ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਾਈਸ–ਚਾਂਸਲਰ (ਵੀਸੀ – VC) ਰਾਮ ਚੰਦ ਪੌਲ ਬਾਰੇ ਇੱਕ ਯਾਦਗਾਰੀ ਡਾਕ–ਟਿਕਟ ਜਾਰੀ ਕੀਤਾ। ਇਹ ਸਮਾਰੋਹ ਪੰਜਾਬ ਯੂਨੀਵਰਸਿਟੀ ਦੇ ਲਾੱਅ ਆਡੀਟੋਰੀਅਮ ਵਿੱਚ ਹੋਇਆ; ਜਿੱਥੇ ਪੋਸਟ–ਮਾਸਟਰ ਜਨਰਲ ਅਨਿਲ ਕੁਮਾਰ, ਵਾਈਸ ਚਾਂਸਲਰ ਰਾਜ ਕੁਮਾਰ ਤੇ ਡੀਨ ਆਫ਼ ਯੂਨੀਵਰਸਿਟੀ ਇੰਸਟ੍ਰੱਕਸ਼ਨ ਸ਼ੰਕਰਜੀ ਝਾਅ ਤੇ ਸ੍ਰੀ ਆਰਸੀ ਪੌਲ ਦੇ ਪੁੱਤਰ ਕੇ.ਕੇ. ਪੌਲ ਵੀ ਮੌਜੂਦ ਸਨ।
ਸ੍ਰੀ ਬਦਨੌਰ ਨੇ ਕਿਹਾ ਕਿ ਸ੍ਰੀ ਪੌਲ ਨੇ ਵੱਖੋ–ਵੱਖਰੇ ਅਹੁਦਿਆਂ ਉੱਤੇ ਰਹਿੰਦਿਆਂ ਪੰਜਾਬ ਯੂਨੀਵਰਸਿਟੀ ਦੇ ਵਿਕਾਸ ਵਿੱਚ ਬਹੁਤ ਮਾਣ ਤੇ ਵਿਲੱਖਣ ਢੰਗ ਨਾਲ ਆਪਣੀ ਭੂਮਿਕਾ ਨਿਭਾਈ। ਯੂਨੀਵਰਸਿਟੀ ਨੂੰ ਅੱਵਲ ਨੰਬਰ ਬਣਾਉਣ ਲਈ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਸਦਾ ਚੇਤੇ ਰੱਖਿਆ ਜਾਵੇਗਾ।
ਸ੍ਰੀ ਕੇ.ਕੇ. ਪੌਲ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਕਿਵੇਂ ਪੰਜਾਬ ਯੂਨੀਵਰਸਿਟੀ ਨੂੰ ਦੇਸ਼–ਵਿਦੇਸ਼ ਦਾ ਇੱਕ ਪ੍ਰਮੁੱਖ ਵਿਦਿਅਕ ਅਦਾਰਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਅਨੇਕ ਵਿਦਿਆਰਥੀ ਇਸ ਵੇਲੇ ਸਮੁੱਚੇ ਵਿਸ਼ਵ ਵਿੱਚ ਫੈਲੇ ਹੋਏ ਹਨ ਤੇ ਉਨ੍ਹਾਂ ਸਭਨਾਂ ਲਈ ਉਹ ਇੱਕ ਦੋਸਤ, ਦਾਰਸ਼ਨਿਕ ਤੇ ਰਾਹ–ਦਿਸੇਰੇ ਸਨ।
ਸ੍ਰੀ ਅਨਿਲ ਕੁਮਾਰ ਨੇ ਦੱਸਿਆ ਕਿ ਯਾਦਗਾਰੀ ਡਾਕ–ਟਿਕਟਾਂ ਦੇ ਮਾਮਲੇ ਦੀਆਂ ਤਜਵੀਜ਼ਾਂ ਦੀ ਕਿਵੇਂ ਘੋਖ–ਪੜਤਾਲ ਹੁੰਦੀ ਹੈ ਤੇ ਫਿਰ ਕਿਵੇਂ ਅਜਿਹੀਆਂ ਤਜਵੀਜ਼ਾਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ। ਉਨ੍ਹਾਂ ਡਾਕ–ਟਿਕਟ ਨੂੰ ਇਲੈਕਟ੍ਰੌਨਿਕ ਢੰਗ ਨਾਲ ਜਾਰੀ ਕੀਤਾ।
ਵਾਈਸ ਚਾਂਸਲਰ ਸ੍ਰੀ ਰਾਜ ਕੁਮਾਰ ਨੇ ਕਿਹਾ ਕਿ ਸ੍ਰੀ ਪੌਲ ਪੰਜਾਬ ਯੂਨੀਵਰਸਿਟੀ ਦੇ ਸਭ ਤੋਂ ਵੱਧ ਲੰਮਾ ਸਮਾਂ ਵਾਈਸ–ਚਾਂਸਲਰ ਦੇ ਅਹੁਦੇ ਉੱਤੇ (1974–1984) ਰਹੇ ਸਨ। ਆਰਸੀਪੌਲ ਸ਼ਤਾਬਦੀ ਜਸ਼ਨ ਕਮੇਟੀ ਦੇ ਕਨਵੀਨਰ ਕੇ.ਕੇ. ਭਸੀਨ ਨੇ ਅੱਜ ਦੇ ਦਿਨ ਦੀ ਅਹਿਮੀਅਤ ਨੂੰ ਉਜਾਗਰ ਕੀਤਾ। ਪੀ–ਐੱਚ.ਡੀ. ਕਰਨ ਵਾਲੇ ਸ੍ਰੀ ਪੌਲ ਅਧੀਨ ਆਖ਼ਰੀ ਖੋਜਾਰਥੀ (ਰੀਸਰਚ ਸਕਾਲਰ) ਸ੍ਰੀ ਭਸੀਨ ਨੇ ਉਨ੍ਹਾਂ ਨੂੰ ਇੱਕ ਬੇਹੱਦ ਪ੍ਰੇਰਣਾਦਾਇਕ ਤੇ ਅਣਥੱਕ ਅਧਿਆਪਕ ਦੱਸਿਆ।
ਪ੍ਰੋਫ਼ੈਸਰ ਪੌਲ ਦੇ ਜੀਵਨ ਬਾਰੇ ਇੱਕ ਦਸਤਾਵੇਜ਼ੀ ਫ਼ਿਲਮ ਵੀ ਇਸ ਮੌਕੇ ਵਿਖਾਈ ਗਈ; ਜਿਸ ਵਿੱਚ ਦਰਸਾਇਆ ਗਿਆ ਸੀ ਕਿ ਪ੍ਰੋ. ਪੌਲ ਕਿੰਨੀ ਵਿਲੱਖਣ ਸ਼ਖ਼ਸੀਅਤ ਦੇ ਮਾਲਕ ਸਨ। ਉਹ ਜਿੱਥੇ ਇੱਕ ਕੈਮਿਸਟ ਸਨ, ਉੱਥੇ ਉਹ ਇੱਕ ਉੱਘੇ ਸਿੱਖਿਆ–ਸ਼ਾਸਤਰੀ, ਇੱਕ ਸਮਰੱਥ ਪ੍ਰਸ਼ਾਸਕ ਤੇ ਬਿਹਤਰੀਨ ਇਨਸਾਨ ਵੀ ਸਨ। ਇਸ ਸਮਾਰੋਹ ਵਿੱਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵੀ.ਸੀ. – ਸਰਬਸ੍ਰੀ ਆਰ.ਪੀ. ਬਾਂਬਾਹ, ਕੇ.ਐੱਨ. ਪਾਠਕ, ਆਰ.ਸੀ. ਸੋਬਤੀ ਤੇ ਏ.ਕੇ. ਗਰੋਵਰ ਮੌਜੂਦ ਸਨ।