ਪੰਜਾਬ 'ਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਅੱਜ ਸੂਬੇ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ ਸ਼ੁੱਕਰਵਾਰ ਰਾਤ 12 ਵਜੇ ਤੋਂ ਬਾਅਦ ਨਿੱਜੀ ਅਤੇ ਸਰਕਾਰੀ ਬੱਸਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਸੂਬੇ 'ਚ ਆਟੋ, ਟੈਕਸੀਆਂ, ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ, ਬੈਂਕਵੇਟ ਹਾਲ ਆਦਿ ਬੰਦ ਕਰ ਦਿੱਤੇ ਗਏ ਹਨ। ਫਿਲਹਾਲ ਪੰਜਾਬ 'ਚ ਕੋਰੋਨਾ ਦੇ ਇੱਕ ਪਾਜੀਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ।
ਅੱਜ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 'ਚ ਇੱਕ 70 ਸਾਲਾ ਬਜ਼ੁਰਗ ਦੀ ਮੌਤ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਇਹ ਬਜ਼ੁਰਗ ਕੁਝ ਦਿਨ ਪਹਿਲਾਂ ਇਟਲੀ ਤੋਂ ਪਰਤਿਆ ਸੀ। ਉਸ ਦੀ ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਸਥਿੱਤ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ।
ਫਿਲਹਾਲ ਬਜ਼ੁਰਗ ਦੀ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ ਹੈ। ਬਜ਼ੁਰਗ ਕੋਰੋਨਾ ਪਾਜੀਟਿਵ ਹੈ ਜਾਂ ਨਹੀਂ, ਇਹ ਜਾਨਣ ਲਈ ਉਸ ਦੇ ਖੂਨ ਦੇ ਸੈਂਪਲ ਪੀਜੀਆਈ ਚੰਡੀਗੜ੍ਹ ਵਿਖੇ ਜਾਂਚ ਲਈ ਭੇਜੇ ਗਏ ਹਨ। ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਮ੍ਰਿਤਕ ਵਿਅਕਤੀ ਦੇ ਪਿੰਡ ਨੂੰ ਸੀਲ ਕਰ ਦਿੱਤਾ ਹੈ ਅਤੇ ਬਜ਼ੁਰਗ ਦੇ ਸੰਪਰਕ 'ਚ ਆਏ ਲੋਕਾਂ ਨੂੰ ਆਈਸੋਲੇਸ਼ਨ 'ਚ ਰੱਖਿਆ ਜਾ ਰਿਹਾ ਹੈ।
ਉੱਧਰ ਪੰਜਾਬ 'ਚ ਹੁਣ ਤਕ 2200 ਲੋਕਾਂ ਦੇ ਖੂਨ ਦੇ ਨਮੂਨੇ ਲਏ ਗਏ ਹਨ।
ਰੋਪੜ 'ਚ ਸ਼ੱਕੀ ਮਰੀਜ਼ ਹਸਪਤਾਲ 'ਚ ਦਾਖਲ :
ਕੋਰੋਨਾ ਵਾਇਰਸ ਦੇ ਇੱਕ ਸ਼ੱਕੀ ਮਰੀਜ਼ ਨੂੰ ਰੋਪੜ ਦੇ ਹਸਪਤਾਲ 'ਚ ਆਈਸੋਲੇਸ਼ਨ 'ਚ ਰੱਖਿਆ ਗਿਆ ਹੈ। ਇਹ ਮਰੀਜ਼ ਪਿਛਲੇ ਦਿਨੀਂ ਦੁਬਈ ਤੋਂ ਪਰਤਿਆ ਸੀ। ਉਸ ਨੂੰ ਜੁਕਾਮ ਤੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।