ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਇੱਥੇ ਪੁੱਡਾ ਭਵਨ ਮੈਦਾਨ, ਫ਼ੇਜ਼-8 ਵਿਖੇ ਕਰਵਾਇਆ ਜਾ ਰਿਹਾ ਤਿੰਨ ਦਿਨਾ ਆਰੋਗਿਆ ਮੇਲਾ ਅੱਜ ਸਮਾਪਤ ਹੋ ਗਿਆ।
ਸਮਾਪਤੀ ਸਮਾਰੋਹ ਦੀ ਸ਼ੁਰੂਆਤ ਕੌਮੀ ਗੀਤ ਨਾਲ ਹੋਈ। ਡਾਇਰੈਕਟਰ ਆਯੂਰਵੈਦਾ ਪੰਜਾਬ ਡਾ. ਰਾਕੇਸ਼ ਸ਼ਰਮਾ ਅਤੇ ਰਜਿਸਟਰਾਰ ਡਾ. ਸੰਜੀਵ ਗੋਇਲ ਨੇ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਮੁੱਖ ਮਹਿਮਾਨ ਡਾ. ਕੌਸ਼ਿਕ ਨੇ ਮੇਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿਹਤਮੰਦ ਰਹਿਣ ਲਈ ਕੁਦਰਤ ਅਨੁਸਾਰ ਖਾਣ-ਪੀਣ ਅਤੇ ਵਿਹਾਰ ਕਰਨਾ ਲਾਭਕਾਰੀ ਹੈ। ਡਾਇਰੈਕਟਰ ਆਯੁਰਵੈਦਾ ਡਾ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਵਿੱਚ 2 ਹੋਰ ਨਵੇਂ 50 ਬਿਸਤਰਿਆਂ ਦੇ ਆਯੂਸ਼ ਹਸਪਤਾਲ ਖੋਲ੍ਹੇ ਜਾਣਗੇ।
ਐਮ.ਡੀ. (ਮਨੋਵਿਗਿਆਨ) ਡਾ. ਵਿਕਰਮ ਗੋਇਲ ਨੇ ਮਾਨਸਿਕ ਰੋਗਾਂ ਨਾਲ ਨਜਿੱਠਣ ਵਿੱਚ ਯੋਗ ਦੇ ਮਹੱਤਵ ਨੂੰ ਦਰਸਾਇਆ। ਸਿਹਤ ਮੇਲੇ ਵਿੱਚ ਆਮ ਲੋਕਾਂ ਨੂੰ ਜੜੀਆਂ ਬੂਟੀਆਂ ਵਾਲੇ ਪੌਦੇ ਮੁਫ਼ਤ ਦਿੱਤੇ ਗਏ।
ਮੇਲੇ ਵਿੱਚ ਆਯੁਰਵੈਦਿਕ ਡਾਕਟਰਾਂ ਨੇ 1578, ਯੂਨਾਨੀ ਮਾਹਿਰਾਂ ਨੇ 310 ਅਤੇ ਹੋਮਿਓਪੈਥੀ ਦੇ ਡਾਕਟਰਾਂ ਨੇ 527 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਦਵਾਈਆਂ ਮੁਫ਼ਤ ਦਿੱਤੀਆਂ। ਇਸ ਦੇ ਨਾਲ ਹੀ ਲੋਕਾਂ ਨੂੰ ਯੋਗਾ ਨੂੰ ਆਪਣੀ ਜੀਵਨ-ਸ਼ੈਲੀ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਯੋਗਾ ਕਰਨ ਦੇ ਤਰੀਕੇ ਵੀ ਸਿਖਾਏ ਗਏ। ਆਯੁਰਵੈਦਿਕ/ਹੋਮਿਓਪੈਥਿਕ ਅਤੇ ਯੂਨਾਨੀ ਦੇ ਮਾਹਿਰ ਡਾਕਟਰਾਂ ਵੱਲੋ ਵੱਖ ਵੱਖ ਵਿਸ਼ਿਆਂ ’ਤੇ ਲੈਕਚਰ ਦਿੱਤੇ ਗਏ।
ਮੇਲੇ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਗੁਰੂ ਰਵੀਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਵਾਈਸ ਚਾਂਸਲਰ ਡਾ. ਬੀ.ਕੇ. ਸ਼ਰਮਾ ਕੌਸ਼ਿਕ ਸਨ, ਜਦੋਂ ਕਿ ਵਿਸ਼ੇਸ਼ ਮਹਿਮਾਨਾਂ ਵਜੋਂ ਰਜਿਸਟਰਾਰ ਡਾ. ਤੇਜਿੰਦਰ ਸਿੰਘ, ਸੰਯੁਕਤ ਡਾਇਰੈਕਟਰ ਡਾ. ਬਖਸ਼ੀਸ਼ ਸਿੰਘ, ਸੰਯੁਕਤ ਡਾਇਰੈਕਟਰ ਡਾ. ਨੇਕੀ ਵਰਮਾ, ਪਿ੍ਰੰਸੀਪਲ ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਪ੍ਰੋਫੈਸਰ ਡਾ. ਹਰਵਿੰਦਰ ਗਰੋਵਰ, ਡੀ.ਐਚ.ਓ. ਡਾ. ਨੀਰਜਾ ਸ਼ਰਮਾ, ਡਾ. ਕੇ.ਕੇ. ਚੋਪੜਾ ਅਤੇ ਡਾ. ਵਿਕਰਮ ਗੋਇਲ ਮੌਜੂਦ ਸਨ।