ਅਗਲੀ ਕਹਾਣੀ

ਆਪ ਵਿਧਾਇਕਾ ਰੂਬੀ ਦਾ ਵਿਆਹ ਵੀਰਵਾਰ ਨੂੰ, ਕੇਜਰੀਵਾਲ ਪੁੱਜਣਗੇ

ਆਪ ਵਿਧਾਇਕਾ ਰੂਬੀ ਦਾ ਵਿਆਹ ਵੀਰਵਾਰ ਨੂੰ, ਕੇਜਰੀਵਾਲ ਪੁੱਜਣਗੇ

ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀਰਵਾਰ ਨੂੰ ਬਠਿੰਡਾ (ਦਿਹਾਤੀ) ਹਲਕੇ ਤੋਂ ਆਪਣੀ ਪਾਰਟੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੇ ਵਿਆਹ ਸਮਾਰੋਹ `ਚ ਸ਼ਾਮਲ ਹੋਣਗੇ। ਵਿਆਹ ਬਠਿੰਡਾ `ਚ ਹੋਣਾ ਤੈਅ ਹੈ। ਰੂਬੀ ਦਾ ਵਿਆਹ ਪੰਜਾਬ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਸਾਹਿਲਪੁਰੀ ਨਾਲ ਹੋਣ ਜਾ ਰਿਹਾ ਹੈ। ਮੁੱਖ ਸਮਾਰੋਹ ਬਠਿੰਡਾ ਦੇ ਇੱਕ ਰਿਜ਼ੌਰਟ `ਚ ਹੋਵੇਗਾ।


ਅਗਲੇ ਇੱਕ-ਦੋ ਹਫ਼ਤਿਆਂ ਅੰਦਰ ਆਮ ਆਦਮੀ ਪਾਰਟੀ ਦੀ 22 ਮੈਂਬਰੀ ਕੋਰ ਕਮੇਟੀ ਦੀ ਮੀਟਿੰਗ ਵੀ ਹੋਣ ਜਾ ਰਹੀ ਹੈ, ਜਿੱਥੇ ਪਾਰਟੀ `ਚ ਧੜੇਬੰਦੀ ਬਾਰੇ ਵਿਚਾਰ-ਚਰਚਾ ਹੋਵੇਗੀ। ਇਸ ਦੇ ਨਾਲ ਹੀ ਸਾਲ 2019 ਦੀਆਂ ਸੰਸਦੀ ਚੋਣਾਂ ਲਈ ਰਣਨੀਤੀ ਵੀ ਉਲੀਕੀ ਜਾਣੀ ਹੈ। ਉਸੇ ਮੀਟਿੰਗ `ਚ ਵੱਖੋ-ਵੱਖਰੀਆਂ ਪਾਰਟੀ ਪੁਜ਼ੀਸ਼ਨਾਂ ਲਈ ਨਵੀਂਆਂ ਨਿਯੁਕਤੀਆਂ ਲਈ ਵੀ ਆਖਿਆ ਜਾਵੇਗਾ।  ਅਜਿਹੇ ਹਾਲਾਤ `ਚ ਸਿਆਸੀ ਹਲਕੇ ਸ੍ਰੀ ਕੇਜਰੀਵਾਲ ਦੀ ਇਸ ਫੇਰੀ ਨੂੰ ਕੁਝ ਅਹਿਮ ਮੰਨ ਰਹੇ ਹਨ।


ਸ੍ਰੀ ਕੇਜਰੀਵਾਲ ਤੇ ਉਨ੍ਹਾਂ ਦੇ ਡਿਪਟੀ (ਮੁੱਖ ਮੰਤਰੀ) ਮਨੀਸ਼ ਸਿਸੋਦੀਆ ਸਵੇਰੇ 11 ਵਜੇ ਸ਼ਤਾਬਦੀ ਐਕਸਪ੍ਰੈੱਸ ਰਾਹੀਂ ਸੰਗਰੂਰ ਪੁੱਜਣਗੇ। ਉਹ ਪਹਿਲਾਂ ਸੰਗਰੂਰ ਦੇ ਸੰਸਦ ਮੈਂਬਰ ਭਗਵੰਤ ਮਾਨ ਤੇ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕਰਨਗੇ ਤੇ ਫਿਰ ਬਠਿੰਡਾ ਲਈ ਰਵਾਨਾ ਹੋਣਗੇ।


ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਉਨ੍ਹਾਂ ਦੇ ਕੁਝ ਸਾਥੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ `ਚ ਬਗ਼ਾਵਤ ਹੋਣ ਤੋਂ ਬਾਅਦ ਸ੍ਰੀ ਕੇਜਰੀਵਾਲ ਦੀ ਕਿਸੇ ਸਮਾਰੋਹ `ਚ ਭਾਗ ਲੈਣ ਲਈ ਇਹ ਦੂਜੀ ਪੰਜਾਬ ਫੇਰੀ ਹੋਵੇਗੀ। ਪਿਛਲੀ ਵਾਰ ਉਹ ਬੀਤੀ 19 ਅਗਸਤ ਨੂੰ ਪਾਰਟੀ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਭੋਗ ਦੀ ਰਸਮ `ਚ ਸ਼ਾਮਲ ਹੋਣ ਲਈ ਬਰਨਾਲਾ ਜਿ਼ਲ੍ਹੇ ਦੇ ਪਿੰਡ ਮਹਿਲ ਕਲਾਂ ਪੁੱਜੇ ਸਨ।


ਸ੍ਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਦੀ ਇਸ ਫੇਰੀ `ਚ ਕੁਝ ਵੀ ਸਿਆਸੀ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਕੇਜਰੀਵਾਲ ਪਹਿਲਾਂ ਹੀ ਉਨ੍ਹਾਂ ਨੂੰ ਆਖ ਚੁੱਕੇ ਹਨ ਕਿ ਲੋਕ ਸਭਾ ਚੋਣਾਂ ਲਈ ਸਾਰੇ 13 ਉਮੀਦਵਾਰਾਂ ਬਾਰੇ ਫ਼ੈਸਲਾ ਪੰਜਾਬ ਦੀ ਇਕਾਈ ਹੀ ਕਰੇਗੀ ਅਤੇ ਉਹ ਕੋਰ ਕਮੇਟੀ ਦੀਆਂ ਸਿਫ਼ਾਰਸ਼ਾਂ ਮੁਤਾਬਕ ਕੀਤੇ ਨਾਂਅ ਹੀ ਪ੍ਰਵਾਨ ਕਰਨਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP MLA Ruby marries and Kejriwal reaching