ਪਿਛਲੇ ਤਿੰਨ ਮਹੀਨਿਆਂ ਦੌਰਾਨ ਜਦ ਤੋਂ ਕੋਰੋਨਾ ਵਾਇਰਸ ਫੈਲਣ ਲੱਗਾ ਹੈ, ਤਦ ਤੋਂ 90,000 ਐੱਨਆਰਆਈਜ਼ (NRIs) ਪੰਜਾਬ ਪਰਤੇ ਹਨ। ਇਸੇ ਦੌਰਾਨ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਹਸਪਤਾਲਾਂ ’ਚ ਕੋਰੋਨਾ ਮਰੀਜ਼ਾਂ ਲਈ ਵੱਖਰੇ (ਆਈਸੋਲੇਟਡ) ਵਾਰਡ ਬਣਾਉਣ ਲਈ ਕੇਂਦਰ ਸਰਕਾਰ ਤੋਂ ਮਦਦ ਮੰਗੀ ਹੈ।
ਪੰਜਾਬ ਦੇ ਸਿਹਤ ਮੰਤਰੀ ਬੀਐੱਸ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ NRIs ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਪਿਛਲੇ ਤਿੰਨ ਕੁ ਮਹੀਨਿਆਂ ਦੌਰਾਨ 90,000 ਪੰਜਾਬੀ ਆਪਣੇ ਵਤਨ ਪਰਤੇ ਹਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਕੇਂਦਰ ਤੋਂ 150 ਕਰੋੜ ਰੁਪਏ ਦੀ ਮਦਦ ਮੰਗੀ ਹੈ, ਤਾਂ ਜੋ ਆਈਸੋਲੇਸ਼ਨ ਵਾਰਡਾਂ ਤੇ ਹੋਰ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾ ਸਕੇ।
ਪੰਜਾਬ ਦੇ ਸਿਹਤ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਪੰਜ ਐੱਮਪੀਜ਼ ਬੀਤੇ ਦਿਨੀਂ ਇਸੇ ਮਾਮਲੇ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੂੰ ਮਿਲੇ ਸਨ।
ਸਿਹਤ ਮੰਤਰਾਲੇ ਮੁਤਾਬਕ ਹੁਣ ਦੇਸ਼ ਵਿੱਚ ਕੋਰੋਨਾ–ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਵਧ ਕੇ 499 ਹੋ ਗਈ ਹੈ। ਇਨ੍ਹਾਂ ਵਿੱਚ ਵਿਦੇਸ਼ੀ ਨਾਗਰਿਕ ਵੀ ਹਨ।
ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਕੱਲ੍ਹ ਸੋਮਵਾਰ ਨੂੰ ਸਮੁੱਚੇ ਸੂਬੇ ’ਚ ਕਰਫ਼ਿਊ ਲਾ ਦਿੱਤਾ ਹੈ ਤੇ ਮੁੱਖ ਮੰਤਰੀ ਰਾਹਤ ਕੋਸ਼ ’ਚੋਂ 20 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਤਾਂ ਜੋ ਸੰਕਟ ਦੀ ਇਸ ਘੜੀ ’ਚ ਲੋਕਾਂ ਦੀ ਮਦਦ ਕੀਤੀ ਜਾ ਸਕੇ।
ਇਸ ਤੋਂ ਇਲਾਵਾ ਬਿਜਲੀ, ਸੀਵਰੇਜ ਤੇ ਪਾਣੀ ਦੇ ਬਿਲ ਭਰਨ ਦੀ ਆਖ਼ਰੀ ਤਰੀਕ ਵੀ ਅੱਗੇ ਵਧਾ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਅਜਿਹੇ ਲੋਕਾਂ ਵਿਰੁੱਧ ਵੀ ਸਖ਼ਤੀ ਕੀਤੀ ਜਾ ਰਹੀ ਹੈ; ਜਿਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਹਾਲੇ ਸ਼ੱਕੀ ਮਰੀਜ਼ਾਂ ਦੇ ਵਰਗ ’ਚ ਰੰਖਿਆ ਗਿਆ ਹੈ; ਜੇ ਉਹ ਆਪਣੇ ਘਰਾਂ ਤੋਂ ਬਾਹਰ ਨਿੱਕਲਦੇ ਹਨ। ਉਨ੍ਹਾਂ ਨੂੰ ਆਪਣੇ ਘਰਾਂ ’ਚੋਂ ਬਾਹਰ ਨਿੱਕਲਣ ਦੀ ਇਜਾਜ਼ਤ ਨਹੀਂ ਹੈ।