ਪੰਜਾਬ ’ਚ ਬੀਤੇ ਕੱਲ੍ਹ ਭਾਵ ਐਤਵਾਰ ਨੂੰ 92 ਲੱਖ ਲੋਕਾਂ ਨੇ ਵੋਟਾਂ ਨਹੀਂ ਪਾਈਆਂ। ਉਂਝ ਵੀ ਸਾਲ 2014 ਦੇ ਮੁਕਾਬਲੇ ਇਸ ਵਾਰ ਵੋਟਿੰਗ ਵਿੱਚ 5 ਫ਼ੀ ਸਦੀ ਕਮੀ ਦਰਜ ਕੀਤੀ ਗਈ। ਪੰਜਾਬ ਵਿੱਚ ਵੋਟਰਾਂ ਦੀ ਕੁੱਲ ਗਿਣਤੀ 2.7 ਕਰੋੜ ਹੈ।
ਸਾਲ 2014 ਦੌਰਾਨ ਪੰਜਾਬ ਵਿੱਚ 70.89 ਫ਼ੀ ਸਦੀ ਵੋਟਾਂ ਪਈਆਂ ਸਨ ਪਰ ਇਸ ਵਾਰ ਇਹ ਫ਼ੀ ਸਦ ਸਿਰਫ਼ 65.96 ਰਹਿ ਗਈ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਅੰਮ੍ਰਿਤਸਰ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਅਨੰਦਪੁਰ ਸਾਹਿਬ, ਲੁਧਿਆਣਾ ਤੇ ਫ਼ਰੀਦਕੋਟ ਹਲਕਿਆਂ ਵਿੱਚ ਇਸ ਵਾਰ ਵੱਧ ਵੋਟਾਂ ਪੈਣ ਦੀ ਆਸ ਸੀ।
ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿੱਚ 278 ਉਮੀਦਵਾਰ ਚੋਣ ਮੈਦਾਨ ਵਿੱਚ ਸਨ।
ਪਟਿਆਲਾ ’ਚ ਕੁੱਲ 67.77 ਫ਼ੀ ਸਦੀ ਵੋਟਾਂ ਪਈਆਂ, ਜੋ ਕਿ ਸੂਬੇ ਦੀਆਂ ਔਸਤਨ ਵੋਟਾਂ ਤੋਂ ਵੱਧ ਹੈ। ਇਸ ਹਲਕੇ ਤੋਂ ਐਤਕੀਂ ਕੁਝ ਵੱਧ ਵੋਟਾਂ ਪੈਣ ਦੀ ਆਸ ਵੀ ਸੀ। ਇੱਥੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਚੋਣ ਮੈਦਾਨ ’ਚ ਹਨ।
ਉੱਧਰ ਬਠਿੰਡਾ ਹਲਕੇ ਵਿੱਚ 74.10 ਫ਼ੀ ਸਦੀ ਵੋਟਾਂ ਪਈਆਂ, ਜੋ ਸਮੁੱਚੇ ਪੰਜਾਬ ਵਿੱਚ ਸਭ ਤੋਂ ਵੱਧ ਹਨ। ਇੱਥੋਂ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ’ਚ ਹਨ।
ਪੰਜਾਬ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਗੁਲਜ਼ਾਰ ਸਿੰਘ ਰਣੀਕੇ (ਜੋ ਐਤਕੀਂ ਫ਼ਰੀਦਕੋਟ ਸੰਸਦੀ ਹਲਕੇ ਤੋਂ ਉਮੀਦਵਾਰ ਵੀ ਹਨ) ਦੇ ਅਟਾਰੀ ਹਲਕੇ ਵਿੱਚ ਸਭ ਤੋਂ ਘੱਟ 49 ਫ਼ੀ ਸਦੀ ਪੋਲਿੰਗ ਹੋਈ। ਉਸ ਤੋਂ ਅੰਮ੍ਰਿਤਸਰ (ਪੱਛਮੀ) ਦੇ 49.24 ਫ਼ੀ ਸਦੀ ਵੋਟਰਾਂ ਨੇ ਵੋਟਾਂ ਪਾਈਆਂ।
ਉੱਧਰ ਬੁਢਲਾਢਾ ਵਿਧਾਨ ਸਭਾ ਹਲਕੇ (ਜੋ ਬਠਿੰਡਾ ਸੰਸਦੀ ਹਲਕੇ ਵਿੱਚ ਪੈਂਦਾ ਹੈ) ਵਿੱਚ ਇਸ ਵਾਰ ਸਭ ਤੋਂ ਵੱਧ 78.8 ਫ਼ੀ ਸਦੀ ਪੋਲਿੰਗ ਹੋਈ ਸੀ। ਉਸ ਤੋਂ ਬਾਅਦ 77.97 ਫ਼ੀ ਸਦੀ ਨਾਲ ਜਲਾਲਾਬਾਦ ਦਾ ਨੰਬਰ ਆਉਂਦਾ ਹੈ। ਇਸ ਹਲਕੇ ਤੋਂ ਸ੍ਰੀ ਸੁਖਬੀਰ ਬਾਦਲ ਵਿਧਾਇਕ ਹਨ, ਜੋ ਇਸ ਵਾਰ ਫ਼ਿਰੋਜ਼ਪੁਰ ਸੰਸਦੀ ਹਲਕੇ ਤੋਂ ਉਮੀਦਵਾਰ ਵੀ ਹਨ।