ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਪੰਜਾਬ ’ਚ ਭਗੌੜੇ ਅਪਰਾਧੀਆਂ ਦੇ ਵੱਡੀ ਗਿਣਤੀ ਵਿੱਚ ਸ਼ਰੇਆਮ ਘੁੰਮਣ ਦੇ ਸੁਆਲ ਉੱਤੇ ਵਾਕਆਊਟ ਕੀਤਾ। ਪਾਰਟੀ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਇਨ੍ਹਾਂ ਮੁਲਜ਼ਮਾਂ ਨੂੰ ਫੜਨ ਤੋਂ ਨਾਕਾਮ ਰਹੀ ਹੈ।
ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਜਵਾਬ ਦਿੱਤਾ ਪਰ ਉਨ੍ਹਾਂ ਇੱਕ ਪੂਰਕ ਪ੍ਰਸ਼ਨ ਦਾ ਉੱਤਰ ਦੇਣ ਤੋਂ ਇਨਕਾਰ ਕਰ ਦਿੱਤਾ। ਪ੍ਰਸ਼ਨ–ਕਾਲ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਪੰਜਾਬ ਵਿੱਚ ਭਗੌੜੇ ਅਪਰਾਧੀਆਂ ਦੀ ਗਿਣਤੀ ਤੇ ਉਨ੍ਹਾਂ ਨੂੰ ਫੜਨ ਲਈ ਚੁੱਕੇ ਕਦਮਾਂ ਬਾਰੇ ਜਵਾਬ ਮੰਗਿਆ ਸੀ।
ਸ੍ਰੀ ਮਹਿੰਦਰਾ ਨੇ ਕਿਹਾ ਕਿ 31 ਦਸੰਬਰ, 2018 ਤੱਕ ਪੰਜਾਬ ਵਿੱਚ 7,357 ਵਿਅਕਤੀ ‘ਭਗੌੜੇ ਅਪਰਾਧੀ’ ਐਲਾਨੇ ਜਾ ਚੁੱਕੇ ਸਨ। ਉਸ ਤੋਂ ਬਾਅਦ ਸ੍ਰੀ ਮਾਨਸ਼ਾਹੀਆ ਤੇ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਬੁੱਧ ਰਾਮ ਨੇ ਪੁੱਛਿਆ ਕਿ ਸਰਕਾਰ ਨੇ ਇਨ੍ਹਾਂ ਭਗੌੜੇ ਅਪਰਾਧੀਆਂ ਦੀਆਂ ਜਾਇਦਾਦਾਂ ਜ਼ਬਤ ਕਰਨ ਤੇ ਉਨ੍ਹਾਂ ਦੀਆਂ ਤਸਵੀਰਾਂ ਜਨਤਕ ਥਾਵਾਂ ਉੱਤੇ ਪ੍ਰਦਰਸ਼ਿਤ ਕਰਨ ਲਈ ਕਿਹੜੇ ਕਦਮ ਚੁੱਕੇ ਹਨ। ਫਿਰ ਜਦੋਂ ਸ੍ਰੀ ਬ੍ਰਹਮ ਮਹਿੰਦਰਾ ਤੋਂ ਲੋੜੀਂਦਾ ਜਵਾਬ ਨਾ ਮਿਲਿਆ, ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ‘ਸਰਕਾਰ–ਵਿਰੋਧੀ ਨਾਅਰੇ’ ਲਾਉਂਦੇ ਹੋਏ ਸਦਨ ’ਚੋਂ ਵਾਕਆਊਟ ਕਰ ਗਏ।
ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਸਰਕਾਰ ਦੀ ਢਿੱਲ–ਮੱਠ ਦੀ ਨੀਤੀ ਕਾਰਨ ਹੀ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਜਿਹੇ ਲੋਕ ਸ਼ਰੇਆਮ ਘੁੰਮ ਰਹੇ ਹਨ।‘