ਆਮ ਆਦਮੀ ਪਾਰਟੀ ਪੰਜਾਬ ਦੇ ਦੋ ਐਮਐਲਏ ਨੂੰ ਕਨੇਡਾ ਦੀ ਰਾਜਧਾਨੀ ਔਟਾਵਾ ਦੇ ਕੌਮੀ ਏਅਰਪੋਰਟ ਤੋਂ ਵਾਪਸ ਭਾਰਤ ਭੇਜ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਮੁਤਾਬਕ ਕੁਲਤਾਰ ਸਿੰਘ ਐਮਐਲਏ ਕੋਟਕਪੂਰਾ ਅਤੇ ਅਮਰਜੀਤ ਸਿੰਘ ਸੰਦੋਆ ਐਮਐਲਏ ਰੋਪੜ ਆਪਣੇ ਨਿਜੀ ਦੌਰੇ ’ਤੇ ਕਨੇਡਾ ਜਾਣ ਲਈ ਔਟਾਵਾ ਏਅਰਪੋਰਟ ’ਤੇ ਉਤਰੇ ਤਾਂ ਦੋਨਾਂ ਨੂੰ ਕਨੇਡਾ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪੁੱਛਗਿਛ ਵਾਸਤੇ ਰੋਕ ਲਿਆ। ਇਸ ਦੌਰਾਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੋਨਾਂ ਕੋਲੋਂ ਕਾਫੀ ਦੇਰ ਤੱਕ ਕਈ ਤਰ੍ਹਾਂ ਦੇ ਸਵਾਲ ਪੁੱਛੇ ਅਤੇ ਜਦ ਦੋਵੇਂ ਐਮਐਲਏ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ ਤਾਂ ਦੋਵਿਆਂ ਨੂੰ ਕਨੇਡਾ ਚ ਦਾਖਲ ਨਾ ਹੋਣ ਦਿੱਤਾ ਅਤੇ ਏਅਰਪੋਰਟ ਤੋਂ ਹੀ ਵਾਪਸ ਭਾਰਤ ਭੇਜ ਦਿੱਤਾ ਗਿਆ।
ਜਾਣਕਾਰੀ ਮੁਤਾਬਕ ਐਮਐਲਏ ਕੁਲਤਾਰ ਸਿੰਘ ਸੰਧਵਾਂ ਕਨੇਡਾ ਦੇ ਔਟਾਵਾ ਚ ਰਹਿ ਰਹੀ ਉਨ੍ਹਾਂ ਦੀ ਭੈਣ ਹਰਪ੍ਰੀਤ ਗਾਹਲਾ ਨੂੰ ਮਿਲਣ ਲਈ ਐਮਐਲਏ ਅਮਰਜੀਤ ਸਿੰਘ ਸੰਦੋਆ ਨਾਲ ਕਨੇਡਾ ਗਏ ਸਨ ਜਿੱਥੇ ਉਨ੍ਹਾਂ ਨੂੰ ਏਅਰਪੋਰਟ ਤੋਂ ਹੀ ਕਨੇਡਾ ਚ ਦਾਖਲ ਨਾ ਹੋਣ ਦਿੱਤਾ ਗਿਆ। ਉਨ੍ਹਾਂ ਦੀ ਭੈਣ ਹਰਪ੍ਰੀਤ ਗਾਹਲਾ ਨੇ ਦੱਸਿਆ ਕਿ ਉਹ ਆਪਣੇ ਭਰਾ ਦੀ ਉਡੀਕ ਕਰ ਰਹੀ ਸੀ ਪਰ ਜਦੋਂ ਉਸਨੂੰ ਇਸ ਮਾਮਲੇ ਬਾਰੇ ਪਤਾ ਲੱਗਿਆ ਤਾਂ ਉਹ ਬੇਹੱਦ ਪ੍ਰੇਸ਼ਾਨ ਹੋਈ। ਹਰਪ੍ਰੀਤ ਗਾਹਲਾ ਨੇ ਦੱਸਿਆ ਕਿ ਉਹ ਕਨੇਡਾ ਚ 13 ਸਾਲਾਂ ਤੋਂ ਰਹਿ ਰਹੀ ਸਨ ਅਤੇ ਉਨ੍ਹਾਂ ਦਾ ਭਰਾ ਕੁਲਤਾਰ ਸਿੰਘ ਸੰਧਵਾਂ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਕਨੇਡਾ ਆਇਆ ਸੀ।
ਜਿ਼ਕਰਯੋਗ ਹੈ ਕਿ ਅਮਰਜੀਤ ਸਿੰਘ ਸੰਦੋਆ ‘ਤੇ ਔਰਤ ਨਾਲ ਛੇੜਛਾੜ ਅਤੇ ਕੁੱਟਮਾਰ ਦੇ ਦੋਸ਼ ਲੱਗੇ ਸਨ, ਅਦਾਲਤ ਦੀ ਆਗਿਆ ਲੈਣ ਤੋਂ ਬਾਅਦ ਕੈਨੇਡਾ ਲਈ ਰਵਾਨਾ ਹੋਏ ਸਨ।