-- ਆਪ ਦੀ ਮੀਟਿੰਗ ਜਲੰਧਰ `ਚ 13 ਨੂੰ, ਮਨੀਸ਼ ਸਿਸੋਦੀਆ ਤੇ ਭਗਵੰਤ ਮਾਨ ਸੰਬੋਧਨ ਕਰਨਗੇ
-- 15 ਤੇ 26 ਨੂੰ ਪਾਰਟੀ ਕਾਨਫ਼ਰੰਸਾਂ ਈਸੜੂ ਤੇ ਬਾਬਾ ਬਕਾਲਾ `ਚ
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਅੱਜ ਚੰਡੀਗੜ੍ਹ `ਚ ਮੀਟਿੰਗ ਹੋਈ। ਇਸ ਮੀਟਿੰਗ ਦੇ ਵੇਰਵੇ ਦਿੰਦਿਆਂ ਪੰਜਾਬ ਦੇ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪਾਰਟੀ ਦੀ ਮੌਜੂਦਾ ਸਥਿਤੀ ਤੇ ਭਵਿੱਖ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਦਰਅਸਲ, ਪਾਰਟੀ `ਚ ਉੱਠੀਆਂ ਬਗ਼ਾਵਤੀ ਸੁਰਾਂ ਤੋਂ ਹਾਈ ਕਮਾਂਡ ਡਾਢੀ ਚਿੰਤਤ ਹੈ। ਇਸੇ ਲਈ ਹੁਣ ਸੂਬਾਈ ਆਗੂਆਂ ਨੂੰ ਬਹੁਤ ਬੋਚ-ਬੋਚ ਕੇ ਪੱਬ ਧਰਨ ਲਈ ਆਖਿਆ ਗਿਆ ਹੈ। ਸੁਖਪਾਲ ਸਿੰਘ ਖਹਿਰਾ ਨੂੰ ਛੱਡ ਕੇ ਬਾਕੀ ਬਾਗ਼ੀਆਂ ਤੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ।
ਡਾ. ਬਲਬੀਰ ਸਿੰਘ ਨੇ ਇਸ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਪਾਰਟੀ ਦੇ ਬਾਗ਼ੀ ਧੜੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਉਂਦੀ 13 ਅਗਸਤ ਨੂੰ ਜਲੰਧਰ `ਚ ਪੰਜਾਬ ਇਕਾਈ ਦੇ ਇੰਚਾਰਜ ਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪਾਰਟੀ ਪ੍ਰਧਾਨ ਭਗਵੰਤ ਸਿੰਘ ਮਾਨ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਕਰਨਗੇ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਆਉਂਦੀ 15 ਅਤੇ 26 ਅਗਸਤ ਨੂੰ ਈਸੜੂ ਤੇ ਬਾਬਾ ਬਕਾਲਾ `ਚ ਕਾਨਫ਼ਰੰਸਾਂ ਕੀਤੀਆਂ ਜਾਣਗੀਆਂ।
ਇਸ ਤੋਂ ਪਹਿਲਾਂ ਮੀਟਿੰਗ `ਚ ਭਗਵੰਤ ਮਾਨ ਤੇ ਅਮਨ ਅਰੋੜਾ ਦੇ ਅਸਤੀਫ਼ੇ ਨਾਮਨਜ਼ੂਰ ਕੀਤੇ ਗਏ। ਹਰਪਾਲ ਸਿੰਘ ਚੀਮਾ ਦੀ ਵਿਰੋਧੀ ਧਿਰ ਦੇ ਆਗੂ ਵਜੋਂ ਨਿਯੁਕਤੀ ਦੀ ਸ਼ਲਾਘਾ ਕੀਤੀ ਗਈ ਤੇ ਚੀਮਾ ਹੁਰਾਂ ਦੇ ਰੁਪ ਵਿੱਚ ਦਲਿਤ ਭਾਈਚਾਰੇ ਨੂੰ ਮਾਣ-ਤਾਣ ਦੇਣ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ।
ਆਮ ਆਦਮੀ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਸਰਬਜੀਤ ਕੌਰ ਮਾਣੂਕੇ, ਰੁਪਿੰਦਰ ਕੌਰ ਰੂਬੀ ਤੇ ਪ੍ਰੋਂ ਬਲਜਿੰਦਰ ਕੌਰ ਦਾ ਸੋਸ਼ਲ ਮੀਡੀਆ `ਤੇ ਅਪਮਾਨ ਕੀਤੇ ਜਾਣ ਦਾ ਪਾਰਟੀ ਮੈਂਬਰਾਂ ਨੇ ਸਖ਼ਤ ਨੋਟਿਸ ਲੈਂਦਿਆਂ ਨਿਖੇਧੀ ਕੀਤੀ।