ਫਿ਼ਰੋਜ਼ਪੁਰ `ਚ ਬਸਤੀ ਟੈਂਕਾਂਵਾਲੀ `ਚ 26 ਸਾਲਾ ਵਿਆਹੁਤਾ ਪੂਜਾ ਦਾ ਕਤਲ ਕਰ ਦਿੱਤਾ ਗਿਆ ਹੈ। ਕਾਤਲ ਨੇ ਲਾਸ਼ ਘਰ `ਚ ਪਏ ਡਬਲ-ਬੈੱਡ ਦੇ ਬਕਸੇ ਵਿੱਚ ਬੰਦ ਕਰ ਦਿੱਤੀ। ਇਹ ਕਤਲ ਕਿਸ ਨੇ ਕੀਤਾ ਹੈ, ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ।
ਜਦੋਂ ਪੂਜਾ ਦਾ ਪਤੀ ਮਨਮੋਹਨ ਠਾਕੁਰ ਘਰ ਪੁੱਜਾ, ਤਾਂ ਉਸ ਨੂੰ ਆਪਣੀ ਪਤਨੀ ਘਰ `ਚ ਕਿਤੇ ਵੀ ਨਾ ਦਿਸੀ। ਉਸ ਨੇ ਹਰ ਪਾਸੇ ਲੱਭਿਆ। ਕਿਸੇ ਤਰ੍ਹਾਂ ਘਰ ਅੰਦਰ ਦਾਖ਼ਲ ਹੋ ਕੇ ਉਸ ਨੇ ਉਂਝ ਹੀ ਕੁਝ ਗਹਿਣੇ ਆਦਿ ਚੈੱਕ ਕਰਨ ਲਈ ਜਦੋਂ ਡਬਲ-ਬੈੱਡ ਦਾ ਫੱਟਾ ਉਤਾਂਹ ਚੁੱਕਿਆ ਤਾਂ ਪੂਜਾ ਦੀ ਲਾਸ਼ ਉੱਥੇ ਪਈ ਵੇਖ ਉਸ ਦੇ ਹੋਸ਼ ਉੱਡ ਗਏ। ਕਾਤਲ ਲੇ ਪੂਜਾ ਦਾ ਮੂੰਹ, ਨੱਕ ਤੇ ਹੱਥ ਕੱਪੜੇ ਨਾਲ ਬੰਨ੍ਹੇ ਹੋਏ ਸਨ। ਉਸ ਦੇ ਚਿਹਰੇ `ਤੇ ਕੁੱਟਮਾਰ ਤੇ ਗਲ਼ਾ ਵੱਢੇ ਹੋਣ ਦੇ ਨਿਸ਼ਾਨ ਵੀ ਹਨ। ਇਹ ਸਭ ਵੇਖ ਕੇ ਪਤੀ ਨੇ ਪੁਲਿਸ ਨੂੰ ਖ਼ਬਰ ਦਿੱਤੀ।
ਐੱਸਐੱਚਓ ਇੰਸਪੈਕਟਰ ਜਸਵੀਰ ਨੇ ਤੁਰੰਤ ਆਪਣੀ ਟੀਮ ਸਮੇਤ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਲਾਸ਼ ਨੂੰ ਪੋਸਟ-ਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪੂਜਾ ਆਪਣੇ ਪਤੀ ਨਾਲ ਗਲ਼ੀ ਨੰਬਰ 24/3, ਨਿਊ ਆਬਾਦੀ ਦੇ ਮਕਾਨ ਨੰਬਰ 529 `ਚ ਰਹਿ ਰਹੀ ਸੀ। ਘਟਨਾ ਵਾਪਰਨ ਵੇਲੇ ਉਹ ਘਰ ਵਿੱਚ ਇਕੱਲੀ ਸੀ ਕਿਉਂਕਿ ਉਸ ਦਾ ਪਤੀ ਮਨਮੋਹਨ ਠਾਕੁਰ ਰੋਜ਼ਾਨਾ ਸਵੇਰੇ 10 ਵਜੇ ਆਪਣੀ ਡਿਊਟੀ `ਤੇ ਚਲਾ ਜਾਂਦਾ ਹੈ। ਉਹ ਇੱਕ ਪ੍ਰਾਈਵੇਟ ਕੰਪਨੀ `ਚ ਕੰਮ ਕਰਦਾ ਹੈ।
ਮੰਗਲਵਾਰ ਸ਼ਾਮੀਂ 6:30 ਵਜੇ ਘਰ ਪੁੱਜਾ। ਤਦ ਉਸ ਦੀ ਪਤਨੀ ਘਰ `ਚ ਨਹੀਂ ਸੀ। ਉਸ ਨੇ ਆਲੇ-ਦੁਆਲੇ ਘਰਾਂ `ਚ ਪਤਾ ਕੀਤਾ ਪਰ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ। ਉਸ ਨੇ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਤੱਕ ਜਾ ਕੇ ਵੀ ਪਤਾ ਕੀਤਾ।
ਫਿਰ ਉਸ ਨੇ ਆਪਣੇ ਗੁਆਂਢੀ ਦੀ ਮਦਦ ਨਾਲ ਘਰ ਦੇ ਰਸੋਈ ਘਰ ਦੀ ਖਿੜਕੀ ਤੋੜੀ ਤੇ ਆਪਣੇ ਕਮਰੇ `ਚ ਦਾਖ਼ਲ ਹੋਇਆ। ਉੱਥੇ ਵੀ ਪੂਜਾ ਕਿਤੇ ਵਿਖਾਈ ਨਹੀਂ ਦਿੱਤੀ। ਫਿਰ ਉਸ ਨੇ ਘਰ ਦੇ ਗਹਿਣੇ ਚੈੱਕ ਕਰਨ ਲਈ ਡਬਲ ਬੈੱਡ ਦਾ ਫੱਟਾ ਚੁੱਕਿਆ, ਤਾਂ ਅੱਗੇ ਪੂਜਾ ਦੀ ਲਾਸ਼ ਪਈ ਸੀ।