ਮਿੰਨੀ ਕਹਾਣੀ ਦੇ ਵੱਡੇ ਸਿਰਜਕ-29
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ
ਦਰਸ਼ਨ ਸਿੰਘ ਬਰੇਟਾ ਪੰਜਾਬੀ ਮਿੰਨੀ ਕਹਾਣੀ ਲਈ ਚਰਚਿਤ ਨਾਂ ਹੈ।ਭਾਵੇਂ ਇਹ ਮਿੰਨੀ ਕਹਾਣੀ ਪਿਛਲੇ ਲੰਬੇ ਸਮੇਂ ਤੋਂ ਸਿਰਜਣਾ ਕਰ ਰਹੇ ਹਨ, ਪਰ ਇਨ੍ਹਾਂ ਦਾ ਮਿੰਨੀ ਕਹਾਣੀ ਲੇਖਣ ਨਿਰੰਤਰ ਨਹੀਂ ਹੈ।ਜਿਵੇਂ ਇਨ੍ਹਾਂ ਨੇ 1988 ਦੇ ਨੇੜੇ ਇਸ ਵਿਧਾ ਵਿਚ ਸਰਗਰਮੀ ਨਾਲ ਲਿਖਣਾ ਸ਼ੁਰੂ ਕੀਤਾ, ਫੇਰ ਕੁਝ ਸਮਾਂ ਖੜੌਤ ਆ ਗਈ।ਅਦਾਰਾ ਤ੍ਰੈਮਾਸਿਕ ‘ਮਿੰਨੀ’ ਦੇ ਨਾਲ ਜੁੜਨ ਕਾਰਨ ਫੇਰ ਇਹ ਲੇਖਣ ਵੱਲ ਰੁਚਿਤ ਹੋਏ।ਦਰਅਸਲ ਇਨ੍ਹਾਂ ਦਾ ਕਾਰਜ ਮਹਿਜ਼ ਲੇਖਣ ਤੱਕ ਹੀ ਸੀਮਿਤ ਨਹੀਂ, ਬਲਕਿ ਇਹ ਸਿੱਖਿਆ ਖੇਤਰ ਦੀ ਇੱਕ ਉੱਘੀ ਸ਼ਖਸ਼ੀਅਤ ਹਨ, ਜਦੋਂ ਇਹ ਸਿੱਖਿਆ ਖੇਤਰ ਅਤੇ ਉਸ ਨਾਲ ਸੰਬੰਧਿਤ ਸਹਿ-ਪਾਠ ਅੰਤਰ ਕ੍ਰਿਆਵਾਂ ਵਿਚ ਜਿਆਦਾ ਰੁੱਝ ਜਾਂਦੇ ਹਨ ਤਾਂ ਮਿੰਨੀ ਕਹਾਣੀ ਪਿੱਛੇ ਰਹਿ ਜਾਂਦੀ ਹੈ, ਪ੍ਰੰਤੂ ਜਦੋਂ ਇਹ ਆਪਣੇ ਸਕੂਲ ਵਿਚ ਵਿਦਿਆਰਥੀਆਂ ਨੂੰ ਸਾਹਿਤ, ਮਿੰਨੀ ਕਹਾਣੀ ਲੇਖਣ ਨਾਲ ਜੋੜਣ ਦੇ ਉਪਰਾਲੇ ਕਰਦੇ ਹਨ ਤਾਂ ਇੱਕ ਤਰ੍ਹਾਂ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਹੀ ਯਤਨਸ਼ੀਲ ਹੁੰਦੇ ਹਨ।
ਸਾਹਿਤ ਦੀ ਲਗਨ ਵਿਦਿਆਰਥੀ ਜੀਵਨ ਤੋਂ ਲੈ ਕੇ ਪ੍ਰਾਈਵੇਟ ਸਕੂਲਾਂ ਵਿਚ ਸਰਵਿਸ ਤੋਂ ਬਾਦ ਸਿੱਖਿਆ ਵਿਭਾਗ ਵਿਚ ਕਾਰਜਸ਼ੀਲ ਹੋਣ ਤੱਕ ਹਮੇਸ਼ਾ ਅੰਗ ਸੰਗ ਰਹੀ ਹੈ।ਜਿਹੜੇ ਵੀ ਸਕੂਲ ਵਿਚ ਰਹੇ ਉਸ ਸਕੂਲ ਦਾ ਮੈਗਜ਼ੀਨ ਪ੍ਰਕਾਸ਼ਿਤ ਕਰਵਾਇਆ।ਸਕਾਊਟ, ਰੈਡ ਕਰਾਸ ਵਿਚ ਸਟੇਟ ਐਵਾਰਡ ਪ੍ਰਾਪਤ ਕੀਤੇ।
1997 ਵਿਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਵੱਲੋਂ ‘ਰੂਹ ਦੀ ਉਡਾਰੀ’ ਨਾਮਕ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਵਿਚ ਸ਼ਾਮਿਲ ਇਨ੍ਹਾਂ ਦੀਆਂ ਰਚਨਾਵਾਂ ਮਿੰਨੀ ਕਹਾਣੀਆਂ ਹੀ ਹਨ।ਇਨ੍ਹਾਂ ਦੀਆਂ ਰਚਨਾਵਾਂ ਪ੍ਰਮੁੱਖ ਅਖਬਾਰਾ, ਮੈਗਜ਼ੀਨਾਂ ਵਿਚ ਛਪਣ ਦੇ ਨਾਲ ਹਿੰਦੀ, ਮਰਾਠੀ, ਅੰਗ੍ਰੇਜ਼ੀ ਅਤੇ ਸ਼ਾਹਮੁਖੀ ਵਿਚ ਅਨੁਵਾਦ ਵੀ ਹੋਈਆਂ ਹਨ।ਇਨ੍ਹਾਂ ਸਤਰਾਂ ਦੇ ਲੇਖਕ ਅਤੇ ਅਸ਼ਵਨੀ ਖੁਡਾਲ ਨਾਲ ਮਿਲ ਕੇ ਇਨ੍ਹਾਂ ਵੱਲੋਂ ‘ਪੰਜਾਬੀ ਮਿੰਨੀ ਕਹਾਣੀ ਦਾ ਵਰਤਮਾਨ’ ਨਾਮਕ ਮਿੰਨੀ ਕਹਾਣੀ ਸੰਗ੍ਰਹਿ ਦੀ ਸੰਪਾਦਨਾ ਵੀ ਕੀਤੀ ਗਈ ਹੈ।
ਇਨ੍ਹਾਂ ਦਾ ਜਨਮ 15 ਮਾਰਚ 1966 ਨੂੰ ਬਰੇਟਾ ਜਿਲਾ ਮਾਨਸਾ ਵਿਖੇ ਹੋਇਆ।ਵਰਤਮਾਨ ਸਮੇਂ ਵਿਚ ਇਹ ਸਿੱਖਿਆ ਵਿਭਾਗ ਵਿਚ ਲੈਕਚਰਾਰ ਵਜੋਂ ਸੇਵਾਵਾਂ ਨਿਭਾ ਰਹੇ ਹਨ, ਪਰ ਬਹੁਤੀ ਸੇਵਾ ਕਾਰਜਕਾਰੀ ਪ੍ਰਿੰਸੀਪਲ ਵਜੋਂ ਹੀ ਨਿਭਾਈ ਹੈ।ਦਰਸ਼ਨ ਸਿੰਘ ਬਰੇਟਾ ਦੀਆਂ ਮਿੰਨੀ ਕਹਾਣੀਆਂ ਸਮਾਜਿਕ ਸਰੋਕਾਰਾਂ ਨਾਲ ਜੁੜੀਆਂ ਹੋਈਆਂ ਹਨ। ਸਮਾਜ ਵਿੱਚ ਵਾਪਰ ਰਹੇ ਅਨੈਤਿਕ ਵਰਤਾਰੇ, ਸਿੱਖਿਆਂ ਖੇਤਰ ਦਾ ਨਿਘਾਰ, ਮਨੁੱਖੀ ਕਦਰਾਂ ਕੀਮਤਾਂ ਦਾ ਘਾਣ, ਮਨਫ਼ੀ ਹੋ ਰਹੀਆਂ ਮਾਨਵੀ ਸੰਵੇਦਨਾਵਾਂ ਦਾ ਜ਼ਿਕਰ ਵਾਰ -2 ਇੰਨਾਂ ਦੀਆਂ ਰਚਨਾਵਾਂ ਵਿੱਚ ਆਉਂਦਾ ਹੈ।ਵਧੀਆਂ ਰਚਨਾਵਾਂ ਲਿਖਣ ਵਾਲੇ ਇਸ ਸਖਸ਼ ਤੋਂ ਪੰਜਾਬੀ ਮਿੰਨੀ ਕਹਾਣੀ ਦੇ ਪਾਠਕ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ ਦੀ ਆਸ ਵਿਚ ਬੈਠੇ ਵਿਚ ਹਨ।ਪੜ੍ਹਦੇ ਹਾਂ ਇਨ੍ਹਾਂ ਦੀਆਂ ਮਿੰਨੀ ਕਹਾਣੀਆਂ:-
ਅਕ੍ਰਿਤਘਣ
ਪਤਾ ਨਹੀਂਂ ਕਿੳਂ ਅੱਜ ਸਵੇਰੇ ਬਿਰਧ ਆਸ਼ਰਮ ’ਚ ਅਖਵਾਰ ਦੇ ਪੰਨੇ ਪਲਟਦਿਆਂ ਉਸ ਦਾ ਧਿਆਨ ਬੀਤੀ ਜਿ਼ੰਦਗੀ ਦੇ ਪ੍ਰਤੀਬਿੰਬਾਂ ਨਾਲ ਜਾ ਜੁੜਿਆ। ਕਈ ਦਿਨਾਂ ਤੋਂ ਉਹ ਬੇਚੈਨੀ ’ਚ ਜੀ ਰਿਹਾ ਸੀ।
ਦੋ ਪੁੱਤ ਜੰਮੇ ਪਾਲੇ ਪੋਸੇ, ਪੈਰਾਂ ਸਿਰ ਕੀਤੇ। ਵੱਡੇ ਨੂੰ ਵਿਦੇਸ਼ ਸੈਟ ਕਰਨ ਲਈ ਮਕਾਨ ਸਮੇਤ ਹੋਰ ਸਭ ਨਿੱਕ-ਸੁੱਕ ਵੇਚਣੇ ਪਏ।
ਉਹ ਬਸ ਉਥੋਂ ਦਾ ਹੀ ਹੋ ਕੇ ਰਹਿ ਗਿਆ।
‘‘ਖੈਰ ਉਹਦੇ ਤਾਂ ਕੋਈ ਵਸ ਨਹੀਂਂ। ਪਰ ਏਥੇ ਵਾਲਾ ਤਾਂ ਸਭ ਕੁਝ ਕਰ ਸਕਦੈ। ਚੰਗਾ ਦੋਨੋ ਜੀਅ ਨੌਕਰੀ ਲੱਗੇ ਆਂ। ਕੋਈ ਕਮੀ ਨਹੀਂ।’’
ਪਤਾ ਨਹੀਂ ਕੀ ਕੁਝ ਉਹ ਬੁੜਬੁੜਾਈ ਗਿਆ।
‘ਆਹ ਨੂੰਹ ਦਾ ਹਾਲ ਦੇਖ ਲੋ, ਜਦੋਂ ਲੋੜ ਸੀ ਤਾਂ ਬਾਪੂ ਜੀ ਆਹ ਕਰ ਦਿਓ, ਅੋਹ ਵੀ ਕਰ ਦਿਓ। ਹੁਣ ਮੁੰਨੇ ਨੂੰ ਘੁਮਾ ਲਿਆਓ। ਹੁਣ ਮੈਂ ਦਫਤਰ ਚੱਲੀ ਆਂ, ਜਰਾ ਖਿਆਲ ਰੱਖੀਓ।’ ਆਪ ਔਖਾ ਹੋ ਚਾਵਾਂ ਨਾਲ ਪੋਤੇ ਨੂੰ ਪਾਲਿਆ। ਮੈਂ ਵੀ ਆਪਣੇ ਆਪ ਨੂੰ ਪਰਿਵਾਰ ’ਚ ਰਹਿੰਦਾ ਕਿਸਮਤ ਵਾਲਾ ਸਮਝਦਾ।
ਬੱਚੇ ਦੇ ਪੜ੍ਹਨ ਲੱਗਣ ’ਚ ਹਾਲੇ ਕਈ ਮਹੀਨੇ ਬਾਕੀ ਸੀ, ਪਹਿਲਾਂ ਹੀ ਦੋਨਾਂ ਜੀਆਂ ਨੇ ਆਪਣੀ ਵੱਡੇ ਸ਼ਹਿਰ ਦੀ ਬਦਲੀ ਲਈ ਓਹੜ ਪੋਹੜ ਵਿੱਢ ਦਿੱਤੇ। ਅਖੇ ਵੱਡੇ ਸ਼ਹਿਰ ਚੰਗੇ ਸਕੂਲ ’ਚ ਬੱਚੇ ਦਾ ਭਵਿੱਖ ਚੰਗਾ ਬਣੂ।
ਮੈਂ ਬਥੇਰਾ ਕਿਹਾ, ‘‘ਭਾਈ ਕਾਕਾ ਤੂੰ ਵੀ ਇੱਥੇ ਪੜ੍ਹ ਕੇ ਨੌਕਰੀ ਲੱਗਿਐਂ। ਸ਼ਭ ਕੁਝ ਆ ਏਥੇ।’’
‘‘ਅਖੇ ਨਹੀਂ, ਬਾਪੂ ਜੀ ਸਾਡੇ ਵੇਲੇ ਗੱਲ ਹੋਰ ਸੀ। ਹੁਣ ਜ਼ਮਾਨਾ ਬਦਲ ਗਿਐ।’’
ਦੋਨਾਂ ਦੀ ਬਦਲੀ ਕੀ ਹੋ ਗਈ, ਮੇਰੀ ਤਾਂ ਕੰਮਬਖਤੀ ਆਂ ਗਈ।
ਦਫਤਰ ਆਉਂਦਿਆਂ ਨੂੰਹ ਨੇ ਫਰਮਾਨ ਸੁਣਾਇਆ, ‘‘ਬਾਪੂ ਜੀ ਅਸੀਂ ਦੋ ਚਾਰ ਦਿਨਾਂ ’ਚ ਵੱਡੇ ਸ਼ਹਿਰ ਚਲੇ ਜਾਣੈ। ਉੱਥੇ ਵੱਡੇ ਮਕਾਨਾਂ ਦਾ ਕਿਰਾਇਆ ਬਹੁਤ ਜਿਆਦਾ। ਇਸ ਮਕਾਨ ਦਾ ਕਿਰਾਇਆ ਸੋਡੇ ਕੱਲਿਆਂ ਲਈ ਦੇਣਾ ਕੋਈ ਸਿਆਣਪ ਨਹੀਂ। ਜੇ ਭਲਾ ਤੁਸੀਂ ਹੁਣ........ਆਹ ਬਿਰਧ ਆਸ਼ਰਮ ’ਚ....................।’’
‘‘ਬੱਸ ਭਾਈ ਮੈਂ ਸਮਝ ਗਿਆਂ। ਠੀਕ ਆ। ਮੈਂ ਕੱਲ ਹੀ ਚਲਿਆ ਜਾਊਂ। ਤੁਸੀਂ ਰਾਜੀ ਰਹੋ ਮੇਰਾ ਕੀ ਆ।’’
‘‘ਬਾਬਾ ਜੀ ਕੀਹਨੂੰ ਰਾਜੀ ਰੱਖ ਰਹੇ ਹੋ, ਚਾਹ ਪੀ ਲੋ।’’ ਆਸ਼ਰਮ ਦੇ ਲਾਂਗਰੀ ਦੇ ਕਹਿੰਿਦਆਂ ਸਾਰ ਉਸਦੀ ਬਿਰਤੀ ਵਾਪਸ ਪਰਤੀ।
‘‘ਨਹੀਂ-ਨਹੀਂ ਕੁਝ ਨਹੀਂ।’’ਆਖਦਿਆਂ ਉਸ ਨੇ ਚਾਹ ਦਾ ਕੱਪ ਚੁੱਕਿਆ।
ਹੁਣ ਉਹ ਨਵੀਂ ਪੀੜੀ ਦੀ ਅਖੌਤੀ ਆਧੁਨਿਕ ਸੋਚ ਦਾ ਸਤਾਇਆ ਬੇਬਸੀ ਦੇ ਹੰਝੂਆਂ ਨੂੰ ਵਹਿਣ ਤੋਂ ਰੋਕ ਨਾ ਸਕਿਆ।
==============
ਬਗਾਵਤ
ਸੂਬੇ ਦੀ ਸਰਕਾਰ ਬਣਾਉਣ ਲਈ ਅੱਜ ਵੋਟਾਂ ਪੈਣੀਆਂ ਸਨ।ਹਰ ਪਾਸੇ ਗਹਿਮਾਂ-ਗਹਿਮੀ ਸੀ।ਸੁਰਜੀਤ ਦੇ ਮਨ ’ਚ ਵੋਟ ਬਣਨ ਉਪਰੰਤ ਪਹਿਲੀ ਵਾਰ ਵੋਟ ਪਾਉਣ ਜਾਣ ਦਾ ਚਾਅ ਸੀ।
“ਪ੍ਰਮਾਤਮਾਂ ਦਾ ਨਾਂ ਲੈ,ਪਹਿਲੀਆਂ ਵੋਟਾਂ ਆਪਣੇ ਪਰਿਵਾਰ ਦੀਆਂ ਪੈਣੀਆਂ ਚਾਹੀਂਦੀਆਂ ਨੇ।ਤਿਆਰ ਹੋ ਜੋ ਸਾਰੇ।” ਮੰਤਰੀਆਨਾ ਰੋਆਬ ’ਚ ਸੁਰਜੀਤ ਦੇ ਪਿਤਾ ਨੇ ਹੁਕਮ ਚਾੜਿਆ।
ਸੁਰਜੀਤ ਨੂੰ ਰਾਤੀਂ ਨੀਂਦ ਕੁਝ ਘੱਟ ਹੀ ਆਈ।ਸਵੇਰੇ ਉਠਣ ਸਾਰ ਅਖ਼ਬਾਰ ਦੀਆਂ ਸੂਰਖੀਆਂ ਪੜ੍ਹਦਿਆ ਉਸਦੀ ਬਿਰਤੀ ਜਿੰਦਗੀ ਦੇ ਅਤੀਤ ਨਾਲ ਜਾ ਜੁੜੀ।
ਉਸ ਦਾ ਦਾਦਾ ਇੱਕ ਵਾਰ ਵਿਧਾਇਕ ਚੁਣਿਆ ਗਿਆ।ਉਸ ਦੇ ਪਿਤਾ ਨੇ ਦੋ ਵਾਰ ਐਮ.ਐਲ.ਏ ਤੇ ਇਕ ਵਾਰ ਮਨਿਸਟਰ ਬਣ ਕੇ ਲੋਕਾਂ ਦੀ ਸੇਵਾ ਕਰਦਿਆਂ ਸੱਤਾ ਦਾ ਸੁੱਖ ਭੋਗਿਆ।ਪੀੜ੍ਹੀ ਦਰ ਪੀੜ੍ਹੀ ਸੱਤਾ ਪ੍ਰਾਪਤੀ ਦੀ ਬਦੌਲਤ ਪਰਿਵਾਰ ਦੇ ਨਾਂ ’ਚ ਇਜਾਫਾ ਹੋਣ ਤੇ ਹੋਰ ਧਨਾਢ ਹੋਣਾ ਪ੍ਰਚਲਤ ਪ੍ਰਸਥਿਤੀਆਂ ਮੁਤਾਬਕ ਸੁਭਾਵਕ ਹੀ ਸੀ ।ਲੋੜੀਂਦੀ ਦੀ ਹਰ ਵੱਡੀ ਛੋਟੀ ਸਹੂਲਤ ਉਨ੍ਹਾਂ ਦੇ ਘਰ ਮੌਜੂਦ ਸੀ ।
ਅੱਜ ਤੀਜੀ ਵਾਰ ਫਿਰ ਉਸ ਦੇ ਪਿਤਾ ਦੀ ਕੁਰਸੀ ਦਾ ਫੈਸਲਾ ਕਰਨ ਦਾ ਦਿਨ ਸੀ।
ਨਾਨੀ ਮਾਂ ਦੀ ਸੰਗਤ ’ਚ ਰਹਿੰਦਿਆਂ ਬਚਪਨ ਤੋਂ ਸੁਰਜੀਤ ਨੂੰ ਧਾਰਮਿਕ ਪ੍ਰਵਚਨ ਸੁਣਨ ਅਤੇ ਟੈਲੀਵਿਜਨ ਉਪਰ ਸਮਾਜ ਤੇ ਧਰਮ ਸੁਧਾਰ ਦੇ ਇੱਕਾ ਦੁਕਾ ਆੳਂੁਦੇ ਪੋ੍ਰਗ੍ਰਾਮ ਦੇਖਣੇ ਹੀ ਚੰਗੇ ਲੱਗਦੇ।
ਸਵੇਰ ਦੀ ਸੁਭਾ ਵੇਲੇ ਪਿ੍ਰੰਸੀਪਲ ਸਕਸੈਂਨਾਂ ਦੀਆਂ ਵੱਖ-ਵੱਖ ਵਿਸ਼ਿਆ ਨੂੰ ਲੈ ਕੇ ਹੰੁਦੀਆਂ ਤਕਰੀਰਾਂ ਨੇ ਉਸ ਦੀ ਸੁਧਾਰਵਾਦੀ ਪ੍ਰਵਿਰਤੀ ਨੂੰ ਹੋਰ ਪਰਪੱਕਤਾ ਦੀ ਪਾਨ ਚੜਾਈ।
ਹੌਲੀ-ਹੌਲੀ ਉਸ ਦੀ ਅਗਾਹਵਧੂ ਸੋਚ ਉਸਰਦੀ ਗਈ।
“ਦੇਸ਼ ਦਾ ਭਵਿੱਖ ਨੌਜਵਾਨਾਂ ਦੀ ਸੋਚ ਤੇ ਨਿਰਭਰ ਕਰਦੈ।ਭਰਿਸਟ ਨੇਤਾ ਚੁਨਣਾ ਦੇਸ਼ ਨਾਲ ਗਦਾਰੀ ਹੈ।”
ਪ੍ਰਿੰਸੀਪਲ ਸਕਸੈਨਾਂ ਦੇ ਸ਼ਬਦ ਉਸ ਦੇ ਦਿਮਾਗ ’ਚ ੳਸੂਲ ਵੱਟੇ ਲੈ ਰਹੇ ਸਨ।
“ਜੋ ਮਰਜੀ ਕੋਰ,ਜਿੱਤ ਆਪਣੀ ਹੋਣੀ ਚਾਹੀਦੀ ਹੈ।ਪੈਸੇ ਦੀ ਜਿੰਨੀ ਲੋੜ ਹੋਵੇ ਲੈ ਜੋ……...ਵੰਡ ਦਿਓੁ……… ਪਰ ਵੋਟ ਪੈਣੀ ਚਾਹੀਦੀ ਹੈ।ਅਮਲੀਆ ਦਾਰੂ ਨਾਲ ਲੋਕਾਂ ਨੂੰ ਨਮਾ ਦੇ ਬੇਸ਼ਕ ਪਰ ਵੋਟ…………।ਕੁਝ ਵੀ ਕਰੋ,ਆਪਾਂ ਫੇਰ ਮਨਿਸਟਰ ਬਣਨਾ। ਫਿਰ ਤੁਸੀ ਜਿਵੇਂ ਮਰਜ਼ੀ……………।”
ਰਾਤ ਸਮੇਂ ਉਸ ਦੇ ਪਿਤਾ ਦੇ ਬੋਲ ਸੁਰਜੀਤ ਦੇ ਮਨ ’ਚ ਖਲਬਲੀ ਮਚਾਂ ਰਹੇ ਸਨ।
“ਪੜ੍ਹਾਕੂਆ,ਇਸ ਵਾਰ ਵੋਟ ਪਾਉਣ ਜਾਣੈ।ਲਾ ਦੀ ਕਿੱਲ ਪੱਤੀਆਂ ਤੇਰੇ ਸਾਥੀਆਂ ਦੀਆਂ ਵੋਟਾਂ ਵੀ……………।”
ਨਹੀਂ-ਨਹੀਂ,ਮੈਂ ਨਹੀਂ ਦੇਸ਼ ਨਾਲ ਗਦਾਰੀ ਕਰਨੀ,ਮੈਂ ਨਹੀਂ ਸੋਨੂੰ ਵੋਟ ਪਾਉਣੀ………………ਨਹੀਂ-ਨਹੀਂ………..।”
“ਕੀ ਹੋ ਗਿਆ ਬੇਟਾ ਕਿਹਦੇ ਨਾਲ ਇੱਕਲਾ ਹੀ ਗੱਲਾ ਕਰੀ ਜਾਨੈ।
ਜਾ,ਬਾਥਰੂਮ ’ਚ ।ਨਾਹ ਲੈ।ਤੇਰਾ ਪਾਣੀ ਭਰ ਗਿਆ।’ਮਾਂ ਦੇ ਬੋਲਾਂ ਨੇ ਉਸ ਦੀ ਸੋਚਾਂ ਦੀ ਲੜੀ ਤੋੜੀ।
ਆਪਣੇ ਪਿਤਾ ਨੂੰ ਵੋਟ ਨਾ ਪਾਉਣ ਦੇ ਬੁਲੰਦ ਇਰਾਦੇ ਨਾਲ ਉਹ ਨਹਾਉਣ ਚਲਾ ਗਿਆ।
==============
ਟੇਢੀ ਉਂਗਲ
ਸੰਦੀਪ ਨੂੰ ਵਿਆਹੀ ਆਈ ਨੂੰ ਅੱਜ ਤਿੰਨ ਵਰੇ ਬੀਤ ਚੁੱਕੇ ਸਨ। ਸਵੇਰੇ ਉੱਠਣ ਸਾਰ ਸੱਸ-ਸਹੁਰੇ ਤੇ ਹੋਰ ਵੱਡਿਆਂ ਦੇ ਪੈਰੀਂ ਹੱਥ ਲਾ ਕੇ ਦਿਨ ਦਾ ਕੰਮ ਕਾਰ ਸੁਰੂ ਕਰਨਾ ਜਿਵੇਂ ਉਸਦਾ ਨਿੱਤ ਨੇਮ ਸੀ। ਅਪਣੀ ਲਿਆਕਤ ਤੇ ਆਧੁਨਿਕ ਵਿਚਾਰਾਂ ਦੀ ਬਦੌਲਤ ਸਹੁਰੇ ਘਰ ਦੀਆਂ ਪ੍ਰਚੱਲਤ ਕਈ ਬੇਲੋੜੀਆਂ ਰੀਤਾਂ ਉਸਨੇ ਬੰਦ ਕਰਵਾ ਦਿੱਤੀਆਂ ਸਨ।
“ਬੇਟਾ ਕੱਲ ਤੇਰੇ ਦਾਦਾ ਜੀ ਦਾ ਸਰਾਧ ਹੈ। ਪੰਡਤ ਨੂੰ ਭੋਗ ਲਵਾ ਕੇ ਰੋਟੀ ਬਾਕੀ ਟੱਬਰ ਨੂੰ ਫੇਰ ਦੇਈਂ। ਕਿਤੇ ਵੱਡੇ-ਵਡੇਰੇ ਨਰਾਜ਼ ਨਾ ਹੋ ਜਾਣ। ਘਰ ‘ਚ ਸਭ ਉਨਾਂ ਦੀ ਖੁਸ਼ੀ ਦੀਆਂ ਬਰਕਤਾਂ ਨੇ।” ਸੰਦੀਪ ਦੀ ਸੱਸ ਨੇ ਹਰ ਵਾਰ ਦੀ ਤਰਾਂ ਸਮਝਾਉਦਿਆਂ ਅਪਣੀ ਗੱਲ ਪੂਰੀ ਕੀਤੀ।
“ਠੀਕ ਹੈ, ਮਾਂ ਜੀ। ਚਿੰਤਾ ਨਾਂ ਕਰੋ। ਸਭ ਠੀਕ ਹੋ ਜਾਵੇਗਾ।”
ਪੰਡਤ ਨੂੰ ਖਵਾਈ ਰੋਟੀ ਸਵਰਗਵਾਸੀ ਦਾਦਾ ਜੀ ਤੱਕ ਪਹੁੰਚ ਨਹੀਂ ਸਕਦੀਂ। ਇਹ ਸਬ ਟੰਡ-ਕਮੰਡ ਆਡੰਬਰ ਨੇ। ਸਮੇਂ ਦੀ ਬਰਬਾਦੀ। ਸੰਦੀਪ ਨੂੰ ਨੀਂਦ ਨਹੀਂ ਸੀ ਆ ਰਹੀ। ਉਸਲ ਵੱਟੇ ਲੈਂਦਿਆਂ ਸੋਚ ਘੁੰਮਾਈ। ਕੋਈ ਅਜਿਹੀ ਤਿਕੜਮ ਲਾਈ ਜਾਵੇ ਕਿ ਸੱਪ ਵੀ ਮਰਜੇ ਤੇ ਸੋਟੀ ਵੀ ਬਚਜੇ। ਅਚਾਨਕ ਉਸਨੂੰ ਤਰਕੀਬ ਸੁੱਝੀ ਤਾਂ ਜਾ ਕੇ ਉਸਨੂੰ ਨੀਂਦ ਆਈ। ਰੋਜ ਦੀ ਤਰਾਂ ਉਸਨੇ ਅਪਣੇ ਸੱਸ ਸਹੁਰੇ ਦੇ ਪੈਰੀਂ ਹੱਥ ਲਾਏ। ਗੜਵੀ ਵਿਚੋਂ ਗਲਾਸ ਵਿੱਚ ਚਾਹ ਪਾਉਂਦਿਆ ਸੰਦੀਪ ਨੇ ਅਪਣੀ ਤਰਕੀਬ ਦੇ ਪੱਤੇ ਖੋਲਣੇ ਸੁਰੂ ਕੀਤੇ।
“ਮਾਤਾ ਜੀ, ਸਮਝ ਨੀ ਆਉਂਦੀ ਕਿ ਤੁਹਾਨੂੰ ਕਿਵੇਂ ਦੱਸਾਂ?” ਕਹਿ ਸੰਦੀਪ ਜਾਣਕੇ ਰਸੋਈ ਵਿੱਚੋਂ ਕੌਲੀ ਚੁੱਕਣ ਚਲੀ ਗਈ।
“ਕੀ ਗੱਲ ਆ ਬੇਟਾ,ਦੱਸੋ-ਦੱਸੋ?” ਸੱਸ-ਸਹੁਰੇ ਦੀ ਉਤਸੁਕਤਾ ਹੋਰ ਵਧ ਗਈ।
“ਬਾਪੂ ਜੀ, ਰਾਤ ਸੁਪਨੇ ‘ਚ ਦਾਦਾ ਜੀ ਆਏ। ਮੇਰਾ ਸਿਰ ਪਲੋਸਿਆ। ਕੋਲ ਬਿਠਾ ਕੇ ਪਿਆਰ ਨਾਲ ਕਹਿੰਦੇ, ‘ਬੇਟਾ ਅੱਜ ਤੋਂ ਮੇਰੀ ਗਤੀ ਹੋ ਗਈ। ਮੇਰਾ ਸ਼ਰਾਧ ਬੰਦ ਕਰ ਦਿਓ। ਜੇ ਖ਼ੁਸ਼ੀ ਚਾਹੁੰਦੇ ਹੋ ਤਾਂ।‘ ਮੇਰੇ ਬੋਲਣ ਤੋਂ ਪਹਿਲਾਂ ਹੀ ਉਹ ਅਲੋਪ ਹੋ ਗਏ।” ਕਹਿੰਦਿਆ ਸੱਸ ਸਹੁਰੇ ਦੇ ਹਾਵ ਭਾਵ ਤੋਂ ਸੰਦੀਪ ਨੂੰ ਲੱਗਿਆ ਕਿ ਕਾਮਯਾਬੀ ਨੇੜੇ ਹੀ ਹੈ।
ਕੁੱਝ ਚਿਰ ਚੁੱਪ ਪਸਰੀ ਰਹੀ। ਨੂੰਹ ਦੇ ਤਰਕ ਸਾਹਮਣੇ ਕਿਸੇ ਨੂੰ ਕੁਝ ਨਹੀਂ ਸੁੱਝ ਰਿਹਾ ਸੀ।
“ਮੈਨੂੰ ਸਮਝ ਨੀ ਆਉਦੀਂ ਹੁਣ ਕੀ ਕਰੀਏ।” ਕਹਿੰਦਿਆਂ ਸੰਦੀਪ ਨੇ ਚੁੱਪ ਤੋੜਨੀ ਚਾਹੀ।
“ਠੀਕ ਆ, ਬੇਟਾ। ਜਿਵੇਂ ਵੱਡ-ਵਡੇਰੇ ਚਾਹੁੰਦੇ ਆ। ਆਪਾਂ ਤਾਂ ਉਹਨਾਂ ਵਾਸਤੇ ਈ ਕਰਦੇ ਸੀ। ਜੇ ਉਹੀ ਨਹੀਂ ਚਾਹੁੰਦੇ ਤਾਂ ਛੱਡੋ ਪੰਡਤ ਨੂੰ ਰੋਟੀ ਖੁਆਉਣੀ।”
“ਹਾਂ ਸੰਦੀਪ ਪੁੱਤ ,ਆਪਾਂ ਨੂੰ ਤਾਂ ਘਰਦੀ ਖ਼ੁਸ਼ੀ ਚਾਹੀਦੀ ਆ। ਜੇ ਉਹ ਐਂ ਖ਼ੁਸ਼ ਨੇ ਤਾਂ ਆਪਾਂ ਤਾਂ ਪਹਿਲਾ ਹੀ ਖ਼ੁਸ਼ ਆਂ।” ਕਹਿੰਦਿਆ ਸੱਸ-ਸਹੁਰੇ ਨੇ ਆਪੋ ਆਪਣੀ ਗੱਲ ਰੱਖੀ।
“ਠੀਕ ਹੈ ਫੇਰ,ਬਾਪੂ ਜੀ। ਜਿਵੇਂ ਸੋਡੀ ਮਰਜੀ।” ਕਹਿ ਸੰਦੀਪ ਜਿੱਤੇ ਪਹਿਲਵਾਨ ਵਾਂਗ ਉਠੀ ਤੇ ਰਸੋਈ ਵਿੱਚ ਅਪਣੇ ਰੋਜ ਮਰਾ ਦੇ ਕੰਮ ਤੇ ਲੱਗ ਗਈ।
============
ਰਿਸ਼ਤਿਆਂ ਦੀ ਬੁਨਿਆਦ
“ਬੇਟਾ ਰਮੇਸ਼,ਮੇਰਾ ਤੁਰਦੇ ਦਾ ਸਾਹ ਫੁਲਦੈ ,ਸਕੂਟਰ ਤੇ ਮੈਨੰੂ ਬਂੈਕ ਲੈ ਚੱਲ।ਦੋ ਮਹੀਨਿਆਂ ਦੀ ਪੈਨਸ਼ਨ ਲੈਕੇ ਆਉਣੀ ਆ।ਫਿਰ ਆਪਣੇ ਕੰਮ ਤੇ ਚਲਿਆ ਜਾਈਂ” ਨੱਬਿਆਂ ਨੰੂ ਢੁੱਕੇ ਸੁਰਜੀਤ ਨੇ ਅਪਣੇ ਪੁੱਤਰ ਨੂੰ ਤਰਲਾ ਕੀਤਾ।
“ਪਤਾ ਨਹੀਂ ਕਿਵੇਂ ਸਮਝ ਆਉ, ਇਹਨਾਂ ਨੰੂ? ਤੁਸੀਂ ਤਿੰਨ ਦਿਨਾਂ ਦੇ ਮੇਰੇ ਮਗਰ ਪਏ ਹੋਂ।ਚਾਰ ਛਿੱਲੜ ਸੋਨੂ ਪੈਨਸ਼ਨ ਮਿਲੂਗੀ।ਮੇਰਾ ਟਾਈਮ ਪਤੈ ਕਿੰਨਾ ਕੀਮਤੀ ਆ ? ਐਥੋਂ ਕਿਸੇ ਰਿਕਸ਼ੇ ਵਾਲੇ ਨੂੰ ਦਸ ਪੰਦਰਾਂ ਰੁਪਏ ਦੇ ਕੇ ਜਾ ਆਓ । ਮੇਰੇ ਕੋਲ ਨੀ ਟਾਈਮ , ਸੋਡੇ ਨਾਲ ਖਪਾਈ ਕਰਨ ਵਾਸਤੇ।” ਪੁੱਤਰ ਦੀ ਤਲਖੀ ਸਾਹਮਣੇ ਸੁਰਜੀਤ ਨੂੰ ਕੁੱਝ ਨਾ ਅਉੜਿਆ ।
“ਕਿਉਂ ਐਵੇਂ ਆਵਦਾ ਕਾਲਜਾ ਸਾੜਦੇ ਹੋਂ । ਰਿਕਸ਼ੇ ਤੇ ਈ ਜਾ ਆਓ,ਡਿੱਗਦੇ ਢਹਿੰਦੇ ।ਨਾਲੇ ਮੇਰੀ ਖੰਘ ਦੀ ਦਵਾਈ ਤੇ ਰਾਸ਼ਨ ਲਿਆਉਣਾ ਨਾਂ ਭੁਲਿਓ।” ਖਉਂ-ਖਊਂ ਕਰਦੀ ਰੇਸ਼ਮਾਂ ਦਬਵੀਂ ਸੁਰ ‘ਚ ਆਪਣੇ ਘਰ ਵਾਲੇ ਮੁਖਾਤਿਬ ਹੋਈ।ਉਸਨੂੰ ਡਰ ਸੀ ਕਿ ਕਿਤੇ ਉਸਦੇ ਬੋਲ ਨੂੰਹ-ਪੁੱਤ ਦੇ ਕੰਨਾਂ ‘ਚ ਨਾਂ ਪੈ ਜਾਣ।ਕਲੇਸ਼ ਵਧਣ ਤੋਂ ਉਹ ਡਰਦੀ ਸੀ ।
“ਆਹ ਸਟੇਟ ਬੈਂਕ ਚਲਣੈ , ਕਿੰਨੇ ਪੈਸੇ ਲਵੇਗਾ, ਪੁੱਤਰਾਂ ?” ਬਾਬੂ ਜੀ ਪੰਦਰਾਂ ਰੁਪਏ ਲੈਨੇ ਆਂ, ਬੇਠੋ ਤੁਹਾਡੇ ਤੋ ਕਿਹੜਾ ਵੱਧ ਲੈਣੇ ਆਂ।“
ਹੁਣ ਰਿਕਸ਼ਾ ਬੈਂਕ ਵੱਲ ਜਾ ਰਿਹਾ ਸੀ
“ਕੀ ਨਾਮ ਆ ਸ਼ੇਰਾ ,ਤੇਰਾ ? ” ਸੁਰਜੀਤ ਨੇ ਰਿਕਸ਼ੇ ਵਾਲੇ ਨਾਲ ਗੱਲ ਤੋਰੀ
“ਰਾਮੂ ਕਹਿ ਕੇ ਬੁਲਾਂੁਦੇ ਆ ਸਾਰੇ‘ ਬਾਪੂ ਜੀ।ਘਰਦਿਆਂ ਨੇ ਤਾਂ ਰਾਮ ਸਿੰਘ ਰੱਖਿਆ ਸੀ ।” ਪੈਡਲ ਮਾਰਦਿਆਂ ਰਿਕਸ਼ੇ ਵਾਲਾ ਬੋਲਿਆ।
“ਅੱਛਾ,ਆਏਂ ਦੱਸ ਰਾਮੂ ਬੇਟਾ ਜੇ ਬੈਂਕ ‘ਚ ਜਲਦੀ ਕੰਮ ਹੋ ਗਿਆ ਤਾਂ ਫੇਰ ਮੈਨੂੰ ਵਾਪਸ ਵੀ ਛੱਡਦੇਗਾਂ ਨਾਂ? ”
ਸੁਰਜੀਤ ਨੇ ਵਾਪਸੀ ਦਾ ਫਿਕਰ ਕਰਦਿਆ ਗੱਲ ਅੱਗੇ ਤੋਰੀ।
“ਹਾਂ..ਹਾਂ ਬਾਪੂ ਜੀ ਜਰੂਰ ਲੈਕੇ ਚੰਲੂ। ਪਰ ਜਿਆਦਾ ਟਾਇਮ ਨਾਂ ਲਾਇਓ।”
ਬੈਂਕ ‘ਚ ਕੰਮ ਜਾਣ ਸਾਰ ਨਿਪਟ ਗਿਆ।
“ਚੱਲ ਬਈ ਬੇਟਾ, ਰਾਮੂ। ਥੋੜਾ ਮੋੜ ਪਾਕੇ ਬਜ਼ਾਰ ਵਿੱਚੋਂ ਦੀ ਲੈ ਚੱਲੀਂ।ਰਾਸ਼ਨ ਤੇ ਦਵਾਈ ਮੁੱਕੇ ਪਏ ਨੇ।ਜਿਆਦਾ ਦੇਰ ਨੀ ਲਾਉਂਦੇ।”
ਸੁਰਜੀਤ ਨੇ ਰਾਮੂ ਦੇ ਨਾਂਹ ਕਰ ਦੇਣ ਤਂੋ ਡਰਦਿਆਂ ਗੱਲ ਪੂਰੀ ਕੀਤੀ ।
ਖਰੀਦੋ ਫਰੋਕਤ ਤੋਂ ਬਾਅਦ ਰਿਕਸ਼ਾ ਘਰ ਪਹੁੰਚਿਆ ।ਸਮਾਨ ਉਤਾਰਿਆ।
“ਲੈ ਬਈ ਪੂੱਤਰਾ ਰਾਮੂ ,ਚਾਲੀ ਰੁਪਏ। ਹੋਰ ਪਾਣੀ ਧਾਣੀ ਪੀਣੈ ਤਾਂ ਦੱਸ।” ਸੁਰਜੀਤ ਨੇ ਪੰਜਾਹ ਦਾ ਨੋਟ ਰਾਮੂ ਵੱਲ ਵਧਾਉਦਿਆਂ ਕਿਹਾ।
“ਬਾਪੂ ਜੀ ਖੁੱਲੇ ਤੀਹ ਰੁਪਏ ਦੇ ਦਿਓ। ਮੇਰੇ ਕੋਲ ਖੁੱਲੇ ਨਹੀਂ ਹਨ।” ਰਾਮੂ ਬੋਲਿਆ।
“ਨਹੀਂ ਤੂੰ ਚਾਲੀ ਰੱਖ।ਤੰੂ ਮੇਰਾ ਏਨਾਂ ਕੰਮ ਕੀਤਾ ਆ। ਰੱਖ-ਰੱਖ ।” ਸੁਰਜੀਤ ਨੇ ਥੋੜਾ ਜੋਰ ਦੇ ਕੇ ਕਿਹਾ।
“ਕਿਉਂ ਐਵਂੇ ਈ ਮਾੜੀ ਜੀ ਗੱਲ ਪਿੱਛੇ ਰਿਕਸ਼ੇ ਵਾਲੇ ਨਾਲ ਬਹਿਸੀ ਜਾਨੇ ਓ।ਨਬੇੜੋ ਪਰਾਂ, ਐਵਂੇ ਕਿਉ ਇਨਾਂ ਨੂੰ ਮੂੰਹ ਲਾਇਆ ।” ਰਮੇਸ਼ ਨੇ ਬਿਨਾ ਗੱਲ ਸੁਣਿਆਂ ਬਾਹਰ ਆ ਸ਼ਮੁਲੀਅਤ ਕੀਤੀ।
“ਨਹੀਂ ਬਾਪੂ ਜੀ ਤੁਸੀਂ ਮੇਰੇ ਰਿਕਸ਼ੇ ‘ਚ ਬੈਠਣ ਲੱਗਿਆਂ ਮੈਨੰੂ “ਚੱਲ ਪੁੱਤਰਾ ” ਕਿਹਾ ਸੀ ਨਾ।ਤੁਸੀਂ ‘ਪੁੱਤਰ‘ ਕਿਹਾ ਤਾਂ ਮੈਂ ਤੀਹ ਰੁਪਏ ਹੀ ਲਉਂ ਮੈਂ ਬਾਪੂ ਤੋਂ ਵੱਧ ਪੈਸੇ ਲੈਣ ਦਾ ਪਾਪ ਨਹੀਂ ਕਰ ਸਕਦਾ।” ਰਾਮੂ ਇੱਕੋ ਸਾਹੇ ਬੋਲਦਾ ਗਿਆ ।
ਪੁੱਤਰ-ਬਾਪੂ ਜੀ-ਤੀਹ ਰੁਪਏ-ਪਾਪ ਸ਼ਬਦ ਸੁਣਦਿਆਂ ਰਮੇਸ਼ ਨੀਵੀਂ ਪਾ ਅੰਦਰ ਜਾ ਵੜਿਆ।
=============
ਪ੍ਰਤੀਬਿੰਬ
ਮਨਜੀਤ ਰੋਟੀ ਟੁੱਕ ਦਾ ਕੰਮ ਮੁਕਾ ਕੇ ਥੋੜਾ ਅਰਾਮ ਕਰਨ ਦੇ ਬਹਾਨੇ ਦੁਪਹਿਰ ਦੇ ਖਾਣੇ ਲਈ ਗੁਆਰੇ ਦੀਆਂ ਫਲੀਆਂ ਡੁੰਗਣ ਲੱਗੀ। ਫਲੀਆਂ ਪੱਕੀਆਂ ਜਿਆਦਾ ਹੋਣ ਕਰਕੇ ਛਾਂਟੀ ਕੁੱਝ ਜਿਆਦਾ ਕਰਨੀ ਪੈ ਰਹੀ ਸੀ। ਫੁਰਰ-ਫੁਰਰ ਛਾਂਟੀ ਕਰਦਿਆਂ ਅਚਾਨਕ ਉਸਦੀ ਬਿਰਤੀ ਅਤੀਤ ਨਾਲ ਆ ਜੁੜੀ।
ਮਨਜੀਤ ਦੀਆਂ ਦੋਵੇਂ ਭੈਣਾਂ ਤੇ ਇੱਕ ਭਰਾ ਵਿੱਚੋਂ ਬਾਕੀ ਸਾਰੇ ਵਧੀਆ ਪੜ ੍ਹਲਿਖ ਕੇ ਚੰਗੀਆਂ ਨੌਕਰੀਆਂ ‘ਚ ਸੈਟ ਹੋ ਗਏ। ਸਾਰੇ ਆਪੋ ਆਪਣ ੇਪਰਿਵਾਰਾਂ ਨੂੰ ਪਾਲਦਿਆਂ ਐਸ਼ ਕਰ ਰਹੇ ਸਨ।
ਹਰਦੀਪ ਮੈਡਮ ਨੇ ਇੱਕ ਦਿਨ ਉਸਨੂੰ ਸਕੂਲ ਦਾ ਕੰਮ ਨਾ ਕਰਨ ਕਰਕੇ ਕੁਟਾਪਾ ਚਾੜਿਆ। ਅਚਾਨਕ ਹੱਥ ਅੱਗੇ ਪਿੱਛੇ ਕਰਨ ਕਰਕੇ ਡੰਡਾ ਉਂਗਲ ਤੇ ਕੀ ਬੱਜਿਆ ਕਿ ਇੱਕ ਉਂਗਲ ਉੱਤਰ ਗਈ।
ਬਸ ਫਿਰ ਉਹ ਕਦੇ ਸਕੂਲ ਨਾ ਗਈ। ਪੜ੍ਹਾਈ ਅੱਧ ਵਾਟਿਓ ਛੁੱਟ ਗਈ।
ਮੈਡਮ ਨੇ ਕਈ ਦਿਨ ਸੁਨੇਹੇ ਲਾਏ ਪਰ ਮੇਰੀ ਅਨਪੜ੍ਹ ਮਾਂ ਨੇ ਈ ਪੱਟੀ ਨੀ ਬੰਨਣ ਦਿੱਤੀ। ਅਖੇ ਕੁੜੀ ਮਰਵਾਉਣੀ ਥੋੜੋ ਐ।ਡੈਣਾਂਤੋਂ। ਛੱਡ…… ਪੁੱਤ ਐਹੋ ਜੀ ਪੜ੍ਹਾਈ ਨੂੰ।
ਅੱਜ ਕਦੇ ਮੈਨੂੰ ਹਰਦੀਪ ਮੈਡਮ ਤੇ ਕਚੀਚੀਆਂ ਆਉਂਦੀਆਂ ਨੇ ਤੇ ਕਦੇ ਮਾਂ ਦੀ ਨਾਂ ਸਮਝੀ ਤੇ ਢੇਰ ਸਾਰਾ ਗੁੱਸਾ ਆਉਂਦਾ।
“ਮੇਰੀ ਪੜ੍ਹਾਈ ਛਡਵਾਉਣ ਵਾਲੀਆਂ ਉਹ ਦੋਨੋ ਆ। ਮੈਂ ਤਾਂ ਭਲਾ ਜੁਆਕ ਸੀ। ਉਨਾਂ ਨੇ ਮੇਰੇ ਭਵਿੱਖ ਬਾਰੇ ਕਿਉਂ ਨੀ ਸੋਚਿਆ। ਉਹ ਤਾਂ ਵੱਡੀਆ ਸਨ। ਕੁੱਝ ਤਾਂ ਸੋਚਦੀਆਂ।
ਕੁਝ ਪਲਾਂ ਲਈ ਮੈਨੂੰ ਲੱਗਿਆ ਮੈਡਮ ਹਰਦੀਪ ਜਿੰਮੇਵਾਰ ਆ। ਪਰ ਮੈਡਮ ਨੇ ਤਾਂ ਕਈਆਂ ਰਾਹੀਂ ਸਨੇਹੇ ਲਾਏ। ਮੇਰੇ ਭੈਣ ਭਰਾਵਾਂ ਨੂੰ ਅੱਡ ਕਿਹਾ। ਬੱਚਾ ਕੰਮ ਨਾ ਕਰੇ ਮੈਡਮ ਨੇ ਝਿੜਕਨਾ ਤਾਂ ਹੈਈ।
ਨਹੀਂ ਨਹੀਂ ਮੇਡਮ ਦਾ ਕੋਈ ਕਸੂਰ ਨੀ। ਮੇਰੀ ਮਾਂ ਨੇ ਨੀ ਮੈਨੂੰ ਜਾਣ ਦਿੱਤਾ। ਉਹੀ ਜਿੰਮੇਵਾਰ ਆ। ਮਾਂ ਦਾ ਈ ਕਸੂਰ ਆ।
ਪਰ ਮਾਂ ਨੇ ਬਾਕੀ ਜੁਆਕ ਵੀ ਤਾਂ ਪੜਾਏ ਨੇ। ਫੇਰ ਉਹ ਮੇਰੇ ਵਾਰੀ ਹੀ ਆਏਂ ਕਿਉਂ ਕਰੂ?
ਨਾਨਾ… ਕਸੂਰ ਤਾਂ ਸਾਰਾ ਈ ਆਵਦਾ ਆ। ਸਕੂਲ ਤੁਰ ਜਾਂਦੀ, ਬਸਤਾ ਚੁੱਕ ਕੇ। ਕੋਈ ਧੱਕੇ ਨਾਲ ਤਾ ਨਹੀ ਰੋਕਦਾ ਸੀ।
ਹੁਣ ਤਾਂ ਭਾਈ ਆਵਦੀਆਂ ਕੀਤੀਆਂ ਆਪ ਈ ਭੁਗਤਣੀਆਂ ਪੈਣਗੀਆਂ। ਚੱਲ ਛੱਡ। ਕਿਉਂ ਝੁਰੀ ਜਾਨੀ ਐਂ, ਐਵੇਂ। ਹੁਣ ਤਾਂ ਜੋ ਬਣਨਾ ਸੀ ਬਣ ਗਿਆ। ਬਹੁਤੀ ਲਾਂਘੀ ਥੋੜੀ ਰਹਿਗੀ।
ਟਰਨ…ਟਰਨ…ਟਰਨ… ਬਜਦੀ ਘੰਟੀ ਨੇ ਉਸਦੀ ਬਿਰਤੀ ਤੋੜੀ। ਬਾਹਰ ਦੇਖਿਆ ਤਾਂ ਰਿੰਪੀ ਬੇਟੀ ਨੂੰ ਸਕੂਲ ਲਿਜਾਣ ਲਈ ਰਿਕਸ਼ਾ ਗੇਟ ਤੇ ਸੀ।
“ਮੰਮਾ ਮੰਮਾ ਮੈਂ ਨੀ ਜਾਣਾ ਸਕੂਲ ਅੱਜ। ਕੱਲ ਮੇਰੀ ਕਲਾਸ ਟੀਚਰ ਨੇ ਮੈਨੂੰ ਬਿਨਾਂ ਕਸੂਰ ਪਨਿਸ ਕੀਤਾ। ਮੇਰੇ ਥੱਪੜ ਪਏ। ਮੈਂ ਨੀ ਜਾਣਾ ਸਕੂਲੇ”, ਰੋਂਦਿਆਂ ਰੋਂਦਿਆਂ ਰਿੰਪੀ ਨੇ ਸਕੂਲ ਨਾਂ ਜਾਣ ਦਾ ਤਰਲਾ ਕੀਤਾ।
“ਨਾਂਹ ਮੇਰਾ ਸੋਹਣਾਂ ਪੁੱਤ। ਮੈਂ ਕਿਸੇ ਦਿਨ ਤੇਰੀ ਕਲਾਸ ਟੀਚਰ ਕੋਲ ਜਾ ਆਊਂ ਤੇ ਨਾਲੇ ਅੱਜ ਹੁਣੇ ਮੋਬਾਈਲ ਤੇ ਗੱਲ ਕਰ ਲੂੰ। ਨਾਲੇ ਪੁੱਤ ਟੀਚਰ ਦੀ ਝਿੜਕਦਾ ਕਦੇ ਗੁੱਸਾ ਨੀ ਕਰੀਂਦਾ। ਗੁਰੂ ਨੇ ਸੋਡੇ। ਤੈਨੂੰ ਪੜ੍ਹਾ ਲਿਖਾ ਕੇ ਵੱਡਾ ਅਫਸਰ ਬਣਾਉਣਗੇ। ਪੁੱਤ ਮੈਂ ਤੈਨੂੰ ਨੀ ਪਿੱਛੇ ਰਹਿਣ ਦੇਣਾਂ, ਆਪਣੇ ਵਾਂਗ”, ਕਹਿੰਦਿਆਂ ਮਨਜੀਤ ਨੇ ਆਪਣੀ ਲਾਡਲੀ ਨੂੰ ਰਿਕਸ਼ਾ ਤੇ ਬਿਠਾਇਆ।
ਰਿਕਸ਼ਾ ਲਗਾਤਾਰ ਦੂਰ ਜਾ ਰਿਹਾ ਸੀ।
ਮਨਜੀਤ ਨੂੰ ਆਪਣੀ ਲਾਡਲੀ ਨੂੰ ਬਾਏ ਬਾਏ ਕਰਦਿਆਂ ਇੰਝ ਲੱਗ ਰਿਹਾ ਸੀ ਜਿਵੇਂ ਉਹ ਖੁੱਦ ਰਿਕਸ਼ੇ ਵਿੱਚ ਬੈਠੀ ਸਕੂਲੇ ਪੜ੍ਹਨ ਜਾ ਰਹੀ ਹੋਵੇ।
=============
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ
#46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501
ਮੋਬਾਈਲ: 95018 77033