ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਦੇ ਹੁਕਮਾਂ ਦੇ 15 ਦਿਨ ਬਾਅਦ ਵੀ ਮੁਅੱਤਲ ਨਹੀਂ ਹੋਏ ਜਲੰਧਰ ਨਗਰ ਨਿਗਮ ਦੇ 8 ਅਧਿਕਾਰੀ

ਨਵਜੋਤ ਸਿੱਧੂ

15 ਕੁ ਦਿਨ ਪਹਿਲਾਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜਲੰਧਰ ਨਗਰ ਨਿਗਮ ਦੇ ਸ਼ਹਿਰੀ-ਯੋਜਨਾਬੰਦੀ ਵਿੰਗ ਦੇ ਅੱਠ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਹਾਲੇ ਤੱਕ ਉਨ੍ਹਾਂ ਖਿ਼ਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਆਮ ਲੋਕਾਂ ਵਿੱਚ ਇਹੋ ਚਰਚਾ ਹੈ ਕਿ - ‘ਜਲੰਧਰ ਨਗਰ ਨਿਗਮ ਨੂੰ ਨਵਜੋਤ ਸਿੱਧੂ ਦੇ ਹੁਕਮਾਂ ਦੀ ਕੋਈ ਪਰਵਾਹ ਨਹੀਂ ਹੈ।`

ਸਾਰੇ ‘ਮੁਅੱਤਲ` ਅਧਿਕਾਰੀ ਹਾਲੇ ਵੀ ਨਗਰ ਨਿਗਮ ਵਿੱਚ ਆਪਣੀ ਹਾਜ਼ਰੀ ਲਾ ਰਹੇ ਹਨ ਕਿਉਂਕਿ ਉਨ੍ਹਾਂ ਦੀ ਮੁਅੱਤਲੀ ਦੇ ਕੋਈ ਲਿਖਤੀ ਹੁਕਮ ਜਾਰੀ ਨਹੀਂ ਹੋਏ।

ਬੀਤੀ 14 ਜੂਨ ਨੂੰ ਨਵਜੋਤ ਸਿੱਧੂ ਨੇ ਗ਼ੈਰ-ਕਾਨੂੰਨੀ ਕਾਲੋਨੀਆਂ ਦੇ ਮੁੱਦੇ `ਤੇ ਜਲੰਧਰ `ਚ ਅਚਾਨਕ ਛਾਪਾ ਮਾਰਿਆ ਸੀ ਅਤੇ ਉਨ੍ਹਾਂ ਬਿਲਡਿੰਗ ਬ੍ਰਾਂਚ ਦੇ ਅੱਠ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਸਨ।

ਉਦੋਂ ਮੁਅੱਤਲ ਕੀਤੇ ਕੀਤੇ ਅਧਿਕਾਰੀਆਂ ਦੇ ਨਾਂਅ ਇਸ ਪ੍ਰਕਾਰ ਹਨ: ਸ਼ਹਿਰ ਦੇ ਦੋ ਸੀਨੀਅਰ ਯੋਜਨਾਕਾਰ ਪਰਮਪਾਲ ਸਿੰਘ ਤੇ ਮੋਨਿਕਾ ਆਨੰਦ, ਨਗਰ ਟਾਊਨ ਪਲੈਨਰ ਮਿਹਰਬਾਨ ਸਿੰਘ, ਦੋ ਸਹਾਇਕ ਟਾਊਨ ਪਲੈਨਰ ਨਰੇਸ਼ ਮਹਿਤਾ ਤੇ ਬਲਵਿੰਦਰ ਸਿੰਘ ਅਤੇ ਤਿੰਨ ਬਿਲਡਿੰਗ ਇੰਸਪੈਕਟਰ ਨੀਰਜ ਸ਼ਰਮਾ, ਪੂਜਾ ਮਾਨ ਤੇ ਅਜੀਤ ਸ਼ਰਮਾ।

ਇਸ ਮਾਮਲੇ ਦੀ ਜਾਂਚ ਨਗਰ ਨਿਗਮ ਦੇ ਸੰਯੁਕਤ ਨਿਰਦੇਸ਼ਕ ਸਿ਼ਖ਼ਾ ਭਗਤ ਦੀ ਅਗਵਾਈ ਹੇਠ ਹੋ ਰਹੀ  ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੰਗਲਵਾਰ ਨੂੰ ਉੱਚ ਅਧਿਕਾਰੀਆਂ ਨੂੰ ਉਨ੍ਹਾਂ ਸਾਰੀਆਂ 35 ਥਾਵਾਂ ਬਾਰੇ ਰਿਪੋਰਟ ਭੇਜੀ ਸੀ, ਜਿੱਥੇ-ਜਿੱਥੇ ਵੀ ਮੰਤਰੀ ਨਵਜੋਤ ਸਿੰਘ ਸਿੱਧੂ ਗਏ ਸਨ। ਉਨ੍ਹਾਂ ਕਿਹਾ ਕਿ ਉਹ ਰਿਪੋਰਟ ਕਿਉਂਕਿ ਗੁਪਤ ਹੈ, ਇਸ ਲਈ ਉਹ ਇਸ ਬਾਰੇ ਬਹੁਤਾ ਕੁਝ ਨਹੀਂ ਦੱਸ ਸਕਦੇ।

ਮੇਅਰ ਜਗਦੀਸ਼ ਰਾਣਾ ਨੇ ਕਿਹਾ,‘‘ਮੰਤਰੀ ਸਿੱਧੂ ਜਿੱਥੇ ਵੀ ਗਏ, ਉਨ੍ਹਾਂ ਸਾਰੀਆਂ ਥਾਵਾਂ `ਤੇ ਉਲੰਘਣਾਵਾਂ ਹੋਈਆਂ ਪਾਈਆਂ ਗਈਆਂ ਸਨ। ਉੱਚ ਅਧਿਕਾਰੀਆਂ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।``

ਉੱਧਰ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਬਸੰਤ ਗਰਗ ਕਿਉਂਕਿ ਛੁੱਟੀ `ਤੇ ਚਲੇ ਗਏ ਸਨ, ਇਸੇ ਲਈ ਜਾਂਚ ਰਿਪੋਰਟ ਵਿੱਚ ਦੇਰੀ ਹੋ ਗਈ ਹੈ। ਉਨ੍ਹਾਂ ਕਿਹਾ,‘ਰਿਪੋਰਟ ਸਾਨੂੰ ਮੰਗਲਵਾਰ ਨੂੰ ਮਿਲੀ ਹੈ, ਜਿਸ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਡਾਇਰੈਕਟਰ ਨੇ ਵੀ ਇਸ ਨੂੰ ਅੱਗੇ ਭੇਜ ਦਿੱਤਾ ਹੈ। ਜਲੰਧਰ ਨਗਰ ਨਿਗਮ ਦੇ ਮੁਅੱਤਲਸ਼ੁਦਾ ਅਧਿਕਾਰੀਆਂ ਨੂੰ ਰਸਮੀ ਹੁਕਮ ਅੱਜ ਭਾਵ ਵੀਰਵਾਰ ਨੂੰ ਜਾਰੀ ਹੋ ਜਾਣਗੇ।`

ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਰਿਪੋਰਟ ਵਿੱਚ ਅੱਠ `ਚੋਂ ਇੱਕ ਅਧਿਕਾਰੀ ਪੂਜਾ ਮਾਨ ਨੂੰ ਬਰੀ ਕਰ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਹਾਲੇ ਪਿੱਛੇ ਜਿਹੇ ਨੌਕਰੀ ਜੁਆਇਨ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:8 jalandhar officials still not suspended ordered by Navjot Sidhu