ਪੰਜਾਬ ’ਚ ਕੌਮਾਂਤਰੀ ਪੱਧਰ ਦੇ ਨਸ਼ਿਆਂ ਦੇ ਸਮੱਗਲਰਾਂ ਦਾ ਇੱਕ ਗਿਰੋਹ ਫੜਿਆ ਗਿਆ ਹੈ। ਉਸ ਕੋਲੋਂ ਹੁਣ ਤੱਕ ਦੀ ਨਸ਼ਿਆਂ ਦੀ ਸਭ ਤੋਂ ਵੱਡੀ 1,000 ਕਰੋੜ ਰੁਪਏ ਤੋਂ ਵੀ ਵੱਧ ਦੀ ਖੇਪ ਬਰਾਮਦ ਹੋਈ ਹੈ।
ਅੰਮ੍ਰਿਤਸਰ ਤੋਂ ਸੁਰਜੀਤ ਸਿੰਘ ਦੀ ਰਿਪੋਰਟ ਮੁਤਾਬਕ ਇੱਕ ਘਰ 'ਚੋਂ ਕੁੱਲ 180 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ’ਚ ਨਸ਼ੇ ਦੀ ਇੱਕ ਫ਼ੈਕਟਰੀ ਚੱਲ ਰਹੀ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਅਫ਼ਗ਼ਾਨ ਨਾਗਰਿਕ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਘਰ ਵਿੱਚ ਚੱਲ ਰਹੀ ਫ਼ੈਕਟਰੀ ਵਿੱਚੋਂ ਕੁਝ ਕੈਮੀਕਲ ਵੀ ਬਰਾਮਦ ਹੋਇਆ ਹੈ, ਜਿਸ ਤੋਂ ਇਹੋ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇੱਥੇ ਸਿੰਥੈਟਿਕ ਤੇ ਮਿਲਾਵਟੀ ਨਸ਼ੇ ਵੀ ਤਿਆਰ ਕੀਤੇ ਜਾ ਰਹੇ ਹਨ।
ਪਹਿਲਾਂ ਵੀ ਜਿਹੜੀ ਨਸ਼ਿਆਂ ਦੀ ਸਭ ਤੋਂ ਵੱਡੀ ਖੇਪ ਬਰਾਮਦ ਹੋਈ ਸੀ, ਉਹ ਵੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਹੀ ਬਰਾਮਦ ਹੋਈ ਸੀ।
ਇਹ ਨਸ਼ੇ ਜ਼ਿਆਦਾਤਰ ਅਫ਼ਗ਼ਾਨਿਸਤਾਨ ਤੋਂ ਪਾਕਿਸਤਾਨ ਰਸਤੇ ਆਉਂਦੇ ਹਨ ਤੇ ਆਮ ਸਾਮਾਨ ਦੀ ਢੋਆ–ਢੁਆਈ ਦੌਰਾਨ ਅਟਾਰੀ–ਵਾਹਗਾ ਬਾਰਡਰ ਰਾਹੀਂ ਇਨ੍ਹਾਂ ਦੀ ਸਪਲਾਈ ਹੁੰਦੀ ਹੈ।
ਫਿਰ ਇਨ੍ਹਾਂ ਨਸ਼ਿਆਂ ਦੀ ਸਪਲਾਈ ਸਿਰਫ਼ ਪੰਜਾਬ ’ਚ ਹੀ ਨਹੀਂ, ਸਗੋਂ ਸਮੁੱਚੇ ਭਾਰਤ ਦੇ ਨਾਲ–ਨਾਲ ਕੈਨੇਡਾ, ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਤੱਕ ਵੀ ਹੁੰਦੀ ਹੈ।