ਅਗਲੀ ਕਹਾਣੀ

ਬਠਿੰਡਾ-ਮਾਨਸਾ `ਚ ਪਿੰਡਾਂ ਦੇ ਵਾਸੀਆਂ ਨੇ 6 ਹੋਰ ਸਰਕਾਰੀ ਸਕੂਲਾਂ ਨੂੰ ਲਾਏ ਜਿੰਦਰੇ

ਬਠਿੰਡਾ-ਮਾਨਸਾ `ਚ ਪਿੰਡਾਂ ਦੇ ਵਾਸੀਆਂ ਨੇ 6 ਹੋਰ ਸਰਕਾਰੀ ਸਕੂਲਾਂ ਨੂੰ ਲਾਏ ਜਿੰਦਰੇ

ਮਾਨਸਾ ਤੇ ਬਠਿੰਡਾ ਜਿ਼ਲ੍ਹਿਆਂ ਦੇ ਪਿੰਡਾਂ ਦੇ ਵਾਸੀਆਂ ਨੇ ਅੱਜ ਛੇ ਹੋਰ ਸਰਕਾਰੀ ਸਕੂਲਾਂ ਨੂੰ ਜਿੰਦਰੇ ਲਾ ਦਿੱਤੇ। ਇੰਝ ਪਿੰਡ-ਵਾਸੀਆਂ ਵੱਲੋਂ ਜਿੰਦਰੇ ਲਾਏ ਸਕੂਲਾਂ ਦੀ ਗਿਣਤੀ ਵਧ ਕੇ 14 ਹੋ ਗਈ ਹੈ। ਅੱਜ ਬਠਿੰਡਾ ਜਿ਼ਲ੍ਹੇ ਦੇ ਚਾਰ ਅਤੇ ਮਾਨਸਾ ਦੇ ਦੋ ਸਕੂਲਾਂ ਨੂੰ ਬੰਦ ਕਰਵਾਇਆ ਗਿਆ। ਕੱਲ੍ਹ ਸ਼ੁੱਕਰਵਾਰ ਨੂੰ ਮਾਨਸਾ ਜਿ਼ਲ੍ਹੇ ਦੇ ਪਿੰਡਾਂ ਦੇ ਵਾਸੀਆਂ ਨੇ ਅੱਠ ਸਰਕਾਰੀ ਸਕੂਲਾਂ ਨੂੰ ਜਿੰਦਰੇ ਲਾ ਦਿੱਤੇ ਸਨ।


ਪਿੰਡਾਂ ਦੇ ਵਾਸੀਆਂ ਨੇ ਇਹ ਕਦਮ ਉਦੋਂ ਚੁੱਕਿਆ, ਜਦੋਂ ਪੰਜਾਬ ਦੇ ਸਿੱਖਿਆ ਵਿਭਾਗ ਨੇ ਬਠਿੰਡਾ ਤੋਂ 16 ਅਤੇ ਮਾਨਸਾ ਦੇ 12 ਅਧਿਆਪਕਾਂ ਦੇ ਤਬਾਦਲੇ ਤਰਨ ਤਾਰਨ ਦੇ ਸਕੂਲਾਂ `ਚ ਕਰ ਦਿੱਤੇ। ਦਰਅਸਲ, ਇਹ ਤਬਾਦਲੇ ਕਥਿਤ ਤੌਰ `ਤੇ ਰਾਸ਼ਟਰੀ ਮਾਧਿਅਮਕ ਸਿ਼ਖ਼ਸ਼ਾ ਅਭਿਆਨ, ਸਰਵ ਸਿ਼ਖ਼ਸ਼ਾ ਅਭਿਆਨ (ਰਮਸਾ/ਐੱਸਐੱਸਏ) ਅਧਿਆਪਕ ਯੂਨੀਅਨ ਨਾਲ ਜੁੜੇ ਉਨ੍ਹਾਂ ਅਧਿਆਪਕਾਂ ਦੇ ਹੀ ਕੀਤੇ ਜਾ ਰਹੇ ਹਨ; ਜਿਹੜੇ ਇਸ ਵੇਲੇ ਪਟਿਆਲਾ `ਚ ਧਰਨੇ `ਤੇ ਬੇਠੇ ਹਨ।


ਅੱਜ ਬਠਿੰਡਾ ਦੇ ਗੁਲਾਬਗੜ੍ਹ, ਗਹਿਰੀ ਦੇਵੀ ਨਗਰ, ਚੌਹਾਨ ਬਸਤੀ ਤੇ ਕੋਟਲੀ ਸਾਬੋ ਪਿੰਡਾਂ ਦੇ ਸਕੂਲਾਂ ਨੂੰ ਜਿੰਦਰੇ ਲਾਏ ਗਏ।


‘ਹਿੰਦੁਸਤਾਨ ਟਾਈਮਜ਼` ਦੀ ਟੀਮ ਨੇ ਅੱਜ ਮਾਨਸਾ ਜਿ਼ਲ੍ਹੇ ਦੇ ਪਿੰਡ ਕੁਲਰੀਆਂ ਦਾ ਦੌਰਾ ਕੀਤਾ। ਉੱਥੋਂ ਦੇ ਇੱਕੋ-ਇੱਕ ਐਲੀਮੈਂਟਰੀ ਟਰੇਨਡ ਟੀਚਰ ਰਾਜਵਿੰਦਰ ਸਿੰਘ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਮਾਨਸਾ ਤੋਂ 250 ਕਿਲੋਮੀਟਰ ਦੂਰ ਬਦਲ ਕੇ ਨਵਾਂ ਸ਼ਹਿਰ ਜਿ਼ਲ੍ਹੇ ਦੇ ਕਿਸੇ ਸਕੂਲ ਵਿੱਚ ਭੇਜ ਦਿੱਤਾ ਗਿਆ ਹੈ। ਦਰਅਸਲ, ਇਹ ਅਧਿਆਪਕ ਪਟਿਆਲਾ `ਚ ਚੱਲ ਰਹੇ ਅਧਿਆਪਕਾਂ ਦੇ ਰੋਸ ਧਰਨੇ `ਚ ਸਰਗਰਮ ਸੀ। ਪ੍ਰਾਇਮਰੀ ਸਕੂਲ ਦੇ ਬਾਹਰ ਚਟਾਈਆਂ `ਤੇ ਬੈਠੇ 100 ਤੋਂ ਵੱਧ ਬੱਚੇ ਸਰਕਾਰ ਵਿਰੋਧੀ ਨਾਅਰੇ ਲਾ ਰਹੇ ਸਨ ਅਤੇ ਅਧਿਆਪਕਾਂ ਦੇ ਜਬਰੀ ਤਬਾਦਲਿਆਂ ਦੇ ਹੁਕਮ ਵਾਪਸ ਲੈਣ ਦੀ ਮੰਗ ਕਰ ਰਹੇ ਸਨ।


ਸਕੂਲ `ਚ ਤੀਜੀ ਜਮਾਤ ਵਿੱਚ ਪੜ੍ਹਦੀ ਇੱਕ ਬੱਚੀ ਦੇ ਦਾਦਾ ਮਹਿੰਦਰ ਸਿੰਘ ਹੁਰਾਂ ਨੇ ਆਖਿਆ ਕਿ ਇੱਕ ਪਾਸੇ ਤਾਂ ਸਰਕਾਰ ਸਕੂਲਾਂ ਨੂੰ ਅਪਗ੍ਰੇਡ ਕਰਨ ਦੀਆਂ ਗੱਲਾਂ ਕਰਦੀ ਹੈ ਪਰ ਇੱਥੇ ਇੱਕੋ ਅਧਿਆਪਕ ਸੀ, ਉਹ ਵੀ ਬਦਲ ਦਿੱਤਾ ਗਿਆ ਹੈ ਅਤੇ ਹੁਣ ਸਕੂਲ ਸਿਰਫ਼ ਸਿੱਖਿਆ ਪ੍ਰੋਵਾਈਡਰ ਆਸਰੇ ਰਹਿ ਗਿਆ ਹੈ।


ਸਿੱਖਿਆ ਸੇਵਾ ਪ੍ਰੋਵਾਈਡਰ ਨੂੰ ਸਿਰਫ਼ 5,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਹੈ ਤੇ ਉਸ ਨੇ ਇੱਕੋ ਕਮਰੇ `ਚ ਦੋ ਜਮਾਤਾਂ ਸੰਭਾਲਣੀਆਂ ਹੁੰਦੀਆਂ ਹਨ। ਇੱਥੇ ਨਿਯੁਕਤ ਮਹਿਲਾ ਸਿੱਖਿਆ ਪ੍ਰੋਵਾਈਡਰ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ `ਤੇ ਆਖਿਆ ਕਿ ਉਹ ਸਰਕਾਰੀ ਨੌਕਰ ਹੋਣ ਕਾਰਨ ਕੁਝ ਬੋਲ ਨਹੀਂ ਸਕਦੇ। ਇਹ ਸਿੱਖਿਆ ਪੋ੍ਰਵਾਈਡਰ ਵੀ ਬੱਚਿਆਂ ਨਾਲ ਹੀ ਮਜਬੂਰੀਵੱਸ ਬਾਹਰ ਹੀ ਖੜ੍ਹੀ ਸੀ।


ਮਾਨਸਾ ਦੇ ਜਿ਼ਲ੍ਹਾ ਸਿੱਖਿਆ ਅਫ਼ਸਰ ਰਾਜਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਛੇ ਸਕੂਲਾਂ ਦੇ 12 ਅਧਿਆਪਕਾਂ ਦੇ ਤਬਾਦਲਿਆਂ ਦੇ ਹੁਕਮ ਮਿਲੇ ਸਨ। ਉਨ੍ਹਾਂ ਉੱਤੇ ਮਾਨਸਾ `ਚ ਲੱਗ ਰਹੇ ‘ਡਾਇਟ` (ਡਿਸਟ੍ਰਿਕਟ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਟ੍ਰੇਨਿੰਗ - ਜਿ਼ਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾਨ) ਸੈਮੀਨਾਰਾਂ `ਚ ਵਿਘਨ ਪਾਉਣ ਦਾ ਦੋਸ਼ ਸੀ।


11 ਹੋਰ ਅਧਿਆਪਕਾਂ ਦੇ ਤਬਾਦਲੇ ਵੀ ਦੂਰ-ਦੁਰਾਡੇ ਦੇ ਜਿ਼ਲ੍ਹਿਆਂ ਹੁਸਿ਼ਆਰਪੁਰ, ਤਰਨ ਤਾਰਨ ਅਤੇ ਅੰਮ੍ਰਿਤਸਰ `ਚ ਕੀਤੇ ਗਏ ਹਨ। ਇਹ ਅਧਿਆਪਕ ਜਲਵੇੜਾ, ਗਾਮੇਵਾਲਾ, ਸੱਦਾਸਿੰਘਵਾਲਾ, ਡਾਲੋਵਾਲਾ, ਬਾਜੇਵਾਲ, ਕੱਲੋ, ਤਾਮਕੋਟ, ਰੱਲਾ ਕੋਠੇ ਅਤੇ ਭੋਪਾਲ ਪਲਾਟ ਪਿੰਡਾਂ ਦੇ ਸਕੂਲਾਂ ਦੇ ਹਨ ਅਤੇ ਦੋ ਅਧਿਆਪਕ ਰਾਏਓਰ ਪਿੰਡ ਦੇ ਸਕੂਲ ਦੇ ਹਨ।


ਪਬਲਿ ਇੰਸਟ੍ਰਕਸ਼ਨ (ਐਲੀਮੈਂਟਰੀ ਐਜੂਕੇਸ਼ਨ) ਦੇ ਪੰਜਾਬ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਕਿਹਾ ਕਿ ਇਨ੍ਹਾਂ ਤਬਾਦਲਿਆਂ ਦਾ ਰੋਸ ਧਰਨੇ ਤੇ ਮੁਜ਼ਾਹਰਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦਰਅਸਲ, ਤਰਨ ਤਾਰਨ ਦੇ ਜਿ਼ਲ੍ਹਾ ਸਿੱਖਿਆ ਅਧਿਕਾਰੀ ਨੇ ਪ੍ਰਾਇਮਰੀ ਸਕੂਲਾਂ `ਚ ਅਧਿਆਪਕਾਂ ਦੀ ਵੱਡੀ ਘਾਟ ਦਾ ਮੁੱਦਾ ਚੁੱਕਿਆ ਸੀ।


ਉੱਧਰ ਬਠਿੰਡਾ ਦੇ ਜਿ਼ਲ੍ਹਾ ਸਿੱਖਿਆ ਅਧਿਕਾਰੀ (ਐਲੀਮੈਂਟਰੀ) ਗੁਰਦਰਸ਼ਨ ਸਿੰਘ ਨੇ ਆਖਿਆ ਕਿ ਲੋਕਾਂ ਨੇ ਸਕੂਲ ਬੰਦ ਕਰ ਦਿੱਤੇ ਹਨ ਤੇ ਉਨ੍ਹਾਂ ਨੂੰ ਆਸ ਹੈ ਕਿ ਰੋਸ ਧਰਨੇ `ਤੇ ਬੈਠੇ ਅਧਿਆਪਕਾਂ ਦੇ ਮੁੱਦੇ ਸੋਮਵਾਰ ਨੂੰ ਸੁਲਝਾ ਲਏ ਜਾਣਗੇ ਤੇ ਫਿਰ ਸਭ ਕੁਝ ਆਮ ਵਰਗਾ ਹੋ ਜਾਵੇਗਾ।


ਮਾਨਸਾ ਲਾਗੇ ਕੱਲੋ ਪ੍ਰਾਇਮਰੀ ਸਕੂਲ ਦੇ ਅਧਿਆਪਕ ਹਰਦੀਪ ਸਿੰਘ, ਜਿਨ੍ਹਾਂ ਨੂੰ ਨਵਾਂਸ਼ਹਿਰ ਦੇ ਇੱਕ ਪਿੰਡ ਦੇ ਸਕੂਲ ਵਿੱਚ ਤਬਦੀਲ ਕੀਤਾ ਗਿਆ ਹੈ, ਨੇ ਆਖਿਆ ਕਿ ਉਹ ਸਾਲ 2006 ਤੋਂ ਪੜ੍ਹਾ ਰਹੇ ਹਨ। ਹੁਣ ਹਰਦੀਪ ਸਿੰਘ ਹੁਰਾਂ ਨੂੰ 12 ਸਾਲਾਂ ਦੇ ਅਧਿਆਪਨ ਦੇ ਤਜਰਬੇ ਤੋਂ ਬਾਅਦ 15,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ। ਉਨ੍ਹਾਂ ਕਿਹਾ ਕਿ ਅਧਿਆਪਕ ਕਿਉਂਕਿ ਰੋਸ ਮੁਜ਼ਾਹਰੇ ਕਰ ਰਹੇ ਹਨ; ਇਸੇ ਲਈ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਨ੍ਹਾਂ ਦੇ ਤਬਾਦਲੇ 300-300 ਕਿਲੋਮੀਟਰ ਦੂਰ ਸਰਹੱਦੀ ਜਿ਼ਲ੍ਹਿਆਂ ਅੰਮ੍ਰਿਤਸਰ ਜਾਂ ਤਰਨ ਤਾਰਨ ਵਿੱਚ ਕੀਤੇ ਜਾ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6 more schools locked by Bathinda Mansa villagers