ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਪ` ਦੇ ਬਾਗ਼ੀਆਂ ਤੇ ਬੈਂਸ ਭਰਾਵਾਂ ਨੇ ਬਣਾਇਆ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ`

‘ਆਪ` ਦੇ ਬਾਗ਼ੀਆਂ ਤੇ ਬੈਂਸ ਭਰਾਵਾਂ ਨੇ ਬਣਾਇਆ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ`

--  ‘ਆਪ` ਦੇ ਬਾਗ਼ੀ ਕੁਝ ਦਿਨਾਂ `ਚ ਕਰਨਗੇ ਨਵੀਂ ਪਾਰਟੀ ਦਾ ਐਲਾਨ


ਆਮ ਆਦਮੀ ਪਾਰਟੀ ਦੇ ਬਾਗ਼ੀ ਤੇ ਮੁਅੱਤਲਸ਼ੁਦਾ ਆਗੂਆਂ ਸੁਖਪਾਲ ਸਿੰਘ ਖਹਿਰਾ, ਡਾ. ਧਰਮਵੀਰ ਗਾਂਧੀ ਤੇ ਕੰਵਰ ਸੰਧੂ ਨੇ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਨਾਲ ਮਿਲ ਕੇ ਅੱਜ ਇੱਕ ਨਵਾਂ ਮੋਰਚਾ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ` (ਪੰਜਾਬ ਜਮਹੂਰੀ ਗੱਠਜੋੜ) ਕਾਇਮ ਕਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਉਂਦੀਆਂ ਸੰਸਦੀ ਚੋਣਾਂ ਦੌਰਾਨ ਇਹ ਮੋਰਚਾ ਕਾਂਗਰਸ ਤੇ ਅਕਾਲੀ ਦਲ ਦੇ ਬਦਲ ਵਜੋਂ ਕੰਮ ਕਰੇਗਾ।


ਆਮ ਆਦਮੀ ਪਾਰਟੀ (ਆਪ) ਦੇ ਹੋਰਨਾਂ ਬਾਗ਼ੀ ਆਗੂਆਂ - ‘ਆਪ` ਵਿਧਾਇਕਾਂ ਪਿਰਮਲ ਸਿੰਘ (ਭਦੌੜ), ਜਗਦੇਵ ਸਿੰਘ ਕਮਾਲੂ (ਮੌੜ), ਨਾਜ਼ਰ ਸਿੰਘ ਮਾਨਸ਼ਾਹੀਆ (ਮਾਨਸਾ), ਮਾਸਟਰ ਬਲਦੇਵ ਸਿੰਘ (ਜੈਤੋ) ਤੇ ਜਗਤਾਰ ਸਿੰਘ ਜੱਗਾ (ਰਾਏਕੋਟ) ਦੇ ਨਾਲ-ਨਾਲ ਪੰਜਾਬ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਰਸ਼ਪਾਲ ਸਿੰਘ ਰਾਜੂ ਨੇ ਵੀ ਇਸ ਮੋਰਚੇ ਨੁੰ ਆਪਣੀ ਹਮਾਇਤ ਦੇਣ ਦਾ ਐਲਾਨ ਕੀਤਾ।


ਪਟਿਆਲਾ ਲਾਗਲੇ ਪਿੰਡ ਮਹਿਮੂਦਪੂਰ `ਚ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇਹ ਗੱਠਜੋੜ ਪੰਜਾਬ ਨੂੰ ਰਵਾਇਤੀ ਪਾਰਟੀਆਂ ਸਿ਼ਕੰਜੇ ਤੋਂ ਆਜ਼ਾਦ ਕਰਵਾਏਗਾ।


ਚੇਤੇ ਰਹੇ ਕਿ ਸ੍ਰੀ ਖਹਿਰਾ ਪਿਛਲਾ ਸਾਰਾ ਹਫ਼ਤਾ ‘ਇਨਸਾਫ਼ ਮਾਰਚ` `ਚ ਰੁੱਝੇ ਰਹੇ ਹਨ; ਜੋ ਤਲਵੰਡੀ ਸਾਬੋ ਤੋਂ ਸ਼ੁਰੂ ਕੀਤਾ ਗਿਆ ਸੀ। ਇਹ ਮਾਰਚ ਸਾਲ 2015 ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੇ ਮਾਮਲੇ `ਚ ਇਨਸਾਫ਼ ਦੀ ਮੰਗ ਨੂੰ ਲੈ ਕੇ ਕੱਢਿਆ ਗਿਆ ਸੀ।


ਸ੍ਰੀ ਖਹਿਰਾ ਨੇ ਅੱਜ ਨਵਾਂ ਗੱਠਜੋੜ ਕਾਇਮ ਕਰਨ ਮੌਕੇ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ,‘ਆਮ ਆਦਮੀ ਪਾਰਟੀ ਦੀ ਲੀਡਰਸਿ਼ਪ ਨੇ ਸਾਨੂੰ ਗ਼ਲਤ ਸਮਝਿਆ ਤੇ ਸਾਨੂੰ ਮੁਅੱਤਲ ਕਰ ਦਿੱਤਾ। ਅਸੀਂ ਪੰਜਾਬ ਲਈ ਲੜ ਰਹੇ ਹਾਂ। ਅਸੀਂ ਪਾਰਟੀ ਨੂੰ ਤੱਡ ਕੇ ਸੂਬੇ ਨੂੰ ਜਿ਼ਮਨੀ ਚੋਣਾਂ ਵੱਲ ਨਹੀਂ ਧੱਕਣਾ ਚਾਹੁੰਦੇ। ਅਸੀਂ ਇਸ ਵੇਲੇ ਕਿਸੇ ਨਵੀਂ ਪਾਰਟੀ ਦਾ ਵੀ ਐਲਾਨ ਨਹੀਂ ਕਰ ਰਹੇ ਤੇ ਉਹ ਠਹਿਰ ਕੇ ਬਣਾਈ ਜਾਵੇਗੀ। ਅਸੀਂ ਇਸੇ ਗੱਠਜੋੜ ਅਧੀਨ ਲੋਕ ਸਭਾ ਚੋਣਾਂ ਲੜਾਂਗੇ।`


ਸ੍ਰੀ ਖਹਿਰਾ ਨੇ ਕਿਹਾ ਕਿ ਉਹ ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਕਾਇਮ ਰੱਖਣਗੇ ਤੇ ਹਮ-ਖਿ਼ਆਲ ਪਾਰਟੀਆਂ ਤੇ ਵਿਅਕਤੀਆਂ ਨਾਲ ਗੱਠਜੋੜ ਦਾ ਸੁਆਗਤ ਕਰਨਗੇ।


ਬਾਅਦ `ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਖਹਿਰਾ ਨੇ ਕਿਹਾ ਕਿ ਇਹ ਇੱਕ ਸਾਂਝੀ ਰੈਲੀ ਸੀ, ਇਸ ਲਈ ਉਨ੍ਹਾਂ ਕਿਸੇ ਨਵੀਂ ਪਾਰਟੀ ਦਾ ਐਲਾਨ ਨਹੀਂ ਕੀਤਾ। ‘ਅਸੀਂ ਆਮ ਆਦਮੀ ਪਾਰਟੀ ਦੇ ਮੈਂਬਰਾਂ ਨੇ ਇੱਕ ਨਵੀਂ ਪਾਰਟੀ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਦਾ ਐਲਾਨ ਅਗਲੇ ਕੁਝ ਦਿਨਾਂ `ਚ ਕਰ ਦਿੱਤਾ ਜਾਵੇਗਾ।`


ਲੋਕ ਇਨਸਾਫ਼ ਪਾਰਟੀ ਦੇ ਮੁਖੀ ਸ੍ਰੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ,‘ਇਹ ਗੱਠਜੋੜ ਪੰਜਾਬ ਦੀ ਭ੍ਰਿਸ਼ਟ ਰਾਜਨੀਤੀ ਦੀ ਸਫ਼ਾਈ ਕਰੇਗਾ।` ਉਨ੍ਹਾਂ ਅਮਰਿੰਦਰ ਸਿੰਘ ਸਰਕਾਰ `ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਸੂਬਾ ਸਰਕਾਰ ਛੋਟੇ ਤੇ ਦਰਮਿਆਨੇ ਉੱਦਮੀਆਂ ਅਤੇ ਵਰਕਰਾਂ ਦੀ ਸਿ਼ਕਾਇਤਾਂ ਦੂਰ ਕਰਨ ਤੋਂ ਪੂਰੀ ਤਰ੍ਹਾਂ ਨਾਕਾਮ ਰਹੀ ਹੈ।


ਪਟਿਆਲਾ ਦੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਰਵਾਇਤੀ ਪਾਰਟੀਆਂ `ਤੇ ਵਰ੍ਹਦਿਆਂ ਕਿਹਾ ਕਿ ਉਹ ਪੰਜਾਬ ਦੇ ਹਿਤਾਂ ਦੀ ਰਾਖੀ ਤੱਕ ਨਹੀਂ ਕਰ ਸਕੀਆਂ। ‘ਸਿਰਫ਼ ਪੰਜਾਬੀ ਹੀ ਪੰਜਾਬ ਦੇ ਹਿਤਾਂ ਦੀ ਰਾਖੀ ਕਰ ਸਕਦੇ ਹਨ, ਭਾਵੇਂ ਉਹ ਪਾਣੀਆਂ ਦਾ ਮੁੱਦਾ ਹੋਵੇ ਤੇ ਚਾਹੇ ਪੰਜਾਬੀ-ਭਾਸ਼ੀ ਇਲਾਕੇ ਪੰਜਾਬ ਨੂੰ ਦੇਣ ਦਾ ਮਾਮਲਾ ਹੋਵੇ।` ਉਨ੍ਹਾਂ ਹਿਕਾ ਕਿ ਇਹ ਗੱਠਜੋੜ ਇੱਕ ਸੱਚਾ ਸੰਘੀ ਦੇਸ਼ ਬਣਾਉਣ ਲਈ ਹੋਰਨਾਂ ਖੇਤਰੀ ਪਾਰਟੀਆਂ ਤੱਕ ਵੀ ਪਹੁੰਚ ਕਰੇਗਾ।


ਉਨ੍ਹਾਂ ਕਿਹਾ ਕਿ ਪੰਜਾਬ ਤੇ ਹੋਰ ਸੂਬੇ ਹੁਣ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਮਹਿਜ਼ ਨਗਰ ਪਾਲਿਕਾਵਾਂ ਬਣ ਕੇ ਰਹਿ ਗਏ ਹਨ ਕਿਉਂਕਿ ਜੀਐੱਸਟੀ ਨੇ ਵਿੱਤੀ ਖ਼ੁਦਮੁਖ਼ਤਿਆਰੀ ਖੋਹ ਲਈ ਹੈ।


ਸ੍ਰੀ ਖਹਿਰਾ ਨੇ ਪੰਜਾਬ ਸਰਕਾਰ ਨੂੰ ਮਾਘੀ ਮੇਲੇ ਤੱਕ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇ ਬੇਅਦਬੀ ਤੇ ਬਹਿਬਲ ਕਲਾਂ ਗੋਲੀਬਾਰੀ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ, ਤਾਂ ਉਹ ਸੂਬਾ ਸਰਕਾਰ ਵਿਰੁੱਧ ਇੱਕ ਵਾਰ ਫਿਰ ਰੋਸ ਮੁਜ਼ਾਹਰਾ ਸ਼ੁਰੂ ਕਰ ਦੇਣਗੇ।


ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਦੇ ਸਿ਼ਕੰਜੇ `ਚੋਂ ਛੁਡਾਉਣ ਦਾ ਸੰਕਲਪ ਵੀ ਲਿਆ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ‘ਫ਼ਖ਼ਰ-ਏ-ਕੌਮ` ਦਾ ਖਿ਼ਤਾਬ ਵੀ ਵਾਪਸ ਲੈਣ ਦੀ ਮੰਗ ਕੀਤੀ।


ਆਮ ਆਦਮੀ ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਦੋਸ਼ ਲਾਇਆ ਕਿ ਮਾਈਨਿੰਗ (ਰੇਤੇ ਦੀ ਪੁਟਾਈ), ਸ਼ਰਾਬ ਦੇ ਕਾਰੋਬਾਰ, ਟ੍ਰਾਂਸਪੋਰਟ, ਕੇਬਲ ਨੈੱਟਵਰਕ ਤੇ ਹੋਰਨਾਂ ਖੇਤਰਾਂ ਵਿੰਚ ਮਾਫ਼ੀਆ ਲਗਾਤਾਰ ਰਾਜ ਕਰ ਰਿਹਾ ਹੈ।


ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਾਜੂ ਨੇ ਕਿਹਾ ਕਿ ਆਟਾ-ਦਾਲ ਤੇ ਐਂਵੇਂ ਥੋੜ੍ਹੀਆਂ ਜਿਹੀਆਂ ਪੈਨਸ਼ਨਾਂ ਦੇ ਨਾਂਅ `ਤੇ ਕਮਜ਼ੋਰ ਵਰਗਾਂ ਤੇ ਦਲਿਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਮਿਆਰੀ ਸਿੱਖਿਆ, ਸਿਹਤ ਸੰਭਾਲ ਸਹੂਲਤਾਂ, ਸਸਤੇ ਮਕਾਨ ਤੇ ਰੋਜ਼ਗਾਰ ਦੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ।   

‘ਆਪ` ਦੇ ਬਾਗ਼ੀਆਂ ਤੇ ਬੈਂਸ ਭਰਾਵਾਂ ਨੇ ਬਣਾਇਆ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ`
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP rebels and Bains brothers form Pb Democratic Alliance