ਸਿਰ ਤੇ ਆਈਆਂ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਚ ਜ਼ਬਰਦਸਤ ਉਲਟਫੇਰ ਜਾਰੀ ਹੈ। ਗਠਜੋੜ ਅਤੇ ਲੋਕਸਭਾ ਸੀਟਾਂ ਲਈ ਉਮੀਦਵਾਰਾਂ ਦੇ ਹਲਕਿਆਂ ਦੀ ਵੰਡ ਨੂੰ ਲੈ ਕੇ ਅੱਜ ਵੀਰਵਾਰ ਨੂੰ ਆਮ ਆਦਮੀ ਪਾਰਟੀ ਅਤੇ ਸ਼ੋ੍ਮਣੀ ਅਕਾਲੀ ਦਲ (ਟਕਸਾਲੀ) ਵਿਚਾਲੇ ਦੋਨਾਂ ਪਾਰਟੀਆਂ ਦੇ ਪ੍ਰਧਾਨ ਭਗਵੰਤ ਮਾਨ ਤੇ ਰਣਜੀਤ ਸਿੰਘ ਬ੍ਰਹਮਪੁਰਾ ਵਿਚਾਲੇ ਕੀਤੀ ਗਈ ਮੀਟਿੰਗ ਬੇਨਤੀਜਾ ਰਹੀ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਆਪ ਅਤੇ ਟਕਸਾਲੀ ਦਲ ਵਿਚਾਲੇ ਸਮਝੌਤਾ ਲਗਭਗ ਤੈਅ ਹੋ ਚੁੱਕਾ ਹੈ ਪਰ ਦੋਨਾਂ ਹੀ ਪਾਰਟੀਆਂ ਵਲੋਂ ਅੱਜ ਦੀ ਹੋਈ ਇਸ ਮੀਟਿੰਗ ਚ ਰੱਖੇ ਗਏ ਆਪੋ ਆਪਣੇ ਫਾਰਮੂਲੇ ਤੇ ਸਾਂਝਾ ਵਿਚਾਰ ਬਣਾਏ ਜਾਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਕਿਹਾ ਜਾ ਰਿਹਾ ਹੈ ਕਿ ਦੋਨਾਂ ਪਾਰਟੀਆਂ ਵਿਚਾਲੇ ਇਕ ਸੀਟ ਤੇ ਪੇਚ ਫਸ ਗਿਆ ਹੈ। ਦੋਨਾਂ ਹੀ ਪਾਰਟੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਲੋਕਸਭਾ ਹਲਕੇ ਤੇ ਦਾਅਵਾ ਠੋਕਿਆ ਹੈ। ਆਪ ਅਤੇ ਟਕਸਾਲੀ ਦਲ ਵਿਚਾਲੇ ਲੋਕਸਭਾ ਚੋਣਾਂ ਨੂੰ ਲੈ ਕੇ ਗਠਜੋੜ ਦੀ ਗੱਲ ਲਗਭਗ ਆਪਣੇ ਆਖਰੀ ਗੇੜ ਚ ਹੈ।
ਕਿਆਸਅਰਾਈਆਂ ਮੁਤਾਬਕ ਆਮ ਆਦਮੀ ਪਾਰਟੀ ਪੰਜਾਬ ਦੀਆਂ 10 ਸੀਟਾਂ ਅਤੇ ਸ੍ਰੋਮਣੀ ਅਕਾਲੀ ਦਲ (ਟਕਸਾਲੀ) 3 ਸੀਟਾਂ ਤੇ ਲੜੇਗੀ। ਸਮਝੌਤੇ ਤਹਿਤ ਟਕਸਾਲੀ ਦਲ ਨੇ ਸ੍ਰੀ ਖਡੂਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਫਿਰੋਜ਼ਪੁਰ ਸੀਟਾਂ ਮੰਗੀਆਂ ਹਨ। ਆਪ ਆਦਮੀ ਪਾਰਟੀ ਬਾਕੀ ਦੋਨਾਂ ਸੀਟਾਂ ਦੇਣ ਲਈ ਤਿਆਰ ਹੈ ਪਰ ਆਨੰਦਪੁਰ ਸਾਹਿਬ ਨੂੰ ਲੈ ਕੇ ਮਾਮਲਾ ਹਾਲੇ ਵਿਚਾਰ ਅਧੀਨ ਹੈ।
ਆਮ ਆਦਮੀ ਪਾਰਟੀ ਨੇ ਹਾਲੇ ਤੱਕ ਪੰਜ ਉਮੀਦਵਾਰ ਐਲਾਨੇ ਹਨ। ਜਿਨ੍ਹਾਂ ਚ ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਪ੍ਰੋ ਸਾਧੂ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ, ਹੁਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ ਅਤੇ ਆਨੰਦਪੁਰ ਸਾਹਿਬ ਤੋਂ ਨਰਿੰਦਰ ਸ਼ੇਰਗਿੱਲ ਸ਼ਾਮਲ ਹਨ। ਸ਼ੇਰਗਿੱਲ ਕਾਫੀ ਸਮੇਂ ਤੋਂ ਹਲਕੇ ਚ ਤਿਆਰੀ ਕਰ ਰਹੇ ਹਨ।
ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੀਆਂ ਨਜ਼ਰਾਂ ਵੀ ਆਨੰਦਪੁਰ ਸਾਹਿਬ ਹਲਕੇ ਤੇ ਲੱਗੀਆਂ ਹਨ। ਸ੍ਰੋਮਣੀ ਅਕਾਲੀ ਦਲ (ਟਕਸਾਲੀ) ਚ ਸ਼ਾਮਲ ਹੋਣ ਵੇਲੇ ਉਨ੍ਹਾਂ ਨੇ ਇਸ ਹਲਕੇ ਦੀ ਉਮੀਦਵਾਰੀ ਲਈ ਪਹਿਲਾਂ ਹੀ ਸਾਫ ਕਰ ਦਿੱਤਾ ਸੀ। ਜਿਸ ਕਾਰਨ ਦੋਨਾਂ ਹੀ ਪਾਰਟੀਆਂ ਆਨੰਦਪੁਰ ਸਾਹਿਬ ਦੀ ਸੀਟ ਤੇ ਆਪਣੇ ਉਮੀਦਵਾਰ ਦਾ ਐਲਾਨ ਕਰਨਾ ਚਾਹੁੰਦੀ ਹੈ। ਇਹੀ ਕਾਰਨ ਹੈ ਕਿ ਹਾਲੇ ਤੱਕ ਗਠਜੋੜ ਦਾ ਰਵਾਇਤੀ ਐਲਾਨ ਨਹੀਂ ਹੋ ਸਕਿਆ ਹੈ।
ੇ