ਪੂਰੀ ਦੁਨੀਆ ਦੇ ਨਾਲ-ਨਾਲ ਕੋਰੋਨਾ ਵਾਇਰਸ ਦੇ ਸਾਏ ਹੇਠ ਪੰਜਾਬ ਵੀ ਬੁਰੀ ਤਰ੍ਹਾਂ ਆ ਗਿਆ ਹੈ ਅਤੇ ਸੂਬੇ ਅੰਦਰ ਕੋਰੋਨਾ ਦਾ ਕਹਿਰ ਬੇਰੋਕ ਜਾਰੀ ਹੈ। ਕੋਰੋਨਾ ਵਾਇਰਸ ਕਾਰਨ ਅੱਜ ਜਲੰਧਰ ਵਾਸੀ 91 ਸਾਲਾ ਬਜ਼ੁਰਗ ਦੀ ਮੌਤ ਹੋ ਗਈ। ਸੂਬੇ 'ਚ ਕੋਰੋਨਾ ਵਾਇਰਸ ਹੁਣ ਤਕ 32 ਲੋਕਾਂ ਦੀ ਜਾਨ ਲੈ ਚੁੱਕਾ ਹੈ।
ਜਾਣਕਾਰੀ ਮੁਤਾਬਿਕ ਕੋਰੋਨਾ ਵਾਇਰਸ ਤੋਂ ਪੀੜਤ ਦਰਸ਼ਨ ਸਿੰਘ (91) ਵਾਸੀ ਪਿੰਡ ਕਬੂਲਪੁਰ, ਜੰਡੂਸਿੰਘਾ, ਜਲੰਧਰ ਦੀ ਬੀਤੀ ਰਾਤ ਇਲਾਜ ਦੌਰਾਨ ਮੌਤ ਹੋ ਗਈ ਹੈ। ਹੁਣ ਜ਼ਿਲ੍ਹਾ ਜਲੰਧਰ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ। ਦਰਸ਼ਨ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਦਾ ਸੀ.ਐਮ.ਸੀ. ਲੁਧਿਆਣਾ 'ਚ ਇਲਾਜ ਚੱਲ ਰਿਹਾ ਸੀ।
ਪੰਜਾਬ 'ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਹੁਣ ਤਕ 32 ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਕੋਰੋਨਾ ਕਾਰਨ ਸੂਬੇ ਦੇ ਜਲੰਧਰ ਸ਼ਹਿਰ 'ਚ 6 ਮੌਤਾਂ, ਅੰਮ੍ਰਿਤਸਰ 'ਚ 3 ਮੌਤਾਂ, ਲੁਧਿਆਣਾ 'ਚ 6, ਗੁਰਦਾਸਪੁਰ 'ਚ 1, ਐਸ.ਬੀ.ਐਸ. ਨਗਰ (ਨਵਾਂਸ਼ਹਿਰ) 'ਚ 1, ਮੋਹਾਲੀ 'ਚ 3, ਪਟਿਆਲਾ 'ਚ 2, ਹੁਸ਼ਿਆਰਪੁਰ 'ਚ 4, ਫਿਰੋਜ਼ਪੁਰ 'ਚ 1, ਪਠਾਨਕੋਟ 'ਚ 1, ਕਪੂਰਥਲਾ 'ਚ 2, ਬਰਨਾਲਾ 'ਚ 1 ਅਤੇ ਰੋਪੜ 'ਚ 1 ਮੌਤ ਹੋ ਚੁੱਕੀ ਹੈ।
ਪੰਜਾਬ 'ਚ ਅੱਜ ਸੋਮਵਾਰ ਸਵੇਰ ਤਕ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1896 ਹੋ ਗਈ ਹੈ। ਅੱਜ ਮੋਗਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਮੋਗਾ 'ਚ ਕੁਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 58 ਹੋ ਗਈ ਹੈ। ਉੱਥੇ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਪਿੰਡ ਮਹਿਰਮਪੁਰ 'ਚ ਇੱਕ ਵਿਅਕਤੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕੁਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 104 ਹੋ ਗਈ ਹੈ।