ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਲਈ ਇੱਕ ਨਵਾਂ ਸੰਕਟ ਖੜ੍ਹਾ ਹੋ ਗਿਆ ਹੈ। ਪਾਰਟੀ ਦੇ ਕੁਝ ਜਿ਼ਲ੍ਹਾ ਮੁਖੀਆਂ ਸਮੇਤ 16 ਪਾਰਟੀ ਆਗੂਆਂ ਨੇ ਐਤਵਾਰ ਨੁੰ ਅਸਤੀਫ਼ੇ ਦੇ ਦਿੱਤੇ। ਅਜਿਹਾ ਉਨ੍ਹਾਂ ਪੰਜਾਬ `ਚ ਸੂਬੇ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਦੇ ਕੁਝ ਕਥਿਤ ਤਾਨਾਸ਼ਾਹੀ ਫ਼ੈਸਲਿਆਂ ਖਿ਼ਲਾਫ਼ ਰੋਸ ਵਜੋਂ ਕੀਤਾ ਹੈ।
ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਪਾਰਟੀ ਦੇ ਪੰਜਾਬ ਨਾਲ ਸਬੰਧਤ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨੂੰ ਭੇਜੇ ਇੱਕ ਸਾਂਝੇ ਤਿਆਗ-ਪੱਤਰ ਵਿੱਚ ਉਨ੍ਹਾਂ ਨਾਰਾਜ਼ ਆਗੂਆਂ ਨੇ ਕਿਹਾ ਹੈ ਕਿ ਬਲਬੀਰ ਸਿੰਘ ਹੁਰਾਂ ਨੇ ਉਦੋਂ ਤੋਂ ਹੀ ਕਈ ਗ਼ਲਤ ਫ਼ੈਸਲੇ ਲਏ ਹਨ, ਜਦ ਤੋਂ ਉਨ੍ਹਾਂ ਨੂੰ ਸੂਬੇ ਦਾ ਸਹਿ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਆਗੂਆਂ ਦਾ ਦੋਸ਼ ਹੈ ਕਿ ਡਾ. ਬਲਬੀਰ ਸਿੰਘ ਦੇ ਫ਼ੈਸਲਿਆਂ ਕਾਰਨ ਹੀ ਸੂਬੇ `ਚ ਪਾਰਟੀ ਦੀ ਹਰਮਨਪਿਆਰਤਾ ਘਟਦੀ ਜਾ ਰਹੀ ਹੈ।
ਅਹੁਦੇ ਤਿਆਗਣ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਕਰਨਵੀਰ ਸਿੰਘ ਟਿਵਾਣਾ, ਜਨਰਲ ਸਕੱਤਰ ਪ੍ਰਦੀਪ ਮਲਹੋਤਰਾ ਤੇ ਮਨਜੀਤ ਸਿੱਧੂ, ਜਲੰਧਰ ਦਿਹਾਤੀ ਜਿ਼ਲ੍ਹਾ ਪ੍ਰਧਾਨ ਸਰਵਣ ਸਿੰਘ,, ਮੁਕਤਸਰ ਜਿ਼ਲ੍ਹਾ ਮੁਖੀ ਜਗਦੀਪ ਸੰਧੂ, ਫ਼ਾਜਿ਼ਲਕਾ ਜਿ਼ਲ੍ਹਾ ਪ੍ਰਧਾਨ ਸਮਰਵੀਰ ਸਿੱਧੂ, ਫਿ਼ਰੋਜ਼ਪੁਰ ਜਿ਼ਲ੍ਹਾ ਪ੍ਰਧਾਨ ਮਲਕੀਤ ਥਿੰਦ, ਸਮਾਣਾ ਹਲਕੇ ਦੇ ਇੰਚਾਰਜ ਜਗਤਾਰ ਸਿੰਘ ਰਾਜਲਾ ਤੇ ਚਮਕੌਰ ਸਾਹਿਬ ਹਲਕਾ ਇੰਚਾਰਜ ਚਰਨਜੀਤ ਸਿੰਘ ਸ਼ਾਮਲ ਹਨ।
ਕਰਨਵੀਰ ਸਿੰਘ ਟਿਵਾਣਾ ਨੇ ਕਿਹਾ,‘‘ਪੰਜਾਬ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਸੇ ਨੂੰ ਵੀ ਭਰੋਸੇ `ਚ ਲਏ ਬਗ਼ੈਰ ਅਤੇ ਕੋਈ ਸਲਾਹ-ਮਸ਼ਵਰਾ ਕੀਤੇ ਬਿਨਾ ਹੀ ਫ਼ੈਸਲੇ ਲਏ। ਉਨ੍ਹਾਂ ਦੀਆਂ ਅਜਿਹੀਆਂ ਕਾਰਵਾਈਆਂ ਕਾਰਨ ਪਾਰਟੀ `ਚ ਵੱਡੇ ਪੱਧਰ `ਤੇ ਰੋਸ ਪਾਇਆਜਾ ਰਿਹਾ ਹੈ।`` ਇਸ ਵੇਲੇ ਜਦੋਂ ਪਟਿਆਲਾ ਦਿਹਾਤੀ ਜਿ਼ਲ੍ਹਾ ਪ੍ਰਧਾਨ ਗਿਆਨ ਸਿੰਘ ਮੂੰਗੋ ਨੂੰ ਅਹੁਦੇ ਤੋਂ ਹਟਾਇਆ ਗਿਅ ਸੀ, ਉਸ ਦੇ ਤੁਰੰਤ ਬਾਅਦ ਹੀ ਸਮੂਹਕ ਅਸਤੀਫ਼ੇ ਦਿੱਤੇ ਗਏ ਹਨ।
ਨਾਰਾਜ਼ ਆਗੂਆਂ ਦਾ ਕਹਿਣਾ ਹੇ ਕਿ - ‘‘ਮੂੰਗੋ ਨੂੰ ਬਿਨਾ ਕੋਈ ਕਾਰਨ ਦੱਸਿਆਂ ਅਹੁਦੇ ਤੋਂ ਲਾਂਭੇ ਕੀਤਾ ਗਿਆ ਹੈ। ਉਹ ਇੱਕ ਈਮਾਨਦਾਰ ਵਿਅਕਤੀ ਹਨ ਤੇ ਉਨ੍ਹਾਂ ਦਾ ਬੇਹੱਦ ਸਾਫ਼-ਸੁਥਰਾ ਅਕਸ ਹੈ। ਉਨ੍ਹਾਂ ਆਪਣਾ ਸਿਆਸੀ ਕਰੀਅਰ ਇੱਕ ਸਰਪੰਚ ਵਜੋਂ ਅਰੰਭ ਕੀਤਾ ਸੀ, ਫਿਰ ਉਹ ਵਧੀਕ ਐਡਵੋਕੇਟ ਜਨਰਲ ਬਣੇ ਤੇ ਪਿੱਛੇ ਜਿਹੇ ਉਹ 18ਵੀਂ ਵਾਰ ਨਾਭਾ ਬਾਰ ਐਸੋਸੀਏਸ਼ਨ ਦੇ ਮੁਖੀ ਚੁਣੇ ਗਏ ਸਨ ਅਤੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਸਾਂਝੇ ਉਮੀਦਵਾਰ ਨੁੰ ਹਰਾਇਆ ਸੀ। ਕੰਮ ਪ੍ਰਤੀ ਉਨ੍ਹਾਂ ਦੀ ਯੋਗਤਾ ਤੇ ਵਫ਼ਾਦਾਰੀ `ਤੇ ਕਦੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ।``
ਸੰਪਰਕ ਕੀਤੇ ਜਾਣ `ਤੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਸਤੀਫਿ਼ਆਂ ਬਾਰੇ ਕੋਈ ਖ਼ਬਰ ਨਹੀਂ ਹੈ। ‘‘ਮੈਨੂੰ ਲੱਗਦਾ ਹੈ ਕਿ ਇਹ ਤਾਂ ਕੋਈ ਮੁੱਦਾ ਹੀ ਨਹੀਂ ਹੇ। ਅਸੀਂ ਕੁਝ ਤਬਦੀਲੀਆਂ ਅਤੇ ਐਡਜਸਟਮੈਂਟਸ ਕਰ ਰਹੇ ਹਾਂ। ਮੂੰਗੋ ਇੱਕ ਵਕੀਲ ਹਨ ਤੇ ਉਨ੍ਹਾਂ ਨੂੰ ਲੀਗਲ ਸੈੱਲ ਵਿੱਚ ਨਿਯੁਕਤ ਕੀਤਾ ਜਾਵੇਗਾ।`` ਇੰਝ ਉਨ੍ਹਾਂ ਅਸਤੀਫਿ਼ਆਂ ਨੂੰ ਕੋਈ ਬਹੁਤਾ ਵਜ਼ਨ ਨਾ ਦੇਣ ਦਾ ਜਤਨ ਕੀਤਾ।
ਨਾਰਾਜ਼ ਆਗੂਆਂ ਨੇ ਆਪਣੇ ਅਸਤੀਫ਼ੇ ਦੀ ਕਾਪੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਸੂਬਾ ਇਕਾਈ ਦੇ ਮੁਖੀ ਭਗਵੰਤ ਮਾਨ ਤੇ ਵਿਧਾਨ ਸਭਾ `ਚ ਆਪ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਵੀ ਭੇਜੀ ਹੈ।