ਲੁੱਟਾਂ-ਖੋਹਾਂ, ਬੈਂਕ ਡਕੈਤੀਆਂ ਤੇ ਕਤਲਾਂ ਦੇ ਮਾਮਲਿਆਂ `ਚ ਪੁਲਿਸ ਨੂੰ ਲੋੜੀਂਦੇ ਸੁੱਖਾ ਕਾਹਲਵਾਂ ਗਿਰੋਹ ਦੇ ਛੇ ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੂੰ ਜਲੰਧਰ ਜਿ਼ਲ੍ਹੇ ਦੇ ਲਾਂਬੜਾਂ ਇਲਾਕੇ `ਚ ਇੱਕ ਨਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਦਾ ਇੱਕ ਸਾਥੀ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਗ੍ਰਿਫ਼ਤਾਰ ਗੈਂਗਸਟਰਾਂ ਤੋਂ 7.65 ਬੋਰ ਦੀਆਂ ਦੋ ਪਿਸਤੌਲਾਂ, ਦੋ ਕਾਰਤੂਸਾਂ ਸਮੇਤ .315 ਬੋਰ ਦੀਆਂ ਦੇਸੀ ਪਿਸਤੌਲਾਂ, 250 ਗ੍ਰਾਮ ਨਸ਼ੀਲਾ ਪਾਊਡਰ, ਦੋ ਤੇਜ਼ਧਾਰ ਹਥਿਆਰ ਅਤੇ ਇੱਕ ਮਾਰੂਤੀ ਅਰਟਿਗਾ ਕਾਰ ਬਰਾਮਦ ਕੀਤੀ ਹੈ।
ਗ੍ਰਿਫ਼ਤਾਰ ਕੀਤੇ ਕਥਿਤ ਗੈਂਗਸਟਰਾਂ ਦੀ ਸ਼ਨਾਖ਼ਤ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ (24) ਵਾਸੀ ਪਿੰਡ ਜੈਰਾਮਪੁਰ ਜਿ਼ਲ੍ਹਾ ਕਪੂਰਥਲਾ; ਗੁਰਪ੍ਰੀਤ ਸਿੰਘ ਉਰਫ਼ ਗੋਪੀ ਸ਼ੂਟਰ (17) ਪਿੰਡ ਘੋੜੇਵਾਹਾ, ਰਾਜਿੰਦਰ ਕੁਮਾਰ ਵੁਰਫ਼ ਬਾਂਗਰ (25) ਵਾਸੀ ਪਿੰਡ ਨਿਆੜਾ, ਸ਼ਹਿਜ਼ਾਦ ਚੌਧਰੀ ਉਰਫ਼ ਛੋਟਾ (20) ਵਾਸੀ ਮੁਹੱਲਾ ਕਮਾਲਪੁਰਾ, ਅਵਿਨਾਸ਼ ਕੁਮਾਰ ਉਰਫ਼ ਸੰਜੂ (27) ਵਾਸੀ ਮੁਹੱਲਾ ਵਿਜੇ ਨਗਰ ਸਾਰੇ ਵਾਸੀ ਹੁਸਿ਼ਆਰਪੁਰ ਜਿ਼ਲਾ ਅਤੇ ਅਮਿਤ ਕੁਮਾਰ ਵੁਰਫ਼ ਕਾਕੂ (19) ਵਾਸੀ ਮੁਹੱਲਾ ਗਾਜ਼ੀ ਗੁੱਲਾ ਜਲੰਧਰ ਵਜੋਂ ਹੋਈ ਹੈ।
ਮੌਕੇ ਤੋਂ ਫ਼ਰਾਰ ਹੋਏ ਮੁਲਜ਼ਮ ਦੀ ਸ਼ਨਾਖ਼ਤ ਰਣਜੀਤ ਸਿੰਘ ਉਰਫ਼ ਰਣੀਆ ਵਾਸੀ ਪਿੰਡ ਪੁਰਹੀਰਾਂ ਜਿ਼ਲ੍ਹਾ ਹੁਸਿ਼ਆਰਪੁਰ ਵਜੋਂ ਹੋਈ ਹੈ।
ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਜਲੰਧਰ ਦੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗੋਪੀ ਨਿੱਝਰ ਜਨਵਰੀ 2015 `ਚ ਸੁੱਖਾ ਕਾਹਲਵਾਂ ਦੇ ਕਤਲ ਪਿੱਛੋਂ ਗੋਪੀ ਨਿੱਝਰ ਹੀ ਇਸ ਗਿਰੋਹ ਨੂੰ ਚਲਾਉਂਦਾ ਆ ਰਿਹਾ ਸੀ। ਉਹ ਇੱਕ ਵਿਰੋਧੀ ਗਿਰੋਹ ਬਿੰਨੀ ਗੁੱਜਰ ਦੇ ਮੈਂਬਰਾਂ `ਤੇ ਹਮਲਾ ਕਰਨ ਦੀ ਸਾਜਿ਼ਸ਼ ਰਚ ਰਿਹਾ ਸੀ। ਬਿੰਨੀ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕਾ ਹੈ।
ਐੱਸਐੱਸਪੀ ਨੇ ਦੱਸਿਆ ਕਿ ਇਹ ਗਿਰੋਹ ਸਰਗਰਮ ਹੈ ਅਤੇ ਇਸ ਦੀ ਯੋਜਨਾ ਇੱਕ ਬੈਂਕ ਅਤੇ ਇੱਕ ਏਟੀਐੱਮ ਲੁੱਟਣ ਦੀ ਸੀ। ਇਸ ਗਿਰੋਹ ਦਾ ਸਰਗਨਾ ਗੋਪੀ ਨਿੱਝਰ ਦਰਅਸਲ ਸੁੱਖਾ ਕਾਹਲਵਾਂ ਕਤਲ ਕਾਂਡ ਦਾ ਮੁੱਖ ਗਵਾਹ ਵੀ ਹੈ। ਉਹ ਬਿਹਾਰ ਜਾਂ ਉੱਤਰ ਪ੍ਰਦੇਸ਼ ਤੋਂ ਅਕਸਰ 20,000 ਰੁਪਏ ਦੀ ਇੱਕ ਪਿਸਤੌਲ ਵੀ ਖ਼ਰੀਦ ਕੇ ਲਿਆਉਂਦਾ ਸੀ ਤੇ ਸਥਾਨਕ ਬਾਜ਼ਾਰ `ਚ ਉਹੀ ਪਿਸਤੌਲ 80,000 ਰੁਪਏ ਤੋਂ ਲੈ ਕੇ 1 ਲੱਖ ਵਿੱਚ ਵੇਚ ਦਿੰਦਾ ਸੀ।
ਗੋਪੀ ਸ਼ੂਟਰ ਨੂੰ ਇਸੇ ਵਰ੍ਹੇ 26 ਜੂਨ ਨੂੰ ਇੱਕ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਉਸ ਨੂੰ ਤਿੰਨ ਮਹੀਨਿਆਂ ਬਾਅਦ ਹੀ ਜ਼ਮਾਨਤ `ਤੇ ਬਾਲ-ਸੁਧਾਰ ਘਰ ਤੋਂ ਰਿਹਾਅ ਕਰ ਦਿੱਤਾ ਸੀ ਕਿਉਂਕਿ ਉਹ ਇੱਕ ਨਾਬਾਲਗ਼ ਸੀ।। ਉਸ ਦੀ ਰਿਹਾਈ ਤੋਂ ਬਾਅਦ, ਉਹ ਮੁੜ ਗਿਰੋਹ `ਚ ਸ਼ਾਮਲ ਹੋ ਗਿਆ ਸੀ।