ਲੁਧਿਆਣਾ ’ਚ ਸ਼ੁੱਕਰਵਾਰ ਦੇਰ ਰਾਤੀਂ ਫੁਹਾਰਾ ਚੌਕ ਲਾਗੇ ਪੈਵਿਲੀਅਨ ਮਾਲ ’ਚ ਇੱਕ ਸ਼ਾਪਿੰਗ ਮਾਲ ਦੀ ਚੌਥੀ ਮੰਜ਼ਿਲ ਉੱਤੇ ਚੱਲ ਰਹੀ ਇੱਕ ਪਾਰਟੀ ਦੌਰਾਨ ਛੋਟੀ ਜਿਹੀ ਗੱਲ ਨੂੰ ਝਗੜਾ ਹੋਣ ਪਿੱਛੋਂ ਗੋਲੀ ਚੱਲ ਗਈ। ਇਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ।
ਮ੍ਰਿਤਕ ਦੀ ਸ਼ਨਾਖ਼ਤ ਪਰਮਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਾਮਲੇ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਧਿਕਾਰੀ ਹੁਣ ਇਹ ਪਤਾ ਲਾਉਣ ਦਾ ਜਤਨ ਕਰ ਰਹੇ ਹਨ ਕਿ ਆਖ਼ਰ ਮੁਲਜ਼ਮ ਮਾੱਲ ਦੇ ਅੰਦਰ ਹਥਿਆਰ ਲੈ ਕੇ ਕਿਵੇਂ ਘੁਸ ਗਿਆ; ਜਦ ਕਿ ਇਸ ਮਾੱਲ ਦੇ ਹਰੇਕ ਗੇਟ ’ਤੇ ਸਖ਼ਤ ਸੁਰੱਖਿਆ ਚੌਕਸੀ ਦੇ ਇੰਤਜ਼ਾਮ ਕੀਤੇ ਗਏ ਹਨ।
ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਸ ਮਾੱਲ ਵਿੱਚ ਇੱਕ ਸਿਆਸੀ ਆਗੂ ਦੇ ਪੁੱਤਰ ਦੇ ਜਨਮ–ਦਿਨ ਦੀ ਪਾਰਟੀ ਚੱਲ ਰਹੀ ਸੀ। ਮਰਨ ਵਾਲਾ ਵਿਅਕਤੀ ਵੀ ਕਥਿਤ ਤੌਰ ਉੱਤੇ ਕਾਂਗਰਸੀ ਆਗੂ ਹੀ ਸੀ। ਉਸ ਦੀ ਇੱਕ ਵਿਅਕਤੀ ਨਾਲ ਮਾਮੂਲੀ ਗੱਲ ਉੱਤੇ ਬਹਿਸਬਾਜ਼ੀ ਹੋ ਗਈ ਤੇ ਦੂਜੇ ਵਿਅਕਤੀ ਨੇ ਆਪਣੀ ਜੇਬ ਵਿੱਚੋਂ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ।