ਪੁਲਿਸ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਹੈ ਕਿ ਸੂਬੇ ਦੇ ਵੱਖੋ–ਵੱਖਰੇ ਜ਼ਿਲ੍ਹਿਆਂ ’ਚ ਗੈਂਗਸਟਰ ਜੱਗੂ ਭਗਵਾਨਪੁਰੀਆ ਵਿਰੁੱਧ 58 ਅਪਰਾਧਕ ਮਾਮਲੇ ਦਰਜ ਹਨ।
ਦਰਅਸਲ ਸਰਕਾਰ ਨੇ ਹਾਈ ਕੋਰਟ ’ਚ ਇਹ ਗੱਲ ਭਗਵਾਨਪੁਰੀਆ ਦੀ ਉਸ ਖ਼ਦਸ਼ੇ ਤੋਂ ਬਾਅਦ ਆਖੀ ਹੈ, ਜਿਸ ਵਿੱਚ ਉਸ ਨੇ ਆਖਿਆ ਸੀ ਕਿ ਉਸ ਨੂੰ ‘ਝੂਠੇ ਪੁਲਿਸ ਮੁਕਾਬਲੇ’ ’ਚ ਕਤਲ ਕੀਤਾ ਜਾ ਸਕਦਾ ਹੈ। ਇਸੇ ਲਈ ਉਸ ਨੇ ਮੰਗ ਕੀਤੀ ਸੀ ਕਿ ਉਸ ਨੂੰ ਅੰਮ੍ਰਿਤਸਰ ਦੀ ਜੇਲ੍ਹ ’ਚ ਤਬਦੀਲ ਕਰ ਦਿੱਤਾ ਜਾਵੇ।
ਜੱਗੂ ਭਗਵਾਨਪੁਰੀਆ ਇਸ ਵੇਲੇ ਪਟਿਆਲਾ ਜੇਲ੍ਹ ’ਚ ਕੈਦ ਹੈ।
ਆਈਜੀ ਪੁਲਿਸ (ਇੰਟੈਲੀਜੈਂਸ ਬਿਊਰੋ) ਸਰਬਜੀਤ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਜੱਗੂ ਭਗਵਾਨਪੁਰੀਆ ਵਿਰੁੱਧ 58 ਅਪਰਾਧਕ ਮਾਮਲੇ ਦਰਜ ਹਨ ਤੇ ਉਹ ਕਥਿਤ ਤੌਰ ’ਤੇ ਨਸ਼ਿਆਂ ਦੀ ਸਮੱਗਲਿੰਗ ਦੇ ਮਾਮਲੇ ’ਚ ਵੀ ਸ਼ਾਮਲ ਰਿਹਾ ਹੈ।
ਪੰਜਾਬ ਪੁਲਿਸ ਵੱਲੋਂ ਹਾਈ ਕੋਰਟ ਨੂੰ ਇਹ ਵੀ ਆਖਿਆ ਗਿਆ ਕਿ ਦਰਅਸਲ ਜੱਗੂ ਭਗਵਾਨਪੁਰੀਆ ਅੰਮ੍ਰਿਤਸਰ ਦੀ ਜੇਲ੍ਹ ’ਚ ਰਹਿ ਕੇ ਆਪਣੇ ਪੁਰਾਣੇ ਸਾਥੀਆਂ ਦੇ ਸੰਪਰਕ ਵਿੱਚ ਰਹਿਣਾ ਚਾਹੁੰਦਾ ਹੈ। ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ’ਚ ਸਰਗਰਮ ਸੀ। ਉਸ ਵਿਰੁੱਧ ਜ਼ਿਆਦਾਤਰ ਮਾਮਲੇ ਇਨ੍ਹਾਂ ਦੋਵੇਂ ਹੀ ਜ਼ਿਲ੍ਹਿਆਂ ’ਚ ਦਰਜ ਹਲ।
ਪਟਿਆਲਾ ਜੇਲ੍ਹ ਵਿੱਚ ਵੀ ਹੁਣ ਉਸ ਵਿਰੁੱਧ ਤਿੰਨ ਕੇਸ ਦਰਜ ਹੋ ਚੁੱਕੇ ਹਨ; ਜਦੋ ਉਸ ਕੋਲੋਂ ਫ਼ੋਨ ਬਰਾਮਦ ਹੋਏ ਸਨ।
ਪਹਿਲਾਂ ਅਜਿਹੇ ਦੋਸ਼ ਵੀ ਲੱਗੇ ਸਨ ਕਿ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਚਾਲੇ ਪੁਰਾਣਾ ਸਿਆਸੀ ਵਿਰੋਧ ਹੈ; ਜਿਸ ਕਾਰਨ ਜੱਗੂ ਭਗਵਾਨਪੁਰੀਆ ਨੂੰ ‘ਬਲੀ ਦਾ ਬੱਕਰਾ’ ਬਣਾਇਆ ਜਾ ਰਿਹਾ ਹੈ ਪਰ ਪੰਜਾਬ ਪੁਲਿਸ ਨੇ ਹਾਈ ਕੋਰਟ ’ਚ ਇਹੋ ਕਿਹਾ ਕਿ ਸਿਆਸੀ ਪਾਰਟੀਆਂ ਤੇ ਮੰਤਰੀਆਂ ਵਿਰੁੱਧ ਲਾਏ ਗਏ ਦੋਸ਼ਾਂ ਦਾ ਕੋਈ ਆਧਾਰ ਨਹੀਂ ਹੈ।