ਮਿੰਨੀ ਕਹਾਣੀ ਦੇ ਵੱਡੇ ਸਿਰਜਕ-33
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ
ਪੰਜਾਬੀ ਮਿੰਨੀ ਕਹਾਣੀ ਦੇ ਲੇਖਣ ਵਿਚ ਸ਼ਰਨ ਮੱਕੜ ਦਾ ਯੋਗਦਾਨ ਸਲਾਹੁਣਯੋਗ ਹੈ।ਮਿੰਨੀ ਕਹਾਣੀ ਦੇ ਸ਼ੁਰੂਆਤੀ ਦੌਰ ਵਿੱਚ ਸ਼੍ਰੀਮਤੀ ਅਨਵੰਤ ਕੌਰ ਨਾਲ ਮਿਲ ਕੇ 1975 ਵਿੱਚ ‘ਅਬ ਜੂਝਨ ਕੋ ਦਾਉ’ ਨਾਮੀਂ ਮਿੰਨੀ ਕਹਾਣੀ ਸੰਗ੍ਰਹਿ ਦਾ ਸੰਪਾਦਨ ਕੀਤਾ ਅਤੇ ਸਾਲ 1981 ਵਿੱਚ ਆਪਣਾ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ ‘ਖੁੰਢੀ ਧਾਰ’ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਪਾਇਆ।ਮਿਤੀ 18 ਮਾਰਚ 1939 ਨੂੰ ਜਨਮੀ ਇਹ ਲੇਖਿਕਾ 2009 ਵਿੱਚ ਅਕਾਲ ਚਲਾਣਾ ਕਰ ਗਈ।ਵੱਖ ਵੱਖ ਵਿਧਾਵਾਂ ਦੀਆਂ ਲਗਭਗ ਪੰਦਰਾਂ ਪੁਸਤਕਾਂ ਦੀ ਸਿਰਜਣਾ ਕਰਨ ਵਾਲੀ ਸ਼ਰਨ ਮੱਕੜ ਨੇ ਪੰਜਾਬੀ ਮਿੰਨੀ ਕਹਾਣੀ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ।ਇੰਨਾਂ ਦੀਆਂ ਰਚਨਾਵਾਂ ਵਿੱਚ ਪੰਜਾਬੀਅਤ, ਨਾਰੀ ਸ਼ਸ਼ਕਤੀਕਰਨ, ਬਾਲ ਮਾਨਸਿਕਤਾ ਨਾਲ ਜੁੜੇ ਸਰੋਕਾਰ, ਝੂਠੇ ਅਡੰਬਰਾਂ ਦਾ ਵਿਰੋਧ ਤੇ ਮਨੁੱਖ ਦੇ ਦੋਗਲੇ ਕਿਰਦਾਰਾਂ ਦਾ ਵਰਨਣ ਮਿਲਦਾ ਹੈ।ਪੇਸ਼ ਹਨ ਇੰਨਾਂ ਦੀਆਂ ਮਿੰਨੀ ਕਹਾਣੀਆਂ:
ਹੋਮ ਵਰਕ
‘ਰਚਨਾ, ਮੁੱਕਾ ਨਹੀਂ ਅਜੇ ਤੇਰਾ ਹੋਮ ਵਰਕ।’
ਬਹੁਤ ਸਾਰੀਆਂ ਕਿਤਾਬਾਂ ਖਿਲਾਰੀ ਬੈਠੀ ਹੋਮ ਵਰਕ ਕਰਦੀ ਰਚਨਾ ਨੂੰ ਮੈਂ ਪੁੱਛਿਆ।
‘ਨਹੀਂ ਆਂਟੀ, ਅਜੇ ਤਾਂ ਮੈਂ ਸਮਜ਼ ਕਰਨੇ ਨੇ।ਇੰਗਲਿਸ਼ ਦੀ ਡਿਕਟੇਸ਼ਨ ਲਰਨ ਕਰਨੀ ਹੈ।’
ਨਿੱਕੀ ਜਿਹੀ ਕੁੜੀ ਦੇ ਸਿਰ ਤੇ ਹੋਮ ਵਰਕ ਦੀ ਭਾਰੀ ਪੰਡ ਸੀ।
‘ਕਿਹੜੀ ਕਲਾਸ ਵਿਚ ਪੜ੍ਹਦੀ ਏ ਰਚਨਾ?’
‘ਥਰਡ ਬੀ ਵਿਚ ਆਂਟੀ।’ ਉਹਦੀਆਂ ਏਨੀਆਂ ਸਾਰੀਆਂ ਕਿਤਾਬਾਂ ਦੇਖ ਕੇ ਮੈਨੂੰ ਹੈਰਾਨੀ ਹੋ ਰਹੀ ਸੀ।
‘ਇਹ ਸਾਰੀਆਂ ਬੁੱਕਸ ਤੇਰੀਆਂ ਨੇ’, ਮੇਰੇ ਏਸ ਸਵਾਲ ਤੇ ਉਹ ਮੁਸਕਰਾਈ।ਮੈਨੂੰ ਆਪਣਾ ਵਕਤ ਯਾਦ ਆਇਆ।ਸਾਡੇ ਵੇਲੇ ਤਾਂ ਇਹਨਾਂ ਜਮਾਤਾਂ ਵਿਚ ਬਸ ਬਹੁਤ ਥੋੜ੍ਹੀਆਂ ਕਿਤਾਬਾਂ ਕਾਪੀਆਂ ਹੁੰਦੀਆਂ ਸਨ।ਉਹ ਵੀ ਖ੍ਰੀਦ ਕੇ ਦੇਣ ਸਮੇਂ ਮਾਂ ਬੁੜਬੁੜ ਕਰਦੀ ਸੀ।
‘ਅੱਛਾ ਰਚਨਾ, ਤੇਰਾ ਵੀਰ ਵੀ ਤਾਂ ਤੇਰੇ ਸਕੂਲ ‘ਚ ਹੀ ਪੜ੍ਹਦਾ ਹੈ?’
‘ਨਹੀਂ ਆਂਟੀ ਉਹ ਹਾਈ ਸਕੂਲ ਪੜ੍ਹਦਾ।ਜਦੋਂ ਮੈਂ ਹਾਈ ਸਕੂਲ ਜਾਵਾਂਗੀ ਫੇਰ ਮੈਨੂੰ ਵੀ ਡੈਡੀ ਸਾਇਕਲ ਲੈ ਦੇਣਗੇ।ਮੈਂ ਆਪਣਾ ਬੈਗ ਸਾਈਕਲ ਦੇ ਕੈਰੀਅਰ ਤੇ ਰੱਖ ਕੇ ਸਕੂਲ ਜਾਵਾਂਗੀ।’
‘ਅੱਛਾ ਇਹ ਦਸ, ਹਾਈ ਸਕੂਲ ਪਾਸ ਕਰਕੇ ਫੇਰ ਕੀ ਕਰੇਂਗੀ?’
‘ਫੇਰ..ਫੇਰ ਮੈਂ ਰਿਤੂ ਭੂਆ ਵਾਂਗ ਇੱਕ ਕਾਪੀ ਲੈ ਕੇ ਕਾਲਜ ਜਾਵਾਂਗੀ।’
‘ਕਾਲਜ ਤੋਂ ਬਾਅਦ ਕੀ ਕਰੇਂਗੀ?’ ਮੇਰਾ ਖਿਆਲ ਸੀ, ਉਹ ਆਖੇਗੀ ਫੇਰ ਮੇਰੀ ਵੀ ਸ਼ਾਦੀ ਹੋ ਜਾਵੇਗੀ ਰੀਤਾ ਭੂਆ ਵਾਂਗ।ਇਸਦੇ ਉਲਟ ਉਸਦੇ ਅੰਦਰ ਦੱਬੀ ਹੋਈ ਖਾਹਿਸ਼ ਜੋ ਭਾਰੀ ਬਸਤੇ ਹੇਠ ਦੱਬੀ ਗਈ ਸੀ, ਸਹਿਜ ਸੁਭਾ ਪ੍ਰਗਟ ਹੋ ਗਈ।
‘ਫੇਰ ਆਂਟੀ ਮੈਂ ਬਹੁਤ ਖੇਡਾਂਗੀ।’
ਉਹਦੀ ਮਾਸੂਮੀਅਤ ਅਤੇ ਭੋਲੇਪਣ ਨੇ ਮੈਨੂੰ ਇਕ ਪਲ ਲਈ ਉਦਾਸ ਕਰ ਦਿੱਤਾ।#
==========
ਕੰਜਕ
ਅਸ਼ਟਮੀ ਦਾ ਪ੍ਰਸ਼ਾਦ ਸਭ ਤੋਂ ਪਹਿਲਾਂ ਕੰਜਕਾਂ ਨੂੰ ਦੇਈਦਾ ਹੈ।ਇਹ ਸੋਚ ਕੇ ਮਾਲਕਣ ਨੇ ਭਾਡੇ ਮਾਂਜਦੀ ਸੋਲ੍ਹਾਂ ਕੁ ਸਾਲਾਂ ਦੀ ਨੌਕਰਾਣੀ ਨੂੰ ਆਵਾਜ਼ ਮਾਰੀ ਤੇ ਪ੍ਰਸ਼ਾਦ ਲੈਣ ਲਈ ਕਿਹਾ।
ਨੌਕਰਾਣੀ ਜਦੋਂ ਦੋ ਹੱਥ ਕਰਕੇ ਪ੍ਰਸ਼ਾਦ ਲੈਣ ਲੱਗੀ ਤਾਂ ਉਹਦੇ ਹੱਥ ਕੰਬ ਰਹੇ ਸਨ।ਉਹਦੀਆਂ ਅੱਖਾਂ ਵਿੱਚ ਅੱਥਰੂ ਸਨ।ਅਜੇ ਕੁਝ ਦਿਨ ਪਹਿਲਾਂ ਹੀ ਤਾਂ ਏਸੇ ਮਾਲਕਣ ਦੇ ਪੁੱਤਰ ਨੇ ਜਬਰੀ ਉਹਦੀ ਪੱਤ ਲੁੱਟੀ ਸੀ।
“ਕੀ ਗੱਲ ਸੋਮਾ ਅੱਜ ਵਰ੍ਹੇ ਰਾਤੇ ਦੇ ਦਿਨ ਰੋ ਕਿਉਂ ਰਹੀ ਏ?”
ਮਾਲਕਣ ਦੀ ਹਮਦਰਦੀ ਤੇ ਸੋਮਾ ਦੇ ਅੰਦਰੋਂ ਕ੍ਰੋਧ ਦਾ ਲਾਵਾ ਫੁੱਟ ਪਿਆ।ਹੱਥ ਵਿਚ ਫੜੇ ਪ੍ਰਸ਼ਾਦ ਦੇ ਥਾਲ ਨੂੰ ਉਸ ਨੇ ਮਾਲਕਣ ਦੇ ਹੱਥੋਂ ਖੋਹ ਕੇ ਫਰਸ਼ ਉਤੇ ਸੁੱਟ ਦਿੱਤਾ, ਤੇ ਚੀਕ ਕੇ ਆਖਣ ਲੱਗੀ-
“ਮੈਂ ਕੰਜਕ ਨਹੀਂ, ਜਾ ਮਾਤਾ ਆਪਣੇ ਕੰਜਰ ਪੁੱਤਰ ਨੂੰ ਜਾ ਕੇ ਪੁੱਛ, ਜਿਸ ਮੈਨੂੰ ਕੰਜਕ ਨਹੀਂ ਰਹਿਣ ਦਿੱਤਾ।”
ਇੰਨਾਂ ਆਖ ਕੇ ਉਹ ਝਟ ਪਟ ਘਰੋਂ ਬਾਹਰ ਨਿਕਲ ਗਈ।
==========
ਕੰਧ ਉੱਤੇ ਟੰਗਿਆ ਹਾਸਾ
ਬੁੱਢਾ ਬਾਪੂ ਡਿਓੜੀ ਵਿਚ ਖੰਘ ਰਿਹਾ ਸੀ।ਖੰਘ ਉਸਨੂੰ ਬਹੁਤ ਦਿਨਾਂ ਤੋਂ ਆ ਰਹੀ ਸੀ, ਪਰ ਦਵਾਈ ਲਈ ਪੈਸੇ ਨਹੀਂ ਸਨ।ਅੰਦਰ ਕੋਠੜੀ ਵਿਚ ਬੁੱਢੇ ਦੀ ਛੋਟੀ ਨੂੰਹ ਜੰਮਣ ਪੀੜਾ ਨਾਲ ਤੜਫ ਰਹੀ ਸੀ।ਵੱਡੀ ਨੂੰਹ ਦਾ ਚਿਹਰਾ ਉੱਤਰਿਆ ਹੋਇਆ ਸੀ।ਜਦੋਂ ਦਾ ਉਹਦਾ ਪਤੀ ਮਰਿਆ ਸੀ ਘਰ ਵਿਚ ਕਮਾਉਣ ਵਾਲਾ ਇਕਲਾ ਉਹਦਾ ਦਿਓਰ ਸੀ ਤੇ ਬਾਕੀ ਸਭ ਖਾਣ ਵਾਲੇ ਸਨ।ਘਰ ਵਿਚ ਸਵੇਰ ਦੀ ਰੋਟੀ ਨਹੀਂ ਸੀ ਪੱਕੀ।ਬਾਲ ਭੁੱਖੇ ਸਨ।ਘਰ ਦਾ ਕਮਾਊ ਜੀਅ ਬਾਹਰ ਨੱਠਾ ਫਿਰਦਾ ਸੀ ਤਾਂ ਕਿ ਕੋਈ ਇੰਤਜ਼ਾਮ ਕਰ ਸਕੇ।ਡਾਕਟਰਨੀ ਨੇ ਆਉਣ ਤੋਂ ਨਾਂਹ ਕਰ ਦਿੱਤੀ ਸੀ।ਉਹਨੂੰ ਪਿਛਲੇ ਜੰਮੇ ਬੱਚੇ ਦੇ ਪੈਸੇ ਅਜੇ ਤਕ ਨਹੀਂ ਸਨ ਮਿਲੇ।ਸ਼ਾਹ ਕਰਜ਼ਾ ਨਹੀਂ ਸੀ ਦੇਂਦਾ।ਮਕਾਨ ਤਾਂ ਅੱਗੇ ਹੀ ਉਹਦੇ ਕੋਲ ਗਿਰਵੀ ਸੀ।ਘਰ ਵਿਚ ਸਭ ਪਾਸੇ ਉਦਾਸੀ ਦੀਆਂ ਕੈਕਰਾਂ ਖਿਲਰੀਆਂ ਹੋਈਆਂ ਸਨ।ਸਿਰਫ ਕੰਧਾਂ ਤੇ ਟੰਗੇ ਹੋਏ ਗੁਰੂਆਂ ਦੇ ਕੈਲੰਡਰ ਸ਼ਾਂਤ ਸਨ।ਨੇਤਾਵਾਂ ਦੇ ਮੂੰਹ ਤੇ ਹਾਸਾ ਸੀ।
==========
ਵਿਚਾਰਾ ਅਲਾਦੀਨ
ਲਹੂ-ਲੁਹਾਣ ਅਲਾਦੀਨ ਜ਼ਾਰ-ਜ਼ਾਰ ਰੋ ਰਿਹਾ ਸੀ। ਉਸ ਦੇ ਪਿੰਡੇ ਤੋਂ ਨੁੱਚੜਦੀ ਰੱਤ ਦੇਖਕੇ ਹਰ ਕਿਸੇ ਦਾ ਦਿਲ ਰੋ ਰਿਹਾ ਸੀ। ਉਸ ਦਾ ਵਿਰਲਾਪ ਸੁਣ ਕੇ ਰਾਹਗੀਰ ਰੁਕਦੇ, ਉਸਦੀ ਭੈੜੀ ਹਾਲਤ ਦੇਖਕੇ ਹਉਕਾ ਭਰਦੇ ਤੇ ਆਪਣੇ-ਆਪਣੇ ਕੰਮਾਂ ਨੂੰ ਟੁਰ ਜਾਂਦੇ। ਕਿਸੇ ਨੇ ਵੀ ਉਹਦੇ ਜ਼ਖ਼ਮਾਂ ਦੀ ਮਰਹਮ-ਪੱਟੀ ਨਾ ਕੀਤੀ।
ਰਾਹਗੀਰ ਸੋਚਦੇ ਕਿ ਅਲਾਦੀਨ ਦੇ ਹੱਥਾਂ ਵਿਚ ਤਾਂ ਚਿਰਾਗ਼ ਹੈ। ਉਹ ਜਦੋਂ ਚਾਹੇ ਉਸ ਵਿੱਚੋਂ ਜਿੰਨ ਨੂੰ ਬੁਲਾ ਸਕਦਾ ਹੈ। ਜੋ ਚਾਹੇ ਹਾਸਿਲ ਕਰ ਸਕਦਾ ਹੈ।
ਅਲਾਦੀਨ ਏਸ ਤੋਂ ਪਹਿਲਾਂ ਖੁਸ਼ਹਾਲ ਸੀ। ਹਰ ਸੰਕਟ ਵੇਲੇ ਉਸ ਦਾ ਜਿੰਨ ਉਸਦੀ ਸਹਾਇਤਾ ਕਰਦਾ ਸੀ। ਹੁਣ ਉਹ ਲਹੂ-ਲੁਹਾਣ ਹੋਇਆ ਚੁਰਸਤੇ ਵਿਚ ਖੜਾ ਲਹੂ ਦੇ ਅੱਥਰੂ ਕੇਰ ਰਿਹਾ ਸੀ। ਉਸਦੇ ਅੰਦਰੋਂ ਨਿਕਲਦੀ ਹੂਕ ਕਲੇਜਾ ਛਲਨੀ ਕਰਦੀ, ਪਰ ਕੋਈ ਵੀ ਉਸਦੀ ਮਰਹਮ-ਪੱਟੀ ਨਾ ਕਰਦਾ। ਚੁਰਸਤੇ ਵਿਚ ਬੇਬਸ ਖੜਾ ਅਲਾਦੀਨ ਰੋ ਰਿਹਾ ਸੀ। ਉਸਦੀ ਇਹ ਹਾਲਤ ਦੇਖਕੇ ਰਾਹਗੀਰ ਉਸਤੋਂ ਪੁੱਛਦੇ:
“ਭਰਾ ਅਲਾਦੀਨ, ਜੇ ਤੇਰੇ ਜ਼ਖ਼ਮਾਂ ਤੇ ਮਰਹਮ ਨਾ ਲੱਗੀ ਤਾਂ ਇਸ ਤਰ੍ਹਾਂ ਤਾਂ ਤੇਰੀ ਸਾਰੀ ਰੱਤ ਨੁੱਚੜ ਜਾਏਗੀ। ਤੇਰੇ ਪਾਸ ਤਾਂ ਚਿਰਾਗ ਹੈ। ਚਿਰਾਗ ਦੇ ਜਿੰਨ ਨੂੰ ਝਟਪਟ ਬੁਲਾ, ਉਹ ਤੇਰੇ ਜ਼ਖ਼ਮਾਂ ਤੇ ਮਰਹਮ-ਪੱਟੀ ਕਰੇ। ਜੋ ਤੇਰੇ ਪਿੰਡੇ ਨੂੰ ਲਹੂ-ਲੁਹਾਣ ਕਰ ਰਹੇ ਹਨ, ਉਹਨਾਂ ਦੇ ਹੱਥ ਬੰਨ੍ਹੇ।”
ਹੱਥ ਵਿਚ ਖਾਲੀ ਚਿਰਾਗ ਫੜੀ ਅਲਾਦੀਨ ਜ਼ਾਰੋ-ਜ਼ਾਰ ਰੋਣ ਲੱਗਾ ਤੇ ਆਖਣ ਲੱਗਾ, “ਮੇਰਾ ਤਾਂ ਚਿਰਾਗ ਹੀ ਬੇਕਾਰ ਹੋ ਗਿਆ ਹੈ। ਜਿੰਨ ਨੂੰ ਮੈਂ ਰਾਜਧਾਨੀ ਭੇਜਿਆ ਸੀ ਮਰਹਮ ਲੈਣ ਲਈ, ਉਹ ਵਾਪਸ ਹੀ ਨਹੀਂ ਆਇਆ।”
=============
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ
#46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501
ਮੋਬਾਈਲ: 95018 77033