ਪੰਜਾਬ ਵਿਧਾਨ ਸਭਾ ਦਾ 10ਵਾਂ ਸੈਸ਼ਨ ਅੱਜ ਰਾਜਪਾਲ ਵੀਪੀਐੱਸ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਆਮ ਆਦਮੀ ਪਾਰਟੀ (ਆਪ) ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਾਜਪਾਲ ਦੇ ਇਸ ਭਾਸ਼ਣ ਦੌਰਾਨ ਵਾਕ–ਆਊਟ ਕਰ ਗਏ।
ਅਕਾਲੀ ਦਲ ਨੇ ਪਹਿਲਾਂ ਸਦਨ ਦੇ ਅੰਦਰ ਹੀ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਅਕਾਲੀ ਮੈਂਬਰਾਂ ਨੇ ਕਿਹਾ ਰਾਜਪਾਲ ਨੂੰ ਆਪਣੇ ਭਾਸ਼ਣ ਵਿੱਚ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਕਾਂਗਰਸ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਲਈ ਕੀ ਚੰਗਾ ਕੀਤਾ।
ਇਸ ਤੋਂ ਪਹਿਲਾਂ ਅਕਾਲੀ ਵਿਧਾਇਕ ਛੁਣਛੁਣੇ ਤੇ ਬੱਚਿਆਂ ਦੇ ਅਜਿਹੇ ਖਿਡੌਣੇ ਲੈ ਕੇ ਵਿਧਾਨ ਸਭਾ ਪੁੱਜੇ। ਉਨ੍ਹਾਂ ਛੁਣਛੁਣੇ ਵਜਾ ਕੇ ਆਪਣਾ ਵਿਰੋਧ ਪ੍ਰਗਟਾਇਆ।
ਬਾਅਦ ’ਚ ਅਕਾਲੀ ਆਗੂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਇਹ ਛੁਣਛੁਣੇ ਇਸ ਗੱਲ ਦੇ ਪ੍ਰਤੀਕ ਹਨ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਆਮ ਜਨਤਾ ਨਾਲ ਸਿਰਫ਼ ਝੂਠੇ ਵਾਅਦੇ ਕੀਤੇ।
ਅਕਾਲੀ ਆਗੂ ਇਸ ਤੋਂ ਬਾਅਦ ਵਾਕਆਊਟ ਕਰ ਗਏ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਪਹਿਲਾਂ ਸ਼ਾਂਤੀ ਨਾਲ ਰਾਜਪਾਲ ਸ੍ਰੀ ਬਦਨੌਰ ਦਾ ਭਾਸ਼ਣ ਸੁਣਿਆ। ਪਰ ਉਹ ਵੀ ਵਾਕਆਊਟ ਕਰ ਗਏ। ਉਨ੍ਹਾਂ ਕਿਹਾ ਕਿ ਰਾਜਪਾਲ ਦਾ ਭਾਸ਼ਣ ਬਿਲਕੁਲ ਵੀ ਪ੍ਰਭਾਵਿਤ ਨਹੀਂ ਕਰ ਸਕਿਆ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕਿਹਾ ਕਿ ਰਾਜਪਾਲ ਦੇ ਭਾਸ਼ਣ ਵਿੱਚ ਕੁਝ ਵੀ ਨਵਾਂ ਨਹੀਂ ਸੀ ਤੇ ਸਿਰਫ਼ ਪੁਰਾਣੀਆਂ ਗੱਲਾਂ ਦਾ ਦੁਹਰਰਾਅ ਹੀ ਸੀ।
ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਰਾਜਪਾਲ ਦੇ ਭਾਸ਼ਣ ਨੂੰ ‘ਝੂਠ ਦਾ ਪੁਲੰਦਾ’ ਕਰਾਰ ਦਿੱਤਾ। ਬਾਅਦ 'ਚ ਅਕਾਲੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਵੀ ਆਪਣਾ ਰੋਸ ਮੁਜ਼ਾਹਰਾ ਜਾਰੀ ਰੱਖਿਆ।
ਰਾਜਪਾਲ ਦੇ ਭਾਸ਼ਣ ਪਿੱਛੋਂ ਛੇਤੀ ਹੀ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।