ਚੰਡੀਗੜ੍ਹ ਦੀ ਸਬਜ਼ੀ ਮੰਡੀ ’ਚ ਇਸ ਵੇਲੇ 800 ਦੇ ਲਗਭਗ ਟ੍ਰਾਂਸਪੋਰਟਰ ਫਸੇ ਹੋਏ ਹਨ। ਕੋਰੋਨਾ–ਲੌਕਡਾਊਨ ਤੇ ਕਰਫ਼ਿਊ ਕਾਰਨ ਪੂਰੇ ਦੇਸ਼ ’ਚ ਹੀ ਲੱਖਾਂ ਲੋਕ ਇੰਝ ਹੀ ਫਸੇ ਹੋਏ ਹਨ।
ਚੰਡੀਗੜ੍ਹ ਦੇ ਸੈਕਟਰ 26 ਸਥਿਤ ਸਬਜ਼ੀ ਮੰਡੀ ’ਚ ਫਸੇ ਹੋਏ ਜ਼ਿਆਦਾਤਰ ਡਰਾਇਵਰ ਤੇ ਕੰਡਕਟਰ (ਟ੍ਰਾਂਸਪੋਰਟਰ) ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਹਨ।
ਸੈਕਟਰ–26 ਦੀ ਪਾਰਕਿੰਗ ’ਚ ਇਸ ਵੇਲੇ 60 ਟਰੱਕ ਖੜ੍ਹੇ ਹਨ। ਗ਼ਾਜ਼ੀਆਬਾਦ ਦੇ ਪੰਚਮ ਜੈਸਵਾਲ ਨੇ ਦੱਸਿਆ ਕਿ ਉਹ ਇੱਥੇ ਪਿਛਲੇ ਇੱਕ ਹਫ਼ਤੇ ਤੋਂ ਚੰਡੀਗੜ੍ਹ ’ਚ ਡਸੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਉਨ੍ਹਾਂ ਨੂੰ ਯਾਤਰਾ ਕਰਨ ਦੀ ਖਾਸ ਇਜਾਜ਼ਤ ਦੇ ਸਕਦੀ ਸੀ ਪਰ ਉਹ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਤੋਂ ਬਚਣ ਲਈ ਖੁਦ ਹੀ ਇੱਥੇ ਰਹਿ ਰਹੇ ਹਨ।
ਉਨ੍ਹਾਂ ਦੱਸਿਆ ਕਿ ਟਰੱਕ ਦੀ ਪਾਰਕਿੰਗ ਲਈ ਉਨ੍ਹਾਂ ਤੋਂ 150 ਰੁਪਏ ਰੋਜ਼ਾਨਾ ਲਏ ਜਾ ਰਹੇ ਹਨ ਤੇ ਹੁਣ ਪੈਸੇ ਵੀ ਖ਼ਤਮ ਹੋ ਗਏ ਹਨ ਤੇ ਖਾਣੇ ਲਈ ਵੱਖੋ–ਵੱਖਰੀਆਂ ਸਮਾਜ–ਸੇਵੀ ਜੱਥੇਬੰਦੀਆਂ ਉੱਤੇ ਨਿਰਭਰ ਰਹਿਣਾ ਪੈ ਰਿਹਾ ਹੈ।
ਹਰਿਆਣਾ ਦੇ ਚੈਨ ਸਿੰਘ ਨੇ ਦੱਸਿਆ ਕਿ ਇਸ ਵੇਲੇ ਇੱਥੇ ਰਹਿ ਰਹੇ ਟਰੱਕ ਡਰਾਇਵਰ ਹੁਣ ਕੋਈ ਨਾ ਕੋਈ ਕੰਮ ਭਾਲ਼ ਰਹੇ ਹਨ। ਉਨ੍ਹਰਾਂ ਦੱਸਿਆ ਕਿ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਮੰਡੀ ’ਚ ਪਿਆਜ਼ ਸਪਲਾਈ ਕਰਨ ਦਾ ਕੰਮ ਮਿਲਿਆ ਹੈ ਤੇ ਉਹ ਅੱਜ ਐਤਵਾਰ ਨੂੰ ਰਵਾਨਾ ਹੋ ਰਹੇ ਹਨ।
ਨਗਰ ਨਿਗਮ ਪਾਰਕਿੰਗ ਦੇ ਟਿਕਟ ਕੁਲੈਕਟਰ ਨੇ ਦੱਸਿਆ ਕਿ ਇੱਥੇ ਬਹੁਤ ਸਾਰੇ ਟ੍ਰਾਂਸਪੋਰਟਰ ਰਹਿ ਰਹੇ ਹਨ। ਉਸ ਨੇ ਦੱਸਿਆ ਕਿ ਕਰਫ਼ਿਊ ਦੀ ਸ਼ੁਰੂਆਤ ਤੋਂ ਹੁਣ ਤੱਕ ਇੱਥੇ 300 ਤੋਂ ਵੱਧ ਟਰੱਕ ਆ ਚੁੱਕੇ ਹਨ। ਉਸ ਨੇ ਕਿਹਾ ਕਿ ਇੱਥੇ ਇੰਨੇ ਲੋਕ ਬਾਹਰੋਂ ਆ ਰਹੇ ਹਨ ਤੇ ਸਭ ਨੂੰ ਕੋਰੋਨਾ ਵਾਇਰਸ ਦੀ ਲਾਗ ਦਾ ਖ਼ਤਰਾ ਹੈ।
ਕੁਲੈਕਟਰ ਨੇ ਸ਼ਿਕਾਇਤ ਕੀਤੀ ਕਿ ਨਗਰ ਨਿਗਮ ਨੇ ਉਸ ਨੂੰ ਕੋਈ ਮਾਸਕ ਤੇ ਸੁਰੱਖਿਆ ਲਈ ਕੋਈ ਹੋਰ ਉਪਕਰਣ ਵੀ ਨਹੀਂ ਦਿੱਤਾ।
ਚੰਡੀਗੜ੍ਹ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਬੀਐੱਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਸਲਾਹਕਾਰ ਨੂੰ ਚਿੱਠੀ ਲਿਖੀ ਸੀ ਕਿ ਲੌਕਡਾਊਨ ਤੇ ਕਰਫ਼ਿਊ ਦੌਰਾਨ ਪਾਰਕਿੰਗ ਦੀ ਫ਼ੀਸ ਖ਼ਤਮ ਕੀਤੀ ਜਾਵੇ। ਉੱਧਰ ਸੈਕਟਰ 26 ਦੇ ਕੌਂਸਲਰ ਦਲੀਪ ਸ਼ਰਮਾ ਨੇ ਕਿਹਾ ਕਿ ਉਹ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਆਖਣਗੇ ਕਿ ਕਰਫ਼ਿਊ ਦੌਰਾਨ ਪਾਰਕਿੰਗ ਫ਼ੀਸ ਵਸੂਲਣੀ ਬੰਦ ਕਰਨ।