ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ – ਜਲਾਲਾਬਾਦ, ਦਾਖਾ, ਫ਼ਗਵਾੜਾ ਤੇ ਮੁਕੇਰੀਆਂ ਦੀਆਂ ਜ਼ਿਮਨੀ ਚੋਣਾਂ ’ਚ ਆਮ ਆਦਮੀ ਪਾਰਟੀ (ਆਪ) ਦੀ ਮਾੜੀ ਕਾਰਗੁਜ਼ਾਰੀ ਦਾ ਸਿਲਸਿਲਾ ਜਾਰੀ ਰਿਹਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਦੀ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਨੇ ਦਾਖਾ ਸੀਟ ਜਿੱਤੀ ਸੀ ਜਲਾਲਾਬਾਦ ’ਚ ਉਹ ਦੂਜੇ ਨੰਬਰ ’ਤੇ ਰਹੀ ਸੀ।
ਪਰ ਐਤਕੀਂ ਇਨ੍ਹਾਂ ਜ਼ਿਮਨੀ ਚੋਣਾਂ ’ਚ ਤਾਂ ਆਮ ਆਦਮੀ ਪਾਰਟੀ ਨੂੰ ਸਿਰਫ਼ 5 ਫ਼ੀ ਸਦੀ ਵੋਟਾਂ ਹੀ ਮਿਲ ਸਕੀਆਂ ਹਨ। ਚਾਰੇ ਹਲਕਿਆਂ ਵਿੱਚ ਉਸ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।
ਪੰਜ ਕੁ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਵੇਲੇ ਵੀ ਇਨ੍ਹਾਂ ਵਿਧਾਨ ਸਭਾ ਹਲਕਿਆਂ ’ਚ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਅਜਿਹੀ ਮਾੜੀ ਹੀ ਰਹੀ ਸੀ। ਤਦ ਵੀ ਇਹ ਪਾਰਟੀ ਸਿਰਫ਼ ਆਪਣੇ ਸੂਬਾ ਪ੍ਰਧਾਨ ਤੇ ਦੋ ਵਾਰ ਸੰਗਰੂਰ ਤੋਂ ਐੱਮਪੀ ਬਣ ਚੁੱਕੇ ਭਗਵੰਤ ਮਾਨ ਦੀ ਨਿਜੀ ਅਪੀਲ ਉੱਤੇ ਹੀ ਨਿਰਭਰ ਰਹੀ ਸੀ। ਉਂਝ ਵੀ ਉਹ ਕਿਉਂਕਿ ਪਿੰਡਾਂ ਦੇ ਆਮ ਨਾਗਰਿਕਾਂ ਨੂੰ ਮਿਲਦੇ ਰਹਿੰਦੇ ਹਨ ਤੇ ਆਮ ਜਨਤਾ ਵਿੱਚ ਉਨ੍ਹਾਂ ਦਾ ਵੱਡਾ ਆਧਾਰ ਹੈ।
ਪਰ ਇਸ ਵਾਰ ਤਾਂ ਆਮ ਆਦਮੀ ਪਾਰਟੀ ਨੇ ਜਿਵੇਂ ਪਹਿਲਾਂ ਹੀ ਸੋਚ ਲਿਆ ਸੀ ਕਿ ਉਹ ਸਾਲ 2017 ਵਰਗੀਆਂ ਜਿੱਤਾਂ ਦੋਬਾਰਾ ਦਰਜ ਨਹੀਂ ਕਰ ਸਕਦੀ। ਭਗਵੰਤ ਮਾਨ ਹੁਰਾਂ ਨੇ ਭਾਵੇਂ ਰੈਲੀਆਂ ਵੀ ਕੀਤੀਆਂ ਤੇ ਵੱਡੀਆਂ ਭੀੜਾਂ ਵੀ ਉੱਥੇ ਇਕੱਠੀਆਂ ਹੋਈਆਂ ਪਰ ਉਹ ਵੋਟਾਂ ’ਚ ਤਬਦੀਲ ਨਹੀਂ ਹੋ ਸਕੀਆਂ।
ਆਮ ਆਦਮੀ ਪਾਰਟੀ ਦੀ ਇਸ ਹਾਰ ਨਾਲ ਪੰਜਾਬ ਦੇ ਆਗੂਆਂ ਤੇ ਹਮਾਇਤੀਆਂ ਦਾ ਮਨੋਬਲ ਹੋਰ ਡਿੱਗ ਗਿਆ ਹੈ। ਇਸ ਤੋਂ ਸਪੱਸ਼ਟ ਹੈ ਕਿ ਇਹ ਪਾਰਟੀ ਜਿਹੜੀ ਪਹਿਲਾਂ ਆਪਣੇ ਹੀ ਬਣਾਏ ਸੰਕਟਾਂ ਵਿੱਚ ਫਸ ਗਈ ਸੀ, ਹੁਣ ਸੂਬਾਈ ਲੀਡਰਸ਼ਿਪ ਉਸ ਨੂੰ ਉਨ੍ਹਾਂ ਵਿੱਚੋਂ ਕੱਢਣ ਤੋਂ ਅਸਮਰੱਥ ਹੀ ਰਹੀ ਹੈ।
ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਹੁਣ ਗੰਭੀਰਤਾ ਨਾਲ ਆਤਮ–ਮੰਥਨ ਦੀ ਜ਼ਰੂਰਤ ਹੈ।