ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਇੱਕੋ ਦਿਨ ਲੱਗੀ ਪਰਾਲ਼ੀ ਨੂੰ 6,668 ਥਾਵਾਂ ’ਤੇ ਅੱਗ, FIR ਸਿਰਫ਼ 327

ਪੰਜਾਬ ’ਚ ਇੱਕੋ ਦਿਨ ਲੱਗੀ ਪਰਾਲ਼ੀ ਨੂੰ 6,668 ਥਾਵਾਂ ’ਤੇ ਅੱਗ, FIR ਸਿਰਫ਼ 327

ਪੰਜਾਬ ’ਚ ਝੋਨੇ ਦੀ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੰਜਾਬ ਵਿੱਚ ਲਗਾਤਾਰ ਪਰਾਲ਼ੀ ਸਾੜੀ ਜਾ ਰਹੀ ਹੈ ਪਰ ਇਸ ਸਬੰਧੀ ਐੱਫ਼ਆਈਰਜ਼ (FIRs) ਸਿਰਫ਼ 327 ਦਰਜ ਹੋਈਆਂ ਹਨ। ਕੱਲ੍ਹ ਮੰਗਲਵਾਰ ਨੂੰ ਪੰਜਾਬ ਵਿੱਚ ਪਰਾਲ਼ੀ ਸਾੜਨ ਦੀਆਂ 6,668 ਘਟਨਾਵਾਂ ਵਾਪਰੀਆਂ ਹਨ। ਇਹ ਸਰਕਾਰੀ ਰਿਕਾਰਡ ਆਖ ਰਿਹਾ ਹੈ।

 

 

ਇੱਕ ਦਿਨ ਵਿੱਚ ਪਰਾਲ਼ੀ ਸਾੜਨ ਦਾ ਇਹ ਰਿਕਾਰਡ ਅੰਕੜਾ ਹੈ। ਇਸ ਤੋਂ ਬਾਅਦ ਦਿੱਲੀ ਵਾਸੀਆਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਦਿੱਲੀ ’ਚ ਪਿਛਲੇ ਦੋ ਦਿਨਾਂ ਤੋਂ ਆੱਡ–ਈਵਨ ਵਿਵਸਥਾ ਲਾਗੂ ਹੋ ਚੁੱਕੀ ਹੈ; ਜਿਸ ਕਾਰਨ ਉੱਥੇ ਪ੍ਰਦੂਸ਼ਣ ਵਿੱਚ ਥੋੜ੍ਹੀ ਰਾਹਤ ਮਿਲੀ ਹੈ।

 

 

ਪੰਜਾਬ ਰਿਮੋਟ ਸੈਂਸਿੰਗ ਸੈਂਟਰ ਵੱਲੋਂ ਇਕੱਠੇ ਕੀਤੇ ਗਏ ਸੈਟੇਲਾਇਟ ਡਾਟਾ ਮੁਤਾਬਕ ਸੰਗਰੂਰ ਤੇ ਬਠਿੰਡਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਰਹੇ, ਜਿੱਥੇ ਇੱਕ ਦਿਨ ਵਿੱਚ ਪਰਾਲ਼ੀ ਸਾੜਨ ਦੀਆਂ ਕ੍ਰਮਵਾਰ 1,007 ਅਤੇ 945 ਘਟਨਾਵਾਂ ਦਰਜ ਕੀਤੀਆਂ ਗਈਆਂ। ਚੇਤੇ ਰਹੇ ਕਿ ਪਿਛਲੇ ਕੁਝ ਦਿਨਾਂ ਤੋਂ ਦਿੱਲੀ ਦੀ ਹਵਾ ਦੇ ਮਿਆਰ ਵਿੱਚ ਆ ਰਹੀ ਲਗਾਤਾਰ ਗਿਰਾਵਟ ਤੋਂ ਬਾਅਦ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਤਿੰਨ ਰਾਜਾਂ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨੂੰ ਅੱਜ ਬੁੱਧਵਾਰ ਨੂੰ ਵਿਅਕਤੀਗਤ ਤੌਰ ਉੱਤੇ ਪੇਸ਼ ਹੋਣ ਲਈ ਕਿਹਾ ਹੈ। ਪਰ ਕਿਸਾਨ ਆਪਣੀਆਂ ਮਜਬੂਰੀਆਂ ਦੱਸਦੇ ਹੋਏ ਲਗਾਤਾਰ ਪਰਾਲ਼ੀ ਸਾੜ ਰਹੇ ਹਨ।

 

 

ਅੰਕੜਿਆਂ ਮੁਤਾਬਕ 23 ਸਤੰਬਰ ਤੋਂ 5 ਨਵੰਬਰ ਤੱਕ ਪੰਜਾਬ ਵਿੱਚ ਪਰਾਲ਼ੀ ਸਾੜਨ ਦੀਆਂ 37,935 ਘਟਨਾਵਾਂ ਵਾਪਰੀਆਂ ਸਨ। ਜੇ ਇਸ ਦੇ ਮੁਕਾਬਲੇ ਪਿਛਲੇ ਸਾਲ ਦੇ ਅੰਕੜਿਆਂ ਨਾਲ ਕਰੀਏ, ਤਾਂ ਇਹ ਸਾਲ 2018 ਦੇ ਮੁਕਾਬਲੇ 40 ਫ਼ੀ ਸਦੀ ਵੱਧ ਹਨ। ਸੋਮਵਾਰ ਨੂੰ ਪੰਜਾਬ ਵਿੱਚ ਪਰਾਲ਼ੀ ਨੂੰ ਅੱਗ ਲਾਉਣ ਦੀਆਂ 5,953 ਘਟਨਾਵਾਂ ਵਾਪਰੀਆਂ ਸਨ।

 

 

ਜੇ ਜ਼ਿਲ੍ਹਾ–ਵਾਰ ਅੰਕੜੇ ਵੇਖੇ ਜਾਣ, ਤਾਂ ਪਰਾਲ਼ੀ ਸਾੜਨ ਦੇ ਮਾਮਲੇ ਵਿੱਚ ਪੰਜਾਬ ਦਾ ਸੰਗਰੂਰ ਜ਼ਿਲ੍ਹਾ 4,772 ਅਜਿਹੀਆਂ ਘਟਨਾਵਾਂ ਨਾਲ ਐਤਕੀਂ ਵੀ ਸਭ ਤੋਂ ਅੱਗੇ ਰਿਹਾ ਹੈ। ਇਸ ਤੋਂ ਬਾਅਦ ਫ਼ਿਰੋਜ਼ਪੁਰ ’ਚ 4,020 ਅਜਿਹੀਆਂ ਘਟਨਾਵਾਂ ਵਾਪਰੀਆਂ। ਤੀਜੇ ਨੰਬਰ ’ਤੇ ਬਠਿੰਡਾ ਹੈ, ਜਿੱਥੇ 3,535 ਅਜਿਹੀਆਂ ਘਟਨਾਵਾਂ ਵਾਪਰੀਆਂ ਹਨ।

 

 

ਪੰਜਾਬ ਦੇ ਕਿਸਾਨਾਂ ਨੂੰ ਮਸ਼ੀਨਾਂ ਰਾਹੀਂ ਪਰਾਲ਼ੀ ਨੂੰ ਟਿਕਾਣੇ ਲਾਉਣਾ ਕਾਫ਼ੀ ਮਹਿੰਗਾ ਲੱਗਦਾ ਹੈ। ਸੂਬੇ ਦੇ ਕਿਸਾਨਾਂ ਦੀ ਮੰਗ ਹੈ ਕਿ ਜੇ ਪਰਾਲ਼ੀ ਨੂੰ ਸਾੜਨ ਤੋਂ ਬਚਾਉਣਾ ਹੈ, ਤਾਂ ਉਨ੍ਹਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:6668 incidents of stubble burning during a single day in Punjab but FIRs only 327