ਅਗਲੀ ਕਹਾਣੀ

ਅਕਾਲੀ ਦਲ ਦੇ ਡੂੰਘੇ ਸੰਕਟ ਨੇ 93 ਸਾਲਾ ਬਾਦਲ ਨੂੰ ਉਤਾਰਿਆ ਮੈਦਾਨ `ਚ

ਅਕਾਲੀ ਦਲ ਦੇ ਡੂੰਘੇ ਸੰਕਟ ਨੇ 93 ਸਾਲਾ ਬਾਦਲ ਨੂੰ ਉਤਾਰਿਆ ਮੈਦਾਨ `ਚ

ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ `ਚ ਬੇਅਦਬੀ ਦੀਆਂ ਘਟਨਾਵਾਂ ਲਈ ਜਿ਼ੰਮੇਵਾਰ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੋ ਜਿਹੇ ਡੂੰਘੇ ਸੰਕਟ ਦਾ ਸਾਹਮਣਾ ਹੁਣ ਕਰਨਾ ਪੈ ਰਿਹਾ ਹੈ, ਅਜਿਹੀ ਸਥਿਤੀ ਉਸ ਲਈ ਪਹਿਲਾਂ ਕਦੇ ਵੀ ਪੈਦਾ ਨਹੀਂ ਹੋਈ। ਕੁਝ ਸੀਨੀਅਰ ਅਕਾਲੀ ਆਗੂਆਂ ਨੇ ਪਾਰਟੀ ਲੀਡਰਸਿ਼ਪ ਦਾ ਵਿਰੋਧ ਸ਼ੁਰੂ ਕਰ ਕੇ ਆਪਣੇ ਬਾਗ਼ੀ ਸੁਰ ਵੀ ਵਿਖਾਉਣੇ ਸ਼ੁਰੂ ਕਰ ਦਿੱਤੇ ਸਨ। ਅਜਿਹੇ ਕੁਝ ਕਾਰਨਾਂ ਕਰ ਕੇ ਹੀ 93 ਸਾਲਾਂ ਦੇ ਸ੍ਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਉਂਦੀ 7 ਅਕਤੂਬਰ ਦੀ ਪਟਿਆਲਾ ਰੈਲੀ ਨੂੰ ਸਫ਼ਲ ਬਣਾਉਣ ਲਈ ਖ਼ੁਦ ਮੈਦਾਨ `ਚ ਉੱਤਰਨਾ ਪਿਆ। ਉਹ ਹੁਣ ਰੋਜ਼ਾਨਾ ਵੱਖੋ-ਵੱਖਰੇ ਸ਼ਹਿਰਾਂ ਤੇ ਪਿੰਡਾਂ `ਚ ਜਾ ਕੇ ਅਕਾਲੀ ਦਲ ਦੀ ‘ਜਬਰ-ਵਿਰੋਧੀ ਰੈਲੀ` ਵਿੱਚ ਭਾਗ ਲੈਣ ਲਈ ਪਾਰਟੀ ਕਾਰਕੁੰਨਾਂ ਤੇ ਆਗੂਆਂ ਨੂੰ ਪ੍ਰੇਰਿਤ ਕਰ ਰਹੇ ਹਨ।


ਅੱਜ ਵੀਰਵਾਰ ਨੂੰ ਸ੍ਰੀ ਬਾਦਲ ਨੇ ਬਠਿੰਡਾ ਜਿ਼ਲ੍ਹੇ `ਚ ਚਾਰ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਹ ਰਾਮਪੁਰਾ ਫੂਲ, ਬਠਿੰਡਾ (ਦਿਹਾਤੀ), ਬਠਿੰਡਾ (ਸ਼ਹਿਰੀ) ਤੇ ਭੁੱਚੋ ਵਿਧਾਨ ਸਭਾ ਹਲਕਿਆਂ ਦੇ ਵੱਖੋ-ਵੱਖਰੇ ਸਥਾਨਾਂ `ਤੇ ਗਏ। ਉਨ੍ਹਾਂ ਸੋਮਵਾਰ ਤੇ ਮੰਗਲਵਾਰ ਨੂੰ ਪਟਿਆਲਾ ਜਿ਼ਲ੍ਹੇ `ਚ ਵੀ ਅਜਿਹੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ ਸੀ। ਸ਼ੁੱਕਰਵਾਰ ਨੂੰ ਉਹ ਤਲਵੰਡੀ ਸਾਬੋ ਤੇ ਮੌੜ ਵਿਧਾਨ ਸਭਾ ਹਲਕਿਆਂ `ਚ ਵੀ ਜਾ ਸਕਦੇ ਹਨ।


ਰਾਮਪੁਰਾ ਫੂਲ ਵਿਧਾਨ ਸਭਾ ਹਲਕੇ `ਚ ਪੈਂਦੇ ਪਿੰਡ ਕੋਠਾ ਗੁਰੂ ਵਿਖੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਵੱਡੇ ਬਾਦਲ ਨੇ ਕਿਹਾ ਕਿ ਇਹ ਇੱਕ ਬੇਹੱਦ ਅਹਿਮ ਰੈਲੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਅਹਿਮ ਰੇਲੀ ਹੈ। ‘ਰੈਲੀਆਂ ਤਾਂ ਪਹਿਲਾਂ ਵੀ ਬਹੁਤ ਹੋਈਆਂ ਹਨ ਪਰ ਮੈਂ ਇੰਝ ਕਦੇ ਲੋਕਾਂ ਨੂੰ ਆਪ ਜਾ-ਜਾ ਕੇ ਰੈਲੀ `ਚ ਭਾਗ ਲੈਣ ਦੀਆਂ ਬੇਨਤੀਆਂ ਨਹੀਂ ਕੀਤੀਆਂ। ਹੁਣ ਮੈਂ ਤੇ ਸੁਖਬੀਰ ਬਾਦਲ ਵੱਖੋ-ਵੱਖਰੇ ਵਿਧਾਨ ਸਭਾ ਹਲਕਿਆਂ `ਚ ਜਾ ਕੇ ਅਪੀਲਾਂ ਤੇ ਬੇਨਤੀਆਂ ਕਰ ਰਹੇ ਹਾਂ ਕਿ ਆਉਂਦੀ 7 ਅਕਤੂਬਰ ਦੀ ਪਟਿਆਲਾ ਰੈਲੀ ਦਾ ਹਿੱਸਾ ਬਣੋ।`


ਸ੍ਰੀ ਬਾਦਲ ਨੇ ਦੱਸਿਆ ਕਿ ਇਹ ਰੈਲੀ ਤਿੰਨ ਮੁੱਦਿਆਂ ਨੂੰ ਲੈ ਕੇ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਤਾਂ ਕਾਂਗਰਸ ਆਪਣੇ ਚੋਣ-ਵਾਅਦੇ ਪੂਰੇ ਕਰਨ ਤੋਂ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਫਿਰ ਸੂਬੇ `ਚ ਹੁਣ ਫਿਰਕੂ ਏਕਤਾ ਤੇ ਇੱਕਸੁਰਤਾ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਅਤੇ ਜਿ਼ਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਕਾਂਗਰਸ ਨੇ ਸੂਬੇ ਦੀ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ ਆਪਣੀਆਂ ਮਨਮਰਜ਼ੀਆਂ ਪੁਗਾਈਆਂ ਹਨ।


ਉਨ੍ਹਾਂ ਪੰਜਾਬ ਸਰਕਾਰ ਦੀ ਉਸ ਮੰਗ ਦੀ ਹਮਾਇਤ ਕੀਤੀ, ਜਿਸ ਵਿੱਚ ਕੇਂਦਰ ਨੂੰ ਕਿਹਾ ਗਿਆ ਹੈ ਕਿ ਝੋਨੇ ਦੀ ਪਰਾਲ਼ੀ ਨੂੰ ਸਾੜੇ ਬਿਨਾ ਉਸ ਨੂੰ ਟਿਕਾਣੇ ਲਾਉਣ ਲਈ ਘੱਅੋ-ਘੱਟ-ਸਮਰਥਨ ਮੁੱਲ ਦੇ ਨਾਲ-ਨਾਲ ਕਿਸਾਨਾਂ ਨੁੰ 100 ਰੁਪਏ ਫ਼ੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਵੀ ਮਿਲਣਾ ਚਾਹੀਦਾ ਹੈ।


ਸ੍ਰੀ ਬਾਦਲ ਨੇ ਕਿਹਾ ਕਿ ਝੋਨੇ ਦੀ ਪਰਾਲ਼ੀ ਨੂੰ ਸਾੜਨ ਤੋਂ ਰੋਕਣ ਲਈ ਕਿਸਾਨਾਂ ਖਿ਼ਲਾਫ਼ ਕੇਸ ਦਰਜ ਕਰ ਕੇ ਜਾਂ ਉਨ੍ਹਾਂ ਖਿ਼ਲਾਫ਼ ਸਖ਼ਤ ਕਾਰਵਾਈਆਂ ਕਰ ਕੇ ਇਹ ਮਸਲਾ ਹੱਲ ਨਹੀਂ ਹੋਣਾ। ਸਗੋਂ ਇਸ ਦਾ ਕੋਈ ਬਦਲਵਾਂ ਹੱਲ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।


ਸ੍ਰੀ ਬਾਦਲ ਨੇ ਇਹ ਵੀ ਕਿਹਾ ਕਿ ਚੰਡੀਗੜ੍ਹ ਦੇ ਡੀਐੱਸਪੀਜ਼ ਦੀਆਂ ਆਸਾਮੀਆਂ ਨੂੰ ‘ਦਿੱਲੀ, ਅੰਡੇਮਾਨ ਤੇ ਨਿਕੋਬਾਰ ਟਾਪੂ, ਲਕਸ਼ਦੀਪ, ਦਮਨ ਤੇ ਦੀਊ ਅਤੇ ਦਾਦਰਾ ਤੇ ਨਗਰ ਹਵੇਲੀ` (ਡੈਨਿਪਸ - DANIPS) ਕਾਡਰ ਹੇਠ ਲਿਆਂਦੇ ਜਾਣ ਦੇ ਮੁੱਦੇ `ਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਸ ਮਸਲੇ ਦਾ ਜ਼ਰੂਰ ਹੱਲ ਨਿੱਕਲੇਗਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:93 yrs old Badal has to come to the fore in SAD crisis