ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

550ਵਾਂ ਪ੍ਰਕਾਸ਼ ਪੁਰਬ ਮੌਕੇ ਵੀਰਵਾਰ ਨੂੰ ਵੀ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ

550ਵਾਂ ਪ੍ਰਕਾਸ਼ ਪੁਰਬ: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਅੱਜ ਬੁੱਧਵਾਰ ਸਵੇਰੇ 11 ਵਜੇ ਰਾਸ਼ਟਰੀ ਗੀਤ ‘ਜਨ ਗਨ ਮਨ…’ ਨਾਲ ਸ਼ੁਰੂ ਹੋ ਗਿਆ। ਇਸ ਸੈਸ਼ਨ ਦੀ ਖ਼ਾਸੀਅਤ ਇਹ ਰਹੀ ਕਿ ਪੰਜਾਬ ਤੇ ਹਰਿਆਣਾ ਦੋਵੇਂ ਸੁਬਿਆਂ ਦੇ ਮੁੱਖ ਮੰਤਰੀ, ਕੈਬਿਨੇਟ ਮੰਤਰੀ ਤੇ ਵਿਧਾਇਕ ਉੱਥੇ ਮੌਜੂਦ ਰਹੇ। ਪੰਜਾਬ ਤੇ ਹਰਿਆਣਾ ਦੇ ਵਿਧਾਇਕ ਇਸ ਤੋਂ ਪਹਿਲਾਂ ਇੰਝ ਕਦੇ ਵੀ ਇਕੱਠੇ ਨਹੀਂ ਹੋਏ।

 

 

ਭਾਰਤ ਦੇ ਉੱਪ–ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਇਸ ਮੌਕੇ ਮੁੱਖ ਮਹਿਮਾਨ ਵਜੋਂ ਖ਼ਾਸ ਤੌਰ ਉੱਤੇ ਪੁੱਜੇ ਹਨ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਮੌਜੂਦ ਰਹੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਮੌਜੂਦ ਸਨ ਹੀ, ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਵੀ ਉੱਥੇ ਮੌਜੂਦ ਰਹੇ। ਉਨ੍ਹਾਂ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ, ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਾਰਾਇਣ ਆਰਿਆ ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਵੀ ਮੌਜੂਦ ਸਨ।

 

 

ਸਭ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ.ਪੀ. ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਫ਼ਲਸਫ਼ੇ ਬਾਰੇ ਭਾਸ਼ਣ ਦਿੱਤਾ। ਉਨ੍ਹਾਂ ਗੁਰੂ ਜੀ ਦੇ ਇਤਿਹਾਸਕ ਪ੍ਰਕਾਸ਼ ਪੁਰਬ ਮੌਕੇ ਕਰਤਾਪੁਰ ਸਾਹਿਬ ਲਾਂਘਾ ਖੁੱਲ੍ਹਣ ’ਤੇ ਬਹੁਤ ਖ਼ੁਸ਼ੀ ਪ੍ਰਗਟਾਈ।

 

 

ਇਸ ਤੋਂ ਬਾਅਦ ਮੁੱਖ ਭਾਸ਼ਣ ਡਾ. ਮਨਮੋਹਨ ਸਿੰਘ ਹੁਰਾਂ ਦਾ ਹੋਇਆ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਖ਼ਾਸ ਤੌਰ ’ਤੇ ਚਾਨਣਾ ਪਾਇਆ। ਡਾ. ਮਨਮੋਹਨ ਸਿੰਘ ਨੇ ਪੰਜਾਬੀ ਵਿੱਚ ਲਿਖਿਆ ਆਪਣਾ ਭਾਸ਼ਣ ਪੜ੍ਹ ਕੇ ਸੁਣਾਇਆ। ਉਨ੍ਹਾਂ ਕਿਹਾ ਕਿ ਫ਼ਿਰਕਾਪ੍ਰਸਤੀ ਦੇਸ਼ ਲਈ ਵੱਡਾ ਖ਼ਤਰਾ ਹੈ ਤੇ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਦਿਆਂ ਸਦਾ ਸਰਬ–ਸਾਂਝੀਵਾਲਤਾ ਦਾ ਹੀ ਸੁਨੇਹਾ ਦੇਣਾ ਚਾਹੀਦਾ ਹੈ।

550ਵਾਂ ਪ੍ਰਕਾਸ਼ ਪੁਰਬ: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ

 

ਡਾ. ਮਨਮੋਹਨ ਸਿੰਘ ਤੋਂ ਬਾਅਦ ਇਸ ਵਿਸ਼ੇਸ਼ ਸੈਸ਼ਨ ਨੂੰ ਭਾਰਤ ਦੇ ਉੱਪ ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਨੇ ਸੰਬੋਧਨ ਕੀਤਾ। ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਾਫ਼ੀ ਵਿਸਥਾਰਪੂਰਬਕ ਭਾਸ਼ਣ ਦਿੱਤਾ।

 

 

ਇਸ ਵਿਸ਼ੇਸ਼ ਸੈਸ਼ਨ ਲਈ ਪੰਜਾਬ ਵਿਧਾਨ ਸਭਾ ਨੂੰ ਖ਼ਾਸ ਤੌਰ ’ਤੇ ਸਜਾਇਆ ਗਿਆ ਸੀ। ਅੱਜ ਕਿਉਂਕਿ ਬਹੁਤ ਸਾਰੇ VVIPs ਨੇ ਇੱਥੇ ਪੁੱਜਣਾ ਹੈ, ਇਸ ਲਈ ਸੁਰੱਖਿਆ ਦੇ ਵੀ ਬਹੁਤ ਸਖ਼ਤ ਇੰਤਜ਼ਾਮ ਕੀਤੇ ਗਏ ਹਨ।

 

 

ਪੰਜਾਬ ਵਿਧਾਨ ਸਭਾ ਦੇ ਇਸ ਵਿਸ਼ੇਸ਼ ਸੈਸ਼ਨ ਦਾ ਦੂਜਾ ਹਿੱਸਾ ਬਾਅਦ ਦੁਪਹਿਰ 2 ਤੋਂ 2:30 ਦਰਮਿਆਨ ਸ਼ੁਰੂ ਹੋਵੇਗਾ। ਸਭ ਤੋਂ ਪਹਿਲਾਂ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਕੁਝ ਜ਼ਰੂਰੀ ਬਿੱਲ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ।

550ਵਾਂ ਪ੍ਰਕਾਸ਼ ਪੁਰਬ: ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ

 

ਉੱਧਰ ਵਿਰੋਧੀ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿਰਫ਼ ਦੋ ਘੰਟਿਆਂ ਦਾ ਨਹੀਂ, ਸਗੋਂ ਘੱਟੋ–ਘੱਟ ਦੋ ਜਾਂ ਤਿੰਨ ਦਿਨਾਂ ਦਾ ਸੈਸ਼ਨ ਚਾਹੀਦਾ ਸੀ। ਉੱਥੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉੱਤੇ ਖ਼ਾਸ ਚਰਚਾ ਹੋਣੀ ਚਾਹੀਦੀ ਸੀ। ਪਾਰਟੀ ਵੱਲੋਂ ਇਸ ਸਬੰਧੀ ਇੱਕ ਮੈਮੋਰੈਂਡਮ ਵੀ ਸਪੀਕਰ ਸ੍ਰੀ ਰਾਣਾ ਕੇਪੀ ਸਿੰਘ ਹੁਰਾਂ ਨੂੰ ਦਿੱਤਾ ਗਿਆ ਹੈ।

 

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਆਖ ਚੁੱਕੇ ਹਨ ਕਿ ਇਸ ਪਵਿੱਤਰ ਮੌਕੇ ਕੋਈ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਸਗੋਂ ਇਹ ਪੁਰਬ ਪਾਵਨ ਤਰੀਕੇ ਨਾਲ ਹੀ ਮਨਾਇਆ ਜਾਣਾ ਚਾਹੀਦਾ ਹੈ।

 

 

ਉਂਝ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਵੀ ਇਹ ਖ਼ਾਸ ਸੈਸ਼ਨ ਘੱਟੋ–ਘੱਟ 10 ਦਿਨਾਂ ਦਾ ਹੋਣਾ ਚਾਹੀਦਾ ਸੀ।

 

 

ਅਜਿਹੀਆਂ ਆਲੋਚਨਾਵਾਂ ਤੋਂ ਬਾਅਦ ਅੱਜ ਹੀ ਵਿਧਾਨ ਸਭਾ 'ਚ ਇੱਕ ਮਤਾ ਪਾਸ ਕਰ ਕੇ ਸੈਸ਼ਨ ਨੂੰ ਇੱਕ ਦਿਨ ਲਈ ਹੋਰ ਚਲਾਉਣ ਦਾ ਫ਼ੈਸਲਾ ਕੀਤਾ ਗਿਆ। ਹੁਣ ਇਹ ਖ਼ਾਸ ਸੈਸ਼ਨ ਭਲਕੇ ਵੀਰਵਾਰ ਨੂੰ ਵੀ ਹੋਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:550th Prakash Purb Punjab Vidhan Sabha Special Session commences