65 ਸਾਲਾ ਸਾਬਕਾ ਫ਼ੌਜੀ ਸੁਖਦੇਵ ਸਿੰਘ ਨੇ ਅੱਜ ਆਪਣੀ ਪਤਨੀ ਗੁਰਮੀਤ ਕੌਰ (55) ਦਾ ਕਤਲ ਕਰ ਦਿੱਤਾ। ਇਹ ਘਟਨਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਖੰਡੂਰ ’ਚ ਵਾਪਰੀ।
ਪ੍ਰਾਪਤ ਜਾਣਕਾਰੀ ਅਨੁਸਾਰ ਕਥਿਤ ਮੁਲਜ਼ਮ ਸੁਖਦੇਵ ਸਿੰਘ ਨੇ ਆਪਣੀ ਪਤਨੀ ਨੂੰ ਕਤਲ ਕਰਨ ਲਈ 12 ਬੋਰ ਦੀ ਗੰਨ ਦੀ ਵਰਤੋਂ ਕੀਤੀ। ਆਪਣੇ ਘਰ ਵਿੱਚ ਹੀ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਥਿਤ ਮੁਲਜ਼ਮ ਘਟਨਾ ਸਥਾਨ ਤੋ਼ ਫ਼ਰਾਰ ਹੋ ਗਿਆ। ਕਤਲ ਲਈ ਵਰਤੀ ਗੰਨ ਉਸ ਨੇ ਮੌਕੇ ’ਤੇ ਹੀ ਛੱਡ ਦਿੱਤੀ।
ਪੁਲਿਸ ਮੁਤਾਬਕ ਇਹ ਹੌਲਨਾਕ ਘਟਨਾ ਵਾਪਰਨ ਵੇਲੇ ਪਰਿਵਾਰ ਦੀ ਨੂੰਹ ਜਸਪ੍ਰੀਤ ਕੌਰ ਘਰ ’ਚ ਹੀ ਸੀ। ਉਸ ਨੇ ਦੱਸਿਆ ਕਿ ਪਹਿਲਾਂ ਦੋਵਾਂ ਵਿਚਾਲੇ ਝਗੜਾ ਹੋਇਆ ਤੇ ਗੱਲ ਵਧਦੀ ਚਲੀ ਗਈ।
ਤਦ ਗੁੱਸੇ ਵਿੱਚ ਆ ਕੇ ਸੁਖਦੇਵ ਸਿੰਘ ਨੇ ਆਪਣੀ ਪਤਨੀ ਦੇ ਦੋ ਗੋਲੀਆਂ ਮਾਰੀਆਂ। ਇੱਕ ਗੋਲੀ ਸਿਰ ਵਿੱਚ ਲੱਗੀ ਤੇ ਦੂਜੀ ਛਾਤੀ ਵਿੱਚ, ਜਿਸ ਨਾਲ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟ–ਮਾਰਟਮ ਲਈ ਭੇਜ ਕੇ ਅਗਲੇਰੀ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ।