ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਟਕਸਾਲੀ ਅਕਾਲੀਆਂ ਤੇ ਬਸਪਾ ਨਾਲ ਸਮਝੌਤਾ ਹੋ ਸਕਦੈ ਪਰ ਖਹਿਰਾ ਨਾਲ ਨਹੀਂ: ਭਗਵੰਤ ਮਾਨ

​​​​​​​ਟਕਸਾਲੀ ਅਕਾਲੀਆਂ ਤੇ ਬਸਪਾ ਨਾਲ ਸਮਝੌਤਾ ਹੋ ਸਕਦੈ ਪਰ ਖਹਿਰਾ ਨਾਲ ਨਹੀਂ: ਭਗਵੰਤ ਮਾਨ

––  ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨਾਲ 'ਹਿੰਦੁਸਤਾਨ ਟਾਈਮਜ਼' ਦੀ ਖ਼ਾਸ ਗੱਲਬਾਤ

 

––  'ਵਧੀਆ ਹੋਇਆ ਅਹੁਦਿਆਂ ਦੀ ਤਾਂਘ ਰੱਖਣ ਵਾਲੇ ਆਮ ਆਦਮੀ ਪਾਰਟੀ ’ਚੋਂ ਨਿੱਕਲ ਗਏ'

 

 

ਆਮ ਆਦਮੀ ਪਾਰਟੀ (ਆਪ) ਦੇ ਸੰਗਰੂਰ ਤੋਂ ਐੱਮਪੀ ਭਗਵੰਤ ਮਾਨ ਅੱਜ–ਕੱਲ੍ਹ ਮੁੜ ਚਰਚਾ ਵਿੱਚ ਹਨ। ਹੁਣ ਉਹ ਕਿਉਂਕਿ ਇੱਕ ਵਾਰ ਫਿਰ ਆਪਣੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਬਣ ਗਏ ਹਨ, ਇਸ ਲਈ ਉਨ੍ਹਾਂ ਉੱਤੇ ਤੁਰੰਤ ਹੀ ਪਾਰਟੀ ਅੰਦਰ ਫੈਲੀ ਅਵਿਵਸਥਾ ਦੀ ਸਥਿਤੀ ਠੀਕ ਕਰਨ ਦੀ ਜ਼ਿੰਮੇਵਾਰੀ ਆਣ ਪਈ ਹੈ। ਇਸ ਤੋਂ ਇਲਾਵਾ ਉਨ੍ਹਾਂ ਸਾਹਵੇਂ ਹੁਣ ਲੋਕ ਸਭਾ ਚੋਣਾਂ ਦੀ ਚੁਣੌਤੀ ਵੀ ਹੈ। ਉਨ੍ਹਾਂ ‘ਹਿੰਦੁਸਤਾਨ ਟਾਈਮਜ਼’ ਨਾਲ ਆਪਣੇ ਚੋਣ–ਏਜੰਡੇ ਅਤੇ ਬਾਗ਼ੀਆਂ ਕਾਰਨ ਆਮ ਆਦਮੀ ਪਾਰਟੀ ਨੂੰ ਹੋਏ ਨੁਕਸਾਨ ਬਾਰੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਮੁੱਖ ਅੰਸ਼:

 

 

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਅੰਦਰੂਨੀ ਖਿੱਚੋਤਾਣ ਅਤੇ ਪ੍ਰਮੁੱਖ ਆਗੂਆਂ ਦੇ ਪਾਰਟੀ ਨੂੰ ਛੱਡ ਕੇ ਚਲੇ ਜਾਣ ਨਾਲ ਕਾਫ਼ੀ ਨੁਕਸਾਨ ਹੋ ਗਿਆ ਹੈ। ਤੁਸੀਂ ਇਹ ਸਭ ਠੀਕ ਕਰਨ ਲਈ ਕੀ ਯੋਜਨਾ ਉਲੀਕੀ ਹੈ?

 

ਨਹੀਂ, ਪਾਰਟੀ ਲੀਹੋਂ ਨਹੀਂ ਲੱਥੀ ਹੈ। ਕੁਝ ਮਸਲੇ ਜ਼ਰੂਰ ਉੱਠੇ ਹਨ ਪਰ ਉਹ ਸਾਰੇ ਹੱਲ ਕਰ ਲਏ ਜਾਣਗੇ। ਮੈਂ ਸਭਨਾਂ ਨੂੰ ਆਪਣੇ ਨਾਲ ਲਵਾਂਗਾ ਤੇ ਪੰਜਾਬ ਦੇ ਕੋਣੇ–ਕੋਣੇ ’ਚ ਜਾਵਾਂਗਾ ਤੇ ਸਾਰੇ ਪਾਰਟੀ ਕਾਰਕੁੰਨਾਂ ਤੇ ਆਗੂਆਂ ਨੂੰ ਮਿਲਾਂਗਾ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਾਂਗਾ। ਉਨ੍ਹਾਂ ਦਾ ਮੇਰੇ ਵਿੱਚ ਭਰੋਸਾ ਹੈ। ਪਾਰਟੀ ਦੇ ਸੂਬਾ ਪ੍ਰਧਾਨ ਵਜੋਂ ਮੇਰੀ ਵਾਪਸੀ ਦੇ ਮਾਮਲੇ ’ਚ ਵੀ ਉਹ ਪੂਰੀ ਤਰ੍ਹਾਂ ਇੱਕਮਤ ਸਨ। ਅਸੀਂ ਸਾਰੇ ਇੱਕਜੁਟ ਹੋ ਕੇ ਕੰਮ ਕਰਾਂਗੇ।

 

 

ਸਾਲ 2014 ਵਿੱਚ ਆਮ ਆਦਮੀ ਪਾਰਟੀ ਸਿਰਫ਼ ਇੱਕ ‘ਵਿਚਾਰ’ ਸੀ ਤੇ ਉਸ ਨੇ ਚਾਰ ਲੋਕ ਸਭਾ ਸੀਟਾਂ ਜਿੱਤ ਲਈਆਂ ਸਨ। ਹੁਣ ਇਸ ਵਾਰ ਅੰਦਰੂਨੀ ਖਿੱਚੋਤਾਣ ਦੀ ਸ਼ਿਕਾਰ ਪਾਰਟੀ ਨੂੰ ਆਮ ਲੋਕ ਵੋਟਾਂ ਕਿਉਂ ਪਾਉਣ?

 

ਸਾਡੀ ਪਾਰਟੀ ਈਮਾਨਦਾਰ ਹੈ ਕਿਉਂਕਿ ਇਹ ਭ੍ਰਿਸ਼ਟਾਚਾਰ–ਵਿਰੋਧੀ ਮੁਹਿੰਮ ’ਚੋਂ ਪੈਦਾ ਹੋਈ ਹੈ। ਸਾਡੇ ਕੋਲ ਵੀਆਈਪੀ ਨੇਤਾ ਨਹੀਂ ਹਨ। ਅਸੀਂ ਗੰਨਮੈਨ ਰੱਖਣ ਦੇ ਸਭਿਆਚਾਰ ਨੂੰ ਹੱਲਾਸ਼ੇਰੀ ਨਹੀਂ ਦਿੰਦੇ। ਸਾਡੇ ਸਾਰੇ ਆਗੂਆਂ ਨੂੰ ਜਦੋਂ ਮਰਜ਼ੀ ਮਿਲਿਆ ਜਾ ਸਕਦਾ ਹੈ ਤੇ ਉਹ ਲੋਕ–ਹਿਤਾਂ ਦੇ ਮੁੱਦੇ ਚੁੱਕੇ ਹਨ; ਜਦ ਕਿ ਕਾਂਗਰਸੀ ਤੇ ਅਕਾਲੀ ਲੀਡਰ ਹੁਣ ਆਮ ਲੋਕਾਂ ਤੋਂ ਟੁੱਟ ਚੁੱਕੇ ਹਨ ਤੇ ਜਨਤਾ ਲਈ ਸਮੱਸਿਆਵਾਂ ਬਣ ਚੁੱਕੇ ਹਨ। ਅਕਾਲੀਆਂ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਜੋ ਕੁਝ ਵੀ ਕੀਤਾ, ਲੋਕ ਹੁਣ ਉਨ੍ਹਾਂ ਨਾਲ ਨਫ਼ਰਤ ਕਰਨ ਲੱਗ ਪਏ ਹਨ। ਉੱਧਰ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਪੂਰੇ ਕਰਨ ਤੋਂ ਨਾਕਾਮ ਰਹੇ ਹਨ। ਅਸੀਂ ਲੋਕਾਂ ਨੂੰ ਹੁਣ ਇਹੋ ਆਖ ਰਹੇ ਹਾਂ ਕਿ ਜੇ ਦੋ ਡਾਕਟਰ ਉਨ੍ਹਾਂ ਦੀ ਕੋਈ ਸਮੱਸਿਆ ਹੱਲ ਨਹੀਂ ਕਰ ਸਕੇ, ਤਾਂ ਹੁਣ ਤੀਜੇ ਡਾਕਟਰ ਨੂੰ ਅਜ਼ਮਾਉਣ ਵਿੱਚ ਕੋਈ ਹਰਜ ਨਹੀਂ ਹੈ।

 

 

ਤੁਹਾਡਾ ਚੋਣ–ਏਜੰਡਾ ਕੀ ਹੋਵੇਗਾ?

 

ਬੇਰੁਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਹੈ। ਅਪਰਾਧ ਤੇ ਨਸ਼ਿਆਂ ਦੀਆਂ ਸਮੱਸਿਆਵਾਂ ਉਸੇ ਕਰਕੇ ਪੈਦਾ ਹੋਈਆਂ ਹਨ। ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਚਾਹ ਰਹੇ ਹਨ ਕਿਉਂਕਿ ਪੰਜਾਬ ਵਿੱਚ ਕਿਤੇ ਨੌਕਰੀਆਂ ਨਹੀਂ ਲੱਭਦੀਆਂ। ਫਿਰ ਇੱਥੇ ਖੇਤੀਬਾੜੀ ਦਾ ਸੰਕਟ ਵੀ ਹੈ। ਸੂਬਾ ਸਰਕਾਰ ਕੋਲ ਨਾ ਤਾਂ ਰੁਜ਼ਗਾਰ ਹੈ ਤੇ ਨਾ ਹੀ ਖੇਤੀਬਾੜੀ, ਸਿੱਖਿਆ, ਉਦਯੋਗਾਂ ਜਾਂ ਵਿੱਤੀ ਮਾਮਲਿਆਂ ਬਾਰੇ ਕੋਈ ਠੋਸ ਨੀਤੀ ਹੈ। ਇਹ ਸਰਕਾਰ ਦੀ ਪੂਰੀ ਤਰ੍ਹਾਂ ਨਾਕਾਮੀ ਹੈ। ਉਨ੍ਹਾਂ ਨੇ ਸਰਕਾਰੀ ਸੰਸਥਾਨ ਖ਼ਤਮ ਕਰ ਕੇ ਰੱਖ ਦਿੱਤੇ ਹਨ; ਜਿਵੇਂ ਸਰਕਾਰੀ ਸਕੂਲ, ਸਰਕਾਰੀ ਹਸਪਤਾਲ, ਸਰਕਾਰੀ ਬੱਸਾਂ ਤੇ ਸੜਕਾਂ ਸਭ ਬਰਬਾਦ ਹੋ ਚੁੱਕਾ ਹੈ। ਅਸੀਂ ਦਿੱਲੀ ਮਾੱਡਲ ਪੰਜਾਬ ਵਿੱਚ ਵੀ ਲਾਗੂ ਕਰਾਂਗੇ, ਕੇਜਰੀਵਾਲ ਸਰਕਾਰ ਨੇ ਉੱਥੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦਾ ਮੁਹਾਂਦਰਾ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ।

 

 

ਸਾਲ 2014 ਵਾਲੇ ਤੁਹਾਡੇ ਅੱਠ ਆਗੂਆਂ ਸਮੇਤ ਹੋਰ ਬਹੁਤ ਸਾਰੇ ਲੀਡਰ ਹੁਣ ਆਮ ਆਦਮੀ ਪਾਰਟੀ ਨੂੰ ਜਾਂ ਤਾਂ ਛੱਡ ਕੇ ਜਾ ਚੁੱਕੇ ਹਨ ਤੇ ਜਾਂ ਉਨ੍ਹਾਂ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਗਿਆ ਹੈ। ਕੀ ਇਹ ਪਾਰਟੀ ਲੀਡਰਸ਼ਿਪ ਦੀ ਨਾਕਾਮੀ ਨਹੀਂ ਹੈ?

 

ਇਹ ਉਹ ਲੋਕ ਸਨ, ਜਿਹੜੇ ਮੌਕਾਪ੍ਰਸਤ ਸਨ ਤੇ ਜਾਂ ਜਿਨ੍ਹਾਂ ਦੀ ਸਿਰਫ਼ ਅਹੁਦਿਆਂ ਉੱਤੇ ਅੱਖ ਸੀ। ਕੁਝ ਹੋਰ ਆਗੂ ਆਮ ਆਦਮੀ ਪਾਰਟੀ ਦੀ ਲਹਿਰ ਕਰਕੇ ਜੁੜੇ ਸਨ। ਅਜਿਹੇ ਕੁਝ ਲੋਕ ਵੀ ਹਨ, ਜਿਨ੍ਹਾਂ ਨੂੰ 2014 ਦੌਰਾਨ ਮੈਂ ਖ਼ੁਦ ਪਾਰਟੀ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਸੀ ਪਰ ਅੱਗਿਓਂ ਉਨ੍ਹਾਂ ਦਾ ਜਵਾਬ ਸੀ ਕਿ ਨਵੀਂਆਂ ਪਾਰਟੀਆਂ ਰਾਤੋ–ਰਾਤ ਕਾਮਯਾਬ ਨਹੀਂ ਹੋਇਆ ਕਰਦੀਆਂ। ਉਹੀ ਲੋਕ ਤਿੰਨ ਸਾਲਾਂ ਬਾਅਦ ਆਮ ਆਦਮੀ ਪਾਰਟੀ ਦੀ ਲਹਿਰ ਦਾ ਲਾਹਾ ਲੈਣ ਲਈ ਪਾਰਟੀ ਵਿੱਚ ਆ ਕੇ ਸ਼ਾਮਲ ਹੋ ਗਏ ਸਨ। ਗੁਰਪ੍ਰੀਤ ਘੁੱਗੀ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਆਏ ਸਨ। ਉਨ੍ਹਾਂ ਨੂੰ ਪ੍ਰਧਾਨਗੀ ਦਾ ਅਹੁਦਾ ਮਿਲ ਗਿਆ ਸੀ ਪਰ ਉਹ ਚੋਣ ਹਾਰ ਗਏ ਤੇ ਫਿਰ ਫ਼ਿਲਮਾਂ ਵਿੱਚ ਪਰਤ ਗਏ। ਜੇ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਲਹਿਰ ਦੋਬਾਰਾ ਚੱਲੀ, ਤਾਂ ਮੈਨੂੰ ਯਕੀਨ ਹੈ ਕਿ ਉਹ ਫਿਰ ਪਾਰਟੀ ਵਿੱਚ ਪਰਤਣਗੇ। ਆਮ ਆਦਮੀ ਪਾਰਟੀ ਵਿੱਚ ‘ਡੈਪੂਟੇਸ਼ਨੀ ਇਨਕਲਾਬੀਆਂ’ ਲਈ ਕੋਈ ਥਾਂ ਨਹੀਂ ਹੈ। ਇਹ ਵਧੀਆ ਹੋਇਆ ਹੈ ਕਿ ਜਿਹੜੇ ਲੋਕ ਸਿਰਫ਼ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਲਈ ਤਾਂਘਦੇ ਸਨ, ਉਹ ਹੁਣ ਜਾ ਚੁੱਕੇ ਹਨ।

 

 

ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਬਾਗ਼ੀ ਐਤਕੀਂ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਨੁਕਸਾਨ ਪਹੁੰਚਾ ਸਕਣਗੇ?

 

ਉਹ ਆਖਦੇ ਨੇ ਕਿ ਉਹ ਪੰਜਾਬ ਲਈ ਲੜਨਾ ਚਾਹੁੰਦੇ ਹਨ ਪਰ ਉਹ ਸਿਰਫ਼ ਆਮ ਆਦਮੀ ਪਾਰਟੀ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਦਾ ਇੱਕੋ–ਇੱਕ ਮਕਸਦ ਹੈ ਭਗਵੰਤ ਮਾਨ ਨੂੰ ਹਰਾਉਣਾ। ਮੈਂ ਪੰਜਾਬ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਕੀ ਕੀਤਾ ਹੈ? ਮੇਰੀ ਰੇਤੇ ਦੀ ਮਾਈਨਿੰਗ (ਪੁਟਾਈ) ਜਾਂ ਢਾਬਿਆਂ ਵਿੱਚ ਕੋਈ ਹਿੱਸੇਦਾਰੀ ਨਹੀਂ ਹੈ। ਮੈਂ ਕਦੇ ਕਿਸੇ ਵਿਰੁੱਧ ਕੋਈ ਝੂਠੇ ਪੁਲਿਸ ਕੇਸ ਵੀ ਦਰਜ ਨਹੀਂ ਕਰਵਾਏ। ਅੱਜ ਕੱਲ੍ਹ ਉਹ (ਖਹਿਰਾ) ਸਿਰਫ਼ ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਹੁਰਾਂ ਖਿ਼ਲਾਫ਼ ਹੀ ਬੋਲਦਾ ਹੈ। ਉਸ ਨੇ ਇਹ ਗੱਲਾਂ ਉਦੋਂ ਕਿਉਂ ਨਾ ਆਖੀਆਂ, ਜਦੋਂ ਉਹ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਆਗੂ ਸੀ। ਹੁਣ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀਆਂ ਵੋਟਾਂ ਖ਼ਰਾਬ ਕਰਨ ਲਈ ਬਠਿੰਡਾ ਤੋਂ ਚੋਣ ਲੜਨ ਦੀ ਯੋਜਨਾ ਉਲੀਕ ਰਿਹਾ ਹੈ, ਜਿਸ ਦਾ ਲਾਭ ਸਿਰਫ਼ ਹਰਸਿਮਰਤ ਕੌਰ ਬਾਦਲ ਨੂੰ ਹੋਵੇਗਾ। ਜੇ ਕਿਤੇ ਆਮ ਆਦਮੀ ਪਾਰਟੀ ਨਾ ਹੁੰਦੀ, ਤਾਂ ਸੁਖਬੀਰ ਬਾਦਲ ਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਰੋਸ–ਮੁਜ਼ਾਹਰੇ ਕਰਨ ਲਈ ਸੜਕਾਂ ਉੱਤੇ ਕਦੇ ਨਹੀਂ ਸੀ ਉੱਤਰਨਾ। ਅਕਾਲੀਆਂ ਦੀ ਖੇਡ ਤਾਂ ਹੁਣ ਖ਼ਤਮ ਹੋ ਚੁੱਕੀ ਹੈ। ਸ਼੍ਰੋਮਣੀ਼ ਅਕਾਲੀ ਦਲ ਦੀ ਸਥਾਪਨਾ 1920 ਵਿੱਚ ਹੋਈ ਸੀ ਤੇ 2019 ਵਿੱਚ ਇਸ ਦਾ ਖ਼ਾਤਮਾ ਹੋਣ ਜਾ ਰਿਹਾ ਹੈ; ਜਿਵੇਂ 99 ਸਾਲਾ ਪੱਟਾ ਹੁੰਦਾ (ਲੀਜ਼ ਹੁੰਦੀ) ਹੈ। ਇਹ ਸਿਰਫ਼ ਆਮ ਆਦਮੀ ਪਾਰਟੀ ਕਾਰਨ ਹੀ ਹੋਇਆ ਹੈ।

 

 

ਇਸ ਵਾਰ ਕੇਜਰੀਵਾਲ ਦਾ ਵਧੇਰੇ ਧਿਆਨ ਹਰਿਆਣਾ ਉੱਤੇ ਕੇਂਦ੍ਰਿਤ ਜਾਪਦਾ ਹੈ। ਕੀ ਹੁਣ ਪੰਜਾਬ ਉਨ੍ਹਾਂ ਲਈ ਤਰਜੀਹ ਨਹੀਂ ਰਿਹਾ?

 

ਬੇਸ਼ੱਕ ਪੰਜਾਬ ਇੱਕ ਤਰਜੀਹ ਹੈ। ਉਹ ਪਹਿਲਾਂ ਹੀ ਪੰਜਾਬ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਚੁੱਕੇ ਹਨ। ਦੋ ਹੋਰ ਰੈਲੀਆਂ ਦੀ ਯੋਜਨਾ ਮਾਝਾ ਤੇ ਦੋਆਬਾ ਵਿੱਚ ਉਲੀਕੀ ਜਾ ਰਹੀ ਹੈ। ਮਨੀਸ਼ ਸਿਸੋਦੀਆ ਵੀ ਸਮੁੱਚੇ ਸੂਬੇ ਵਿੱਚ ਚੋਣ ਪ੍ਰਚਾਰ ’ਚ ਭਾਗ ਲੈਣਗੇ। ਮੈਂ ਹਰ ਉਸ ਥਾਂ ’ਤੇ ਜਾਵਾਂਗਾ, ਜਿੱਥੇ ਵੀ ਪਾਰਟੀ ਮੈਨੂੰ ਭੇਜਣਾ ਚਾਹੇਗੀ।

 

 

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੇ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਬਾਰੇ ਕੋਈ ਤਾਜ਼ਾ ਜਾਣਕਾਰੀ ਦੇਵੋ।

 

ਅਸੀਂ ਦੋਵੇਂ ਪਾਰਟੀਆਂ ਨਾਲ ਗੱਲਬਾਤ ਕਰ ਰਹੇ ਹਾਂ ਪਰ ਹਾਲੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ। ਟਕਸਾਲੀ ਮਾਝਾ ’ ਹਨ। ਬਸਪਾ ਦੀ ਹਾਲਤ ਦੋਆਬਾ ਵਿੱਚ ਵਧੀਆ ਨਹੀਂ ਹੈ ਤੇ ਅਸੀਂ ਮਾਲਵੇ ਵਿੱਚ ਮਜ਼ਬੂਤ ਹਾਂ। ਇਸ ਲਈ ਇਹ ਸਮਝਣਾ ਕੋਈ ਬਹੁਤਾ ਔਖਾ ਨਹੀਂ ਹੈ ਕਿ ਤਿੰਨੇ ਜਣੇ ਇੱਕ–ਦੂਜੇ ਲਈ ਪੂਰਕ ਸਿੱਧ ਹੋਣਗੇ। ਪਰ ਅਸੀਂ ਉਨ੍ਹਾਂ ਲੋਕਾਂ ਨਾਲ ਨਹੀਂ ਜੁੜ ਸਕਦੇ, ਜੋ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਜਤਨ ਕਰ ਰਹੇ ਹਨ। ਇਸ ਮਾਮਲੇ ’ਤੇ ਕੋਈ ਸਮਝੌਤਾ ਨਹੀਂ ਹੋਵੇਗਾ। (ਇਸ ਤਰ੍ਹਾਂ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਉਹ ਟਕਸਾਲੀ ਅਕਾਲੀਆਂ ਤੇ ਬਸਪਾ ਨਾਲ ਤਾਂ ਜੁੜ ਸਕਦੇ ਹਨ ਪਰ ‘ਆਪ’ ਨੂੰ ਨੁਕਸਾਨ ਪਹੁੰਚਾਉਣ ਵਾਲੇ ਖਹਿਰਾ ਤੇ ਉਨ੍ਹਾਂ ਦੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵਿੱਚ ਸ਼ਾਮਲ ਨਹੀਂ ਹੋਣਗੇ)।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP can make alliance with Taksalis and BSP but not with Khaira says Bhagwant Mann