗੀ, ਜਿਸ ਵਿਚ ਸਾਰੀਆਂ ਜਥੇਬੰਦੀਆਂ ਨੂੰ ਸ਼ਮੂਲੀਅਤ ਲਈ ਸੱਦਾ ਦਿੱਤਾ ਜਾਵੇਗਾ।