ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਬਹੁ-ਗਿਣਤੀ ਅਹੁਦੇਦਾਰਾਂ ਨੇ ਨਾਰਾਜ਼ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੁੰ ‘ਪਾਰਟੀ ਵਿਰੋਧੀ` ਗਤੀਵਿਧੀਆਂ ਖਿ਼ਲਾਫ਼ ਅਨੁਸ਼ਾਸਨੀ ਕਾਰਵਾਈ ਦੀ ਮੰਗ ਕੀਤੀ। ਇਹ ਮੰਗ ਪਾਰਟੀ ਅਹੁਦੇਦਾਰਾਂ ਦੀ ਇੱਕ ਮੀਟਿੰਗ ਦੌਰਾਨ ਉੱਠੀ। ਇਸ ਮੀਟਿੰਗ ਵਿੱਚ ਜ਼ੋਨ ਪ੍ਰਧਾਨ, ਜਿ਼ਲ੍ਹਾ ਮੁਖੀ, ਹਲਕਾ ਇੰਚਾਰਜ ਤੇ ਵੱਖੋ-ਵੱਖਰੇ ਵਿੰਗਾਂ ਦੇ ਮੁਖੀ ਸ਼ਾਮਲ ਹੋਏ। ਇਹ ਮੀਟਿੰਗ ਸੂਬਾ ਇਕਾਈ `ਚ ਚੱਲ ਰਹੇ ਸੰਕਟ `ਤੇ ਵਿਚਾਰ-ਵਟਾਂਦਰਾ ਕਰਨ ਲਈ ਚੰਡੀਗੜ੍ਹ `ਚ ਸੱਦੀ ਗਈ ਸੀ।
ਆਮ ਆਦਮੀ ਪਾਰਟੀ ਦੇ ਸਹਿ-ਪ੍ਰਧਾਨ ਬਲਬੀਰ ਸਿੰਘ, ਸੰਗਰੂਰ ਤੋਂ ਐੱਮਪੀ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਸਨ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੀਟਿੰਗ `ਚ ਮੌਜੂਦ ਬਹੁਤੇ ਆਗੂ ਤੇ ਕਾਰਕੁੰਨ ਭੁਲੱਥ ਤੇ ਖਰੜ ਦੇ ਪਾਰਟੀ ਵਿਧਾਇਕਾਂ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਖਿ਼ਲਾਫ਼ ਕਾਰਵਾਈ ਦੇ ਹੱਕ `ਚ ਹਨ ਕਿਉਂਕਿ ਉਹ ਪਾਰਟੀ ਤੋੜਨ ਦੇ ਜਤਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਰਟੀ `ਚ ਪਾਈਆਂ ਜਾਣ ਵਾਲੀਆਂ ਅਜਿਹੀਆਂ ਭਾਵਨਾਵਾਂ ਬਾਰੇ ਕੇਂਦਰੀ ਲੀਡਰਸਿ਼ਪ ਨੂੰ ਜਾਣੂ ਕਰਵਾਇਆ ਜਾਵੇਗਾ।
ਚੇਤੇ ਰਹੇ ਕਿ ਪਿਛਲੇ ਮਹੀਨੇ ਜਦ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਲਾਂਭੇ ਕੀਤਾ ਗਿਆ ਹੈ, ਤਦ ਤੋਂ ਹੀ ਪਾਰਟੀ `ਚ ਸੰਕਟ ਚੱਲ ਰਿਹਾ ਹੈ। ਸੁਖਪਾਲ ਸਿੰਘ ਖਹਿਰਾ ਤੇ ਸੰਧੂ ਸਮੇਤ ਕੁੱਲ 8 ਪਾਰਟੀ ਵਿਧਾਇਕਾਂ ਨੇ ਬਗ਼ਾਵਤ ਦਾ ਝੰਡਾ ਚੁੱਕਿਆ ਹੋਇਆ ਹੈ। ਉਨ੍ਹਾਂ ਨਾਰਾਜ਼ ਆਗੂਆਂ ਨੇ ਬੀਤੀ 2 ਅਗਸਤ ਨੂੰ ਬਠਿੰਡਾ `ਚ ਇੱਕ ਕਨਵੈਨਸ਼ਨ ਵੀ ਕੀਤੀ ਸੀ। ਉਸ ਕਨਵੈਨਸ਼ਨ ਨੂੰ ਆਪ ਦੀ ਲੀਡਰਸਿ਼ਪ ਨੇ ‘ਪਾਰਟੀ ਵਿਰੋਧੀ` ਕਰਾਰ ਦਿੱਤਾ ਸੀ।
ਮੀਟਿੰਗ ਨੂੰ ਭਗਵੰਤ ਮਾਨ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉਹ ਨਾਰਾਜ਼ ਆਗੂਆਂ ਨੂੰ ਮਿਲ ਕੇ ਉਨ੍ਹਾਂ ਨੂੰ ਸਮਝਾਉਣ ਦਾ ਜਤਨ ਕਰਨਗੇ। ਉਨ੍ਹਾਂ ਦੱਸਿਆ ਕਿ ਨਾਰਾਜ਼ ਵਿਧਾਇਕਾਂ ਵਿੱਚੋਂ ਬਹੁਤੇ ਉਨ੍ਹਾਂ ਦੇ ਸੰਪਰਕ `ਚ ਹਨ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਛੇਤੀ ਹੀ ਸਾਰੇ ਮੰਨ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਇਹ ਪਾਰਟੀ ਲਈ ਪ੍ਰੀਖਿਆ ਤੇ ਪਰਖ ਦੀ ਘੜੀ ਹੈ ਤੇ ਉਹ ਅਜਿਹੇ ਮੌਕੇ ਹੋਰਨਾਂ ਪਾਰਟੀਆਂ ਨੂੰ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਪਾਰਟੀ ਦੇ ਐੱਨਆਰਆਈ ਸਮਰਥਕਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਕੁਝ ਲੋਕ ਪਾਰਟੀ ਨੂੰ ਤੋੜਨ ਦਾ ਜਤਨ ਕਰ ਰਹੇ ਹਨ ਤੇ ਉਹ ਉਨ੍ਹਾਂ ਦੀਆਂ ਚਾਲਾਂ `ਚ ਨਾ ਫਸਣ।
ਭਗਵੰਤ ਮਾਨ ਨੇ ਕਿਹਾ ਕਿ ਉਹ ਅਗਲੇ ਕੁਝ ਦਿਨਾਂ ਦੌਰਾਨ ਬਠਿੰਡਾ, ਫ਼ਰੀਦਕੋਟ, ਮਾਨਸਾ, ਮੋਗਾ ਤੇ ਮੁਕਤਸਰ `ਚ ਮੀਟਿੰਗਾਂ ਕਰ ਕੇ ਆਮ ਲੋਕਾਂ ਨੁੰ ਮਿਲਣਗੇ।
ਇੱਕ ਹੋਰ ਫ਼ੈਸਲੇ ਰਾਹੀਂ 13 ਅਗਸਤ ਦੀ ਪਾਰਟੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ, ਜਿਸ ਵਿੱਚ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਤੇ ਪੰਜਾਬ ਦੇ ਮਾਮਲਿਆਂ ਬਾਰੇ ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ ਨੇ ਪੰਜਾਬ ਤੋਂ ਆਉਣ ਵਾਲੇ 4,000 ਤੋਂ ਵੀ ਵੱਧ ਅਹੁਦੇਦਾਰਾਂ ਨੂੰ ਸੰਬੋਧਨ ਕਰਨਾ ਸੀ। ਹੁਣ ਇਹ ਸੂਬਾ ਪੱਧਰੀ ਮੀਟਿੰਗ ਇਸੇ ਮਹੀਨੇ ਦੇ ਆਖ਼ਰੀ ਹਫ਼ਤੇ ਹੋਵੇਗੀ ਪਰ ਹਾਲੇ ਕਿਸੇ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ। ਇਹ ਜਾਣਕਾਰੀ ਡਾ. ਬਲਬੀਰ ਸਿੰਘ ਨੇ ਦਿੱਤੀ।
ਲੁਧਿਆਣਾ ਜਿ਼ਲ੍ਹੇ `ਚ ਈਸੜੂ ਵਿਖੇ ਆਉਂਦੀ 15 ਅਗਸਤ ਨੂੰ ਪਾਰਟੀ ਕਾਨਫ਼ਰੰਸ ਜ਼ਰੂਰ ਹੋਵੇਗੀ, ਜਿੱਥੇ ਸ਼ਹੀਦ ਕਰਨੈਲ ਸਿੰਘ ਈਸੜੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।
ਇਸ ਦੌਰਾਨ ਆਮ ਆਦਮੀ ਪਾਰਟੀ ਨੇ ਮੀਡੀਆ ਪੈਨਲ ਮੈਂਬਰਾਂ ਦੀ ਅਧਿਕਾਰਤ ਸੂਚੀ ਵਿੱਚੋਂ ਬੂਟਾ ਸਿੰਘ ਬੈਰਾਗੀ ਦਾ ਨਾਂਅ ਖ਼ਾਰਜ ਕਰ ਦਿੱਤਾ। ਅਜਿਹਾ ਅਨੁਸ਼ਾਸਨਹੀਣਤਾ ਕਾਰਨ ਕੀਤਾ ਗਿਆ।