ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਂਹ ਨੇ ਬਠਿੰਡਾ ਦੇ ਵਾਸੀਆਂ ਨੂੰ ਪਾਇਆ ਵਖਤ

ਮੀਂਹ ਨੇ ਬਠਿੰਡਾ ਦੇ ਵਾਸੀਆਂ ਨੂੰ ਪਾਇਆ ਵਖਤ

ਪੰਜਾਬ ਦੇ ਬਾਕੀ ਸ਼ਹਿਰਾਂ ਵਾਂਗ ਬਠਿੰਡਾ `ਚ ਵੀ ਥੋੜ੍ਹੇ ਜਿਹੇ ਮੀਂਹ ਨਾਲ ਸੜਕਾਂ ਤੇ ਗਲ਼ੀਆਂ `ਚ ਭਾਰੀ ਮਾਤਰਾ `ਚ ਪਾਣੀ ਖੜ੍ਹਾ ਹੋਣ ਦੀ ਵੱਡੀ ਸਮੱਸਿਆ ਹੈ ਤੇ ਇਹ ਹੱਲ ਹੋਣ ਵਿੱਚ ਨਹੀਂ ਆ ਰਹੀ। ਬੀਤੇ ਦਿਨੀਂ ‘ਹਿੰਦੁਸਤਾਨ ਟਾਈਮਜ਼` ਨੇ ਆਪਣੇ ਪਾਠਕਾਂ ਨੂੰ ਬਠਿੰਡਾ ਦੀਆਂ ਸੜਕਾਂ `ਤੇ ਫਿਰ ਰਹੇ ਪਾਣੀ `ਚ ਚੱਲ ਰਹੀਆਂ ਕਿਸ਼ਤੀਆਂ ਦੇ ਦੀਦਾਰ ਵੀ ਕਰਵਾਏ ਸਨ। ਉਂਝ ਸ਼ਹਿਰ ਦੇ ਕੁਝ ਨੀਂਵੇਂ ਇਲਾਕਿਆਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਦਰਅਸਲ, ਬਰਸਾਤੀ ਨਾਲਿ਼ਆਂ ਦੀ ਘਾਟ ਤੇ ਸੀਵਰੇਜ ਲਾਈਨਾਂ ਦੀ ਠੀਕ ਢੰਗ ਨਾਲ ਸਫ਼ਾਈ ਨਾ ਹੋਣ ਕਾਰਨ ਸੜਕਾਂ `ਤੇ ਪਾਣੀ ਜਮ੍ਹਾ ਹੋਣ ਦੀ ਸਮੱਸਿਆ ਪੈਦਾ ਹੁੰਦੀ ਹੈ।


ਬਠਿੰਡਾ `ਚ ਪੰਜ ਛੱਪੜ ਹਨ ਤੇ ਉੱਥੇ ਵੀ ਨਾਜਾਇਜ਼ ਕਬਜਿ਼ਆਂ ਦੀ ਬਹੁਤਾਤ ਹੈ। ਉਨ੍ਹਾਂ ਦੀ ਗਾਦ ਕਦੇ ਸਾਫ਼ ਹੀ ਨਹੀਂ ਕਰਵਾਈ ਜਾਂਦੀ। ਇਹ ਸਮੱਸਿਆ ਵੀ ਕੋਈ ਨਵੀਂ ਨਹੀਂ, ਬਹੁਤ ਪੁਰਾਣੀ ਹੈ।


ਉੱਧਰ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਰਿਸ਼ੀ ਪਾਲ ਸਿੰਘ ਨੇ ਇਸ ਮਾਮਲੇ `ਚ ਸਾਰਾ ਦੋਸ਼ ਪ੍ਰਾਈਵੇਟ ਫ਼ਰਮ ‘ਤ੍ਰਿਵੇਣੀ ਕੰਸਟ੍ਰੱਕਸ਼ਨਜ਼` ਦੇ ਮਾੜੇ ਪ੍ਰਬੰਧਾਂ ਸਿਰ ਮੜ੍ਹਿਆ ਹੈ, ਜੋ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਲਈ ਜਿ਼ੰਮੇਵਾਰ ਹੈ।


ਉੱਧਰ ਫ਼ਰਮ ਦੇ ਜਨਰਲ ਮੈਨੇਜਰ ਵੀ.ਬੀ. ਸਿ਼ਵਾਂਗੀ ਦਾ ਦਾਅਵਾ ਹੈ ਕਿ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਨੇ ਉਨ੍ਹਾਂ ਨੂੰ ਪੁਰਾਣੀਆਂ ਸੀਵਰ ਲਾਈਨਾਂ ਦੀ ਮੁਰੰਮਤ ਦਾ ਕੰਮ ਦਿੱਤਾ ਸੀ ਪਰ ਉਨ੍ਹਾਂ ਨੇ ਪਹਿਲਾਂ ਤੋਂ ਗੰਦਗੀ ਨਾਲ ਰੁਕੀਆਂ ਪਈਆਂ ਲਾਈਨਾਂ ਦਾ ਕੰਮ ਸੌਂਪ ਦਿੱਤਾ। ਨਗਰ ਕੌਂਸਲ ਹਰ ਸਾਲ ਅਜਿਹੇ ਕੰਮਾਂ ਲਈ ਬੋਰਡ ਨੂੰ 6 ਕਰੋੜ ਰੁਪਏ ਅਦਾ ਕਰਦਾ ਹੈ ਤੇ ਇਹ ਕੰਮ ਕਿਸੇ ਪ੍ਰਾਈਵੇਟ ਫ਼ਰਮ ਤੋਂ ਹੀ ਕਰਵਾਇਆ ਜਾਂਦਾ ਹੈ। ਬੋਰਡ ਦੇ ਕਾਰਜਕਾਰੀ ਇੰਜੀਨੀਅਰ ਸਿ਼ਵ ਦਾਸ ਕਾਂਸਲ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਣਗੇ।


ਇਸ ਦੌਰਾਨ, ਨਗਰ ਕੌਂਸਲ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇੱਕ ਛੱਪੜ ਵਿੱਚ ਮੀਂਹ ਦਾ ਪਾਣੀ ਭਰ ਗਿਆ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਦੇ ਨਿਵਾਸੀਆਂ ਨੂੰ ਡਾਢੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ 188 ਕਰੋੜ ਰੁਪਏ ਦਾ ਇੱਕ ਸੀਵਰੇਜ ਤੇ ਵਾਟਰ ਸਪਲਾਈ ਪ੍ਰਾਜੈਕਟ ਵੀ ਫ਼ੰਡਾਂ ਦੀ ਘਾਟ ਕਾਰਨ ਅਧਵਾਟੇ ਲਟਕਿਆ ਪਿਆ ਹੈ। ਰਿਸ਼ੀ ਪਾਲ ਨੇ ਕਿਹਾ ਕਿ ਇਹ ਕੰਮ ਦੋਬਾਰਾ ਸ਼ੁਰੂ ਕਰਨ ਲਈ ਕਰਜ਼ਾ ਲੈਣਾ ਪਵੇਗਾ।


ਬਠਿੰਡਾ ਦੇ ਸਿਰਕੀ ਬਾਜ਼ਾਰ, ਪਾਵਰ ਹਾਊਸ ਰੋਡ, ਸਿਵਲ ਲਾਈਨਜ਼, ਮਾਲ ਰੋਡ, ਪਾਰਸ ਰਾਮ ਨਗਰ ਤੇ ਜਿ਼ਲ੍ਹਾ ਪ੍ਰਸ਼ਾਸਕੀ ਕੰਪਲੈਕਸ ਲਾਗਲੇ ਕੁਝ ਇਲਾਕਿਆਂ ਵਿੱਚ ਮੀਂਹ ਕਾਰਨ ਤਿੰਨ ਫ਼ੁੱਟ ਤੱਕ ਪਾਣੀ ਭਰ ਗਿਆ ਹੈ।


ਸਿਰਕੀ ਬਾਜ਼ਾਰ ਦੇ ਇੱਕ ਕਾਰੋਬਾਰੀ ਸ਼ਸ਼ੀ ਕੁਮਾਰ ਨੇ ਕਿਹਾ ਕਿ ਬਹੁਤ ਵਾਰ ਤਾਂ ਪਾਣੀ ਕਾਰਨ ਇਕੱਠੇ ਹੋਏ ਪਾਣੀ ਕਰ ਕੇ ਉਨ੍ਹਾਂ ਨੁੰ ਦੋ-ਦੋ ਤਿੰਨ-ਤਿੰਨ ਦਿਨਾਂ ਤੱਕ ਵੀ ਦੁਕਾਨਾਂ ਬੰਦ ਕਰ ਕੇ ਰੱਖਣੀਆਂ ਪੈਂਦੀਆਂ ਹਨ। ਇੱਕ ਹੋਰ ਵਪਾਰੀ ਮਹੇਸ਼ ਕੁਮਾਰ ਨੇ ਕਿਹਾ ਕਿ ਉਹ ਤਾਂ ਬਠਿੰਡਾ `ਚ ਅਜਿਹੇ ਹਾਲਾਤ ਪਿਛਲੇ ਤਿੰਨ ਦਹਾਕਿਆਂ ਤੋਂ ਵੇਖ ਰਹੇ ਹਨ।


ਨਗਰ ਨਿਗਮ ਨੇ ਵੀਰਵਾਰ ਨੂੰ ਸੀਵਰ ਲਾਈਨਾਂ ਸਾਫ਼ ਕਰਨ ਦਾ ਕੰਮ ਅਰੰਭ ਕਰਵਾਇਆ। ਪੰਜਾਬ ਦੇ ਖ਼ਜ਼ਾਨਾ ਮੰਤਰੀ ਤੇ ਬਠਿੰਡਾ (ਸ਼ਹਿਰੀ) ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਇਸ ਕੰਮ ਲਈ ਫ਼ੰਡ ਵੀ ਮਨਜ਼ੂਰ ਕੀਤੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:a lot of problems in Bathinda due to rain